2021 ਤੱਕ ਦੁਨੀਆ ਦੇ 15 ਕਰੋੜ ਲੋਕ ਹੋ ਸਕਦੇ ਨੇ ਬਹੁਤ ਜ਼ਿਆਦਾ ਗਰੀਬ-ਵਿਸ਼ਵ ਬੈਂਕ

ਵਾਸ਼ਿੰਗਟਨ, 8 ਅਕਤੂਬਰ (ਏਜੰਸੀਆਂ)-ਦੁਨੀਆ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ | ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਿਕ ਦੁਨੀਆ ਭਰ ‘ਚ ਹੁਣ ਤੱਕ ਕੋਰੋਨਾ ਦੇ 3.58 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 10 ਲੱਖ 49 ਹਜ਼ਾਰ 483 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ | ਕੋਰੋਨਾ ਦੀ ਅਜੇ ਤੱਕ ਕੋਈ ਵੀ ਵੈਕਸੀਨ ਨਹੀਂ ਆ ਸਕੀ ਹੈ | ਦੁਨੀਆ ਦੀ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ਉੱਪਰ ਸੰਕਟ ਦੇ ਬੱਦਲ ਛਾਏ ਹੋਏ ਹਨ | ਦੁਨੀਆ ਕਿਸੇ ਤਰ੍ਹਾਂ ਵੀ ਕੋਰੋਨਾ ਨਾਲ ਜੰਗ ਲੜ ਰਹੀ ਹੈ | ਇਸ ਦੌਰਾਨ ਵਿਸ਼ਵ ਬੈਂਕ ਨੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਆਪਣੀ ਚਿੰਤਾ ਜਾਹਿਰ ਕੀਤੀ ਹੈ | ਵਿਸ਼ਵ ਬੈਂਕ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਸਾਲ 2021 ਤੱਕ ਲਗਪਗ 15 ਕਰੋੜ ਲੋਕ ਬਹੁਤ ਜ਼ਿਆਦਾ ਗਰੀਬ ਹੋ ਸਕਦੇ ਹਨ | ਬੈਂਕ ਨੇ ਕਿਹਾ ਕਿ ਜੇਕਰ ਨਵੀਂ ਅਰਥਵਿਵਸਥਾ ਦਾ ਨਿਰਮਾਣ ਕਰਨਾ ਹੈ ਤਾਂ ਸਰਕਾਰਾਂ ਨੂੰ ਨਵੇਂ ਖੇਤਰਾਂ ‘ਚ ਪੂੰਜੀ, ਕਿਰਤ ਅਤੇ ਹੁਨਰ ਦੀ ਆਗਿਆ ਦੇਣੀ ਹੋਵੇਗੀ | ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨਾਲ ਜੁੜੇ ਅੰਕੜੇ ਉਪਲਬੱਧ ਨਾ ਹੋਣ ਕਾਰਨ ਵਿਸ਼ਵ ਪੱਧਰ ‘ਤੇ ਗਰੀਬੀ ਦੇ ਅਨੁਮਾਨ ਨੂੰ ਲੈ ਕੇ ਅਨਿਸਚਿਤਤਾ ਹੈ |

ਕੋਰੋਨਾ ਕਾਰਨ ਖ਼ਰਾਬ ਹੋਈ ਅਰਥਵਿਵਸਥਾ ਨੂੰ ਆਧਾਰ ਮੰਨਦੇ ਹੋਏ ਵਿਸ਼ਵ ਬੈਂਕ ਨੇ ਕਿਹਾ ਕਿ ਸਾਲ 2021 ਤੱਕ 8.8 ਕਰੋੜ ਤੋਂ ਲੈ ਕੇ 11.5 ਕਰੋੜ ਤੋਂ ਜ਼ਿਆਦਾ ਲੋਕ ਗਰੀਬ ਹੋ ਸਕਦੇ ਹਨ | ਇਸ ਤਰ੍ਹਾਂ ਸਾਲ 2021 ਤੱਕ ਬਹੁਤ ਜ਼ਿਆਦਾ ਗਰੀਬ ਲੋਕਾਂ ਦੀ ਗਿਣਤੀ ਲਗਪਗ 15 ਕਰੋੜ ਹੋ ਸਕਦੀ ਹੈ | ਵਿਸ਼ਵ ਬੈਂਕ ਨੇ ਕਿਹਾ ਕਿ ਜੇਕਰ ਮਹਾਂਮਾਰੀ ਨੇ ਦੁਨੀਆ ਨੂੰ ਆਪਣੀ ਲਪੇਟ ‘ਚ ਨਾ ਲਿਆ ਹੁੰਦਾ ਸਾਲ 2020 ‘ਚ ਗਰੀਬੀ ਦੀ ਦਰ ਘਟ ਕੇ 7.9 ਫ਼ੀਸਦੀ ਰਹਿਣ ਦੀ ਆਸ ਸੀ | ਵਿਸ਼ਵ ਬੈਂਕ ਦੇ ਚੇਅਰਮੈਨ ਡੇਵਿਡ ਮਲਪਾਸ ਨੇ ਕਿਹਾ ਕਿ ਮਹਾਂਮਾਰੀ ਅਤੇ ਵਿਸ਼ਵ ਮੰਦੀ ਨੇ ਦੁਨੀਆ ਦੀ 1.4 ਫ਼ੀਸਦੀ ਆਬਾਦੀ ਨੂੰ ਜ਼ਿਆਦਾ ਗਰੀਬੀ ਵਾਲੇ ਪਾਸੇ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਗਰੀਬੀ ਨੂੰ ਘੱਟ ਕਰਨਾ ਹੈ ਤਾਂ ਅਤੇ ਵਿਕਾਸ ਨੂੰ ਮੁੜ ਤੋਂ ਰਫ਼ਤਾਰ ਦੇਣੀ ਹੈ ਤਾਂ ਸਰਕਾਰਾਂ ਨੂੰ ਨਵੇਂ ਕਾਰੋਬਾਰਾਂ ‘ਚ ਜਾਣ ਲਈ ਪੂੰਜੀ, ਕਿਰਤ ਅਤੇ ਹੁਨਰ ਦੀ ਆਗਿਆ ਦੇਣੀ ਹੋਵੇਗੀ |