Rajinder Kaur Bhattal Statement – ਭੱਠਲ ਦੱਸਣ ਕਿਹੜੇ ਅਫ਼ਸਰ ਦਿੰਦੇ ਸਨ ਬੰਬ ਧਮਾਕਿਆਂ ਦੀਆਂ ਸਲਾਹਾਂ: ਧਾਲੀਵਾਲ
ਬੀਬੀ ਭੱਠਲ ਨੇ ਕੀਤਾ ਏਜੰਸੀਆਂ ਦੀ ਸਾਜਿਸ਼ ਦਾ ਖੁਲਾਸਾ
ਭੱਠਲ ਵਰਗਾ ਬਿਆਨ ਕੈਪਟਨ ਨੇ ਵੀ ਦਿੱਤਾ ਸੀ : ਧਾਲੀਵਾਲ
ਭੱਠਲ ਦੱਸਣ ਕਿਹੜੇ ਅਫ਼ਸਰ ਦਿੰਦੇ ਸਨ ਬੰਬ ਧਮਾਕਿਆਂ ਦੀਆਂ ਸਲਾਹਾਂ: ਧਾਲੀਵਾਲ
ਮੁੱਖ ਮੰਤਰੀ ਨੂੰ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ
ਡੇਢ ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਸੀ ਕਿ ਜਦੋਂ ਉਹ ਕਾਂਗਰਸ ਐਮ.ਪੀ. ਸਨ ਤਾਂ ਉਨ੍ਹਾਂ ਨੇ 25 ਨੌਜਵਾਨਾਂ ਦਾ ਆਤਮ ਸਮਰਪਣ ਕਰਾਇਆ ਪਰ ਉਹ ਸਾਰੇ ਮਾਰ ਦਿੱਤੇ ਗਏ- ਕੁਲਦੀਪ ਸਿੰਘ ਧਾਲੀਵਾਲ

ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੀ ਸੱਤਾ ਲਈ ਪੰਜਾਬ ਨੂੰ ਤਬਾਹ ਕਰਨ ਵਾਸਤੇ ਵੱਡੀਆਂ ਸਾਜ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਖ਼ੁਦ ਉਸ ਕਾਲੇ ਦੌਰ ਦੇ ਪੀੜਤ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ 3 ਜੀਅ ਤੇ ਪਿੰਡ ਜਗਦੇਵ ਕਲਾਂ ਦੇ 25 ਬੰਦੇ ਅਤਿਵਾਦ ਦੀ ਭੇਟ ਚੜ੍ਹੇ।
ਵਿਧਾਇਕ ਨੇ ਕਿਹਾ ਕਿ 1980 ਵਿੱਚ ਜਦੋਂ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਬੀਬੀ ਭੱਠਲ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਸਨ ਤਾਂ ਉਸ ਸਮੇਂ ਢਿੱਲਵਾਂ ਨੇੜੇ ਪਹਿਲਾ ਵੱਡਾ ਕਾਂਡ ਹੋਇਆ, ਜਦੋਂ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾਹ ਕੇ ਕਤਲ ਕੀਤਾ ਗਿਆ। ਉਸ ਕਾਂਡ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਸੀ.ਆਰ.ਪੀ.ਐੱਫ ਅਤੇ ਨੀਮ ਫੌਜੀ ਬਲਾਂ ਦੀ ਐਂਟਰੀ ਹੋਈ ਅਤੇ ਪੰਜਾਬ ਦੇ ਸਿਰ ‘ਤੇ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਡੇਢ ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਸੀ ਕਿ ਜਦੋਂ ਉਹ ਕਾਂਗਰਸ ਐਮ.ਪੀ. ਸਨ ਤਾਂ ਉਨ੍ਹਾਂ ਨੇ 25 ਨੌਜਵਾਨਾਂ ਦਾ ਆਤਮ ਸਮਰਪਣ ਕਰਾਇਆ ਪਰ ਉਹ ਸਾਰੇ ਮਾਰ ਦਿੱਤੇ ਗਏ। ਧਾਲੀਵਾਲ ਨੇ ਸਵਾਲ ਕੀਤਾ ਕਿ ਉਨ੍ਹਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਅਤੇ ਉਨ੍ਹਾਂ ਦੇ ਨਾਂ ਕੀ ਸਨ।
ਆਪ ਆਗੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ 100 ਸੀਟਾਂ ਜਿੱਤਣ ਦੀ ਚਰਚਾ ਸੀ ਤਾਂ ਉਸ ਸਮੇਂ ਮੌੜ ਬੰਬ ਧਮਾਕਾ ਹੋਇਆ ਅਤੇ ਕਾਂਗਰਸ ਦੀ ਸਰਕਾਰ ਬਣ ਗਈ। ਉਨ੍ਹਾਂ ਕਿਹਾ ਕਿ ਅੱਜ ਰਾਜਿੰਦਰ ਕੌਰ ਭੱਠਲ ਦੇ ਬਿਆਨ ਤੋਂ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਨਾਲ ਸੱਚਮੁੱਚ ਪਿਆਰ ਹੈ ਤਾਂ ਉਨ੍ਹਾਂ ਨੂੰ ਅਜਿਹੇ ਅਫ਼ਸਰਾਂ ਅਤੇ ਨੇਤਾਵਾਂ ਦੇ ਨਾਂ ਦੱਸਣੇ ਚਾਹੀਦੇ ਹਨ, ਜੋ ਬੰਬ ਧਮਾਕੇ ਕਰਨ ਦੀਆਂ ਸਲਾਹਾਂ ਦਿੰਦੇ ਸਨ। ਜੇਕਰ ਉਹ ਨਾਂ ਨਹੀਂ ਦੱਸਦੇ ਤਾਂ ਉਹ ਆਪਣੇ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਦੀ ਬੇਕਦਰੀ ਕਰ ਰਹੇ ਹਨ। ਵਿਧਾਇਕ ਧਾਲੀਵਾਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਬਿਆਨ ਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ਾਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ।