Canada – ਕੈਨੇਡਾ ’ਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਲਾਇਸੈਂਸ ਦੇਣ ਵਾਲਿਆਂ ’ਚ ਚਾਰ ਪੰਜਾਬੀ ਸ਼ਾਮਲ
ਸੌਦੇਬਾਜ਼ੀ ਕਰਕੇ ਪਾਸ ਕਰਵਾਇਆ ਜਾਂਦਾ ਸੀ ਟੈਸਟ
ਉਂਟਾਰੀਓ ਦੀ ਸੂਬਾਈ ਪੁਲੀਸ ਨੇ ਬਰੈਂਪਟਨ ਅਤੇ ਗਰੇਟਰ ਟੋਰਾਂਟੋ ਖੇਤਰ ਦੇ ਸ਼ਹਿਰਾਂ ਵਿੱਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ਾਂ ਹੇਠ 4 ਪੰਜਾਬੀਆਂ ਸਮੇਤ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੰਮੇ ਸਮੇਂ ਤੋਂ ਸੌਦੇਬਾਜ਼ੀ ਕਰਕੇ ਟੈਸਟ ਪਾਸ ਕਰਵਾ ਰਹੇ ਸਨ।
ਬਰੈਂਪਟਨ ਦੇ ਰਹਿਣ ਵਾਲੇ ਜਸਪਾਲ ਬੈਨੀਪਾਲ (58), ਹਰਮਨਦੀਪ ਸੂਦਨ (40), ਨਵਦੀਪ ਗਰੇਵਾਲ (36) ਤੇ ਕੈਲੇਡਨ ਦੇ ਰਹਿਣ ਵਾਲੇ ਮਨਦੀਪ ਮਾਨਾਸ਼ਾਹੀਆ (34) ਉਨ੍ਹਾਂ 8 ਮੁਲਜ਼ਮਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ’ਤੇ ਦੋਸ਼ ਲੱਗੇ ਹਨ ਕਿ ਉਹ ਅਯੋਗ ਵਿਅਕਤੀਆਂ ਨੂੰ ਟਰੱਕ ਜਾਂ ਹੋਰ ਵਾਹਨ ਚਲਾਉਣ ਲਈ ਰਿਸ਼ਵਤ ਲੈ ਕੇ ਲਾਇਸੈਂਸ ਹਾਸਲ ਕਰਾਉਣ ਵਿੱਚ ਮਦਦ ਕਰਦੇ ਰਹੇ ਹਨ। ਇਹ ਲੋਕ ਲਾਇਸੈਂਸ ਇਛੁੱਕਾਂ ਨਾਲ ਸੌਦੇਬਾਜ਼ੀ ਕਰਕੇ ਉਨ੍ਹਾਂ ਦਾ ਰੋਡ ਟੈਸਟ ਲੈਣ ਮੌਕੇ ਉਨ੍ਹਾਂ ਦੀਆਂ ਗਲਤੀਆਂ ਨੂੰ ਅਣਗੌਲਿਆਂ ਕਰਕੇ ਪਾਸ ਕਰ ਦਿੰਦੇ ਸਨ।
ਰਿਸ਼ਵਤ ਲੈ ਕੇ ਰੋਡ ਟੈਸਟ ਪਾਸ ਕਰਾਉਣ ਦੇ ਮਾਮਲੇ ਉਦੋਂ ਤੋਂ ਉਂਟਾਰੀਓ ਸੂਬਾਈ ਪੁਲੀਸ ਨੇ ਨਿਸ਼ਾਨੇ ’ਤੇ ਲਏ ਹੋਏ ਸਨ, ਜਦ ਸੂਬਾਈ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਬੇਸ਼ੱਕ ਕੈਨੇਡਾ ਦੇ ਸੂਬਿਆਂ ਵਿੱਚ ਡਰਾਈਵਿੰਗ ਲਾਇਸੈਂਸ ਲੈਣ ਦੇ ਕੁਝ ਨਿਯਮ ਵੱਖ ਵੱਖ ਹਨ, ਪਰ ਲਾਇਸੈਂਸ ਲੈਣ ਲਈ ਹਰੇਕ ਸੂਬੇ ‘ਚ ਪਹਿਲਾਂ ਸੜਕ ਨਿਯਮਾਂ ਬਾਰੇ ਜਾਣਕਾਰੀ ਟੈਸਟ ਪਾਸ ਕਰਕੇ ਫਿਰ ਰੋਡ ਟੈਸਟ ਦੇਣਾ ਪੈਂਦਾ ਹੈ, ਜਿਸ ਦੌਰਾਨ ਵਿਭਾਗ ਦਾ ਅਧਿਕਾਰੀ ਵਾਹਨ ਵਿੱਚ ਪ੍ਰੀਖਿਅਕ ਨਾਲ ਬੈਠ ਕੇ 40 ਮਿੰਟ ਵਾਹਨ ਚਲਵਾ ਕੇ ਵੇਖਦਾ ਹੈ ਤੇ ਚੰਗੀ ਕਾਰਗੁਜ਼ਾਰੀ ਹੋਵੇ ਤਾਂ ਹੀ ਪਾਸ ਕਰਦਾ ਹੈ।
ਭਾਰਤ ਸਮੇਤ ਕਈ ਦੇਸ਼ਾਂ ਤੋਂ ਗਏ ਪ੍ਰੀਖਿਅਕਾਂ ਨੂੰ ਪਾਸ ਹੋਣ ਲਈ ਕਈ ਟੈਸਟ ਦੇਣੇ ਪੈਂਦੇ ਹਨ। ਪਿਛਲੇ ਸਾਲਾਂ ’ਚ ਉਂਟਾਰੀਓ ਵਿੱਚ ਟਰੱਕ ਬੱਸ ਚਲਾਉਣ ਲਈ ਲਾਇਸੈਂਸ ਨਾਲ ਦੀ ਨਾਲ ਮਿਲ ਜਾਂਦਾ ਸੀ, ਪਰ ਇਸ ਸਾਲ ਤੋਂ ਉਥੇ ਵੀ ਹੋਰ ਸੂਬਿਆਂ ਵਾਂਗ ਤਿੰਨ ਸਾਲ ਦੇ ਹਲਕੇ ਵਾਹਨ ਲਾਇਸੈਂਸ ਦੀ ਸ਼ਰਤ ਲਾਗੂ ਕੀਤੀ ਗਈ ਹੈ।