Canada – ਕੈਨੇਡਾ ਦੇ ਚੀਨ ਨਾਲ ਸਮਝੌਤੇ ਵਿਚਾਲੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ
“ਜੇਕਰ ਕੈਨੇਡਾ ਚੀਨ ਨਾਲ ਕੋਈ ਸਮਝੌਤਾ ਕਰਦਾ ਹੈ, ਤਾਂ ਤੁਰੰਤ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਕੈਨੇਡੀਅਨ ਸਮਾਨ ਅਤੇ ਉਤਪਾਦਾਂ ‘ਤੇ 100% Tariff ਲਗਾਇਆ ਜਾਵੇਗਾ”- ਟਰੰਪ
Trump threatens 100 per cent tariffs ਟਰੰਪ ਵੱਲੋਂ ਕੈਨੇਡਾ ’ਤੇ 100 ਫੀਸਦੀ ਟੈਕਸ ਲਾਉਣ ਦੀ ਚਿਤਾਵਨੀ
ਚੀਨ ਨਾਲ ਵਪਾਰਕ ਸਮਝੌਤੇ ਤੋਂ ਅਮਰੀਕਾ ਨਾਰਾਜ਼; ਚੀਨੀ ਵਸਤਾਂ ਨੂੰ ਅਮਰੀਕਾ ਭੇਜਣ ਲਈ ਕੈਨੇਡਾ ਨੂੰ ਡਰੌਪ ਆਫ ਪੋਰਟ ਨਾ ਬਣਾਏ ਕੈਨੇਡਾ: ਟਰੰਪ
ਜਿਸ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਚੀਨ ਨਾਲ ਸਮਝੌਤਾ ਕੀਤਾ ਸੀ, ਉਸੇ ਦਿਨ ਕਿਹਾ ਸੀ ਕਿ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਕੈਨੇਡਾ ਚੀਨ ਨੂੰ ਸੂਈ ਤੱਕ ਨਹੀਂ ਵੇਚ ਸਕਦਾ। ਇਹ ਕੋਈ ਗਿਣੀ-ਮਿੱਥੀ ਆਪਸੀ ਖੇਡ ਹੈ ਜਾਂ ਵਾਕਿਆ ਹੀ ਦੋਸਤੀ ਤੋਂ ਦੁਸ਼ਮਣੀ, ਇਸ ਬਾਰੇ ਕੋਈ ਜਾਣਕਾਰੀ ਨਹੀਂ।
ਟਰੰਪ ਨੇ ਇਸੇ ਤਰਜ਼ ‘ਤੇ ਅੱਜ ਦੋ ਪੋਸਟਾਂ ਪਾਈਆਂ ਹਨ ਤੇ ਪਹਿਲੀ ਵਾਰ ਪ੍ਰਧਾਨ ਮੰਤਰੀ ਕਾਰਨੀ ਨੂੰ ਗਵਰਨਰ ਕਿਹਾ ਹੈ, ਨਹੀਂ ਤਾਂ ਟਰੂਡੋ ਨੂੰ ਹੀ ਕਹਿੰਦੇ ਸਨ।
ਪੋਸਟ 1:
ਜੇ ਗਵਰਨਰ ਕਾਰਨੀ ਇਹ ਸੋਚਦੇ ਹਨ ਕਿ ਉਹ ਕੈਨੇਡਾ ਨੂੰ ਚੀਨ ਲਈ ਅਮਰੀਕਾ ਵਿੱਚ ਸਮਾਨ ਅਤੇ ਉਤਪਾਦ ਭੇਜਣ ਦਾ ਇੱਕ “ਡ੍ਰਾਪ-ਆਫ ਪੋਰਟ” (ਸਮਾਨ ਸੁੱਟਣ ਵਾਲੀ ਬੰਦਰਗਾਹ) ਬਣਾਉਣ ਜਾ ਰਹੇ ਹਨ, ਤਾਂ ਉਹ ਵੱਡੇ ਭੁਲੇਖੇ ਵਿੱਚ ਹਨ। ਚੀਨ ਕੈਨੇਡਾ ਨੂੰ ਜਿਉਂਦਾ ਨਿਗਲ ਜਾਵੇਗਾ—ਉਸ ਦੇ ਕਾਰੋਬਾਰ, ਸਮਾਜਿਕ ਢਾਂਚੇ ਅਤੇ ਆਮ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।
ਜੇ ਕੈਨੇਡਾ ਨੇ ਚੀਨ ਨਾਲ ਕੋਈ ਸੌਦਾ ਕੀਤਾ, ਤਾਂ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਕੈਨੇਡੀਅਨ ਸਮਾਨ ਅਤੇ ਉਤਪਾਦਾਂ ‘ਤੇ ਤੁਰੰਤ 100% ਟੈਰਿਫ਼ ਲਗਾ ਦਿੱਤਾ ਜਾਵੇਗਾ।
ਪੋਸਟ 2:
ਦੁਨੀਆ ਨੂੰ ਸਭ ਤੋਂ ਆਖ਼ਰੀ ਚੀਜ਼ ਜੋ ਨਹੀਂ ਚਾਹੀਦੀ, ਉਹ ਇਹ ਹੈ ਕਿ ਚੀਨ ਕੈਨੇਡਾ ‘ਤੇ ਕਬਜ਼ਾ ਕਰ ਲਏ। ਇਹ ਕਦੇ ਨਹੀਂ ਹੋਵੇਗਾ, ਨਾ ਹੀ ਇਸਦੇ ਨੇੜੇ-ਨੇੜੇ ਵੀ ਪਹੁੰਚੇਗਾ!
******************
ਪਹਿਲੀ ਗੱਲ ਤਾਂ ਇਹ ਕਿ ਇਨ੍ਹਾਂ ਸਿਆਸੀ ਬਿਆਨਾਂ ਪਿੱਛੇ ਦੋਵੇਂ ਮੁਲਕਾਂ ਦੇ ਲੋਕ ਆਪਸੀ ਸਬੰਧ ਨਾ ਵਿਗਾੜਨ, ਨਾ ਇੱਕ-ਦੂਜੇ ਨੂੰ ਨੀਵਾਂ ਦਿਖਾਉਣ। ਸਾਡੇ ‘ਚੋਂ ਨਾ ਕਿਸੇ ਦੀ ਇਨ੍ਹਾਂ ਸਲਾਹ ਲੈਣੀ, ਨਾ ਸਾਡੀ ਮਰਜ਼ੀ ਨਾਲ ਚੱਲਣਾ। ਹਾਂ, ਜੋ ਕਰਨਗੇ, ਸਾਨੂੰ ਭੁਗਤਣਾ ਜ਼ਰੂਰ ਪੈਣਾ।
ਦੂਜਾ ਤੁਸੀਂ ਆਪਸ ਵਿੱਚ ਲੜੇ ਬਿਨਾਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਇਸ ਨਾਲ ਦੋਵਾਂ ਮੁਲਕਾਂ ਦਾ ਤੇ ਦੋਵੇਂ ਪਾਸਿਆਂ ਦੇ ਲੋਕਾਂ ਦਾ ਕੀ ਫ਼ਾਇਦਾ-ਨੁਕਸਾਨ ਹੋ ਸਕਦਾ।
ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਸੰਭਾਵਿਤ ਵਪਾਰਕ ਸੌਦੇ ’ਤੇ ਕੈਨੇਡਾ ’ਤੇ 100 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਦੇਸ਼ ਚੀਨ ਨਾਲ ਵਪਾਰਕ ਸੌਦਾ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਮਾਨ ’ਤੇ 100 ਫੀਸਦੀ ਟੈਕਸ ਲਾ ਦੇਵੇਗਾ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਕਾਰਨੀ ਨੂੰ ਗਵਰਨਰ ਵਜੋਂ ਸੰਬੋਧਨ ਕਰਦਿਆਂ ਪੋਸਟ ਕੀਤੀ, ‘ਜੇਕਰ ਗਵਰਨਰ ਕਾਰਨੀ ਸੋਚਦੇ ਹਨ ਕਿ ਉਹ ਚੀਨ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਸਾਮਾਨ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ਡਰੌਪ ਆਫ ਪੋਰਟ ਬਣਾਉਣ ਜਾ ਰਹੇ ਹਨ ਤਾਂ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਚੀਨ ਕੈਨੇਡਾ ਦੇ ਹਿੱਤ ਪ੍ਰਭਾਵਿਤ ਕਰੇਗਾ ਤੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਜੇਕਰ ਕੈਨੇਡਾ ਚੀਨ ਨਾਲ ਕੋਈ ਸੌਦਾ ਕਰਦਾ ਹੈ ਤਾਂ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਕੈਨੇਡੀਅਨ ਸਾਮਾਨ ਅਤੇ ਉਤਪਾਦਾਂ ’ਤੇ 100% ਟੈਰਿਫ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਅਣਕਿਆਸੀਆਂ ਅਤੇ ਸਖ਼ਤ ਵਪਾਰਕ ਨੀਤੀਆਂ ਤੋਂ ਤੰਗ ਆ ਕੇ ਕੈਨੇਡਾ ਨਵੇਂ ਰਾਹ ਤਲਾਸ਼ ਰਿਹਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਵਾਹਨਾਂ (ਈ ਵੀ) ’ਤੇ ਲਾਇਆ 100 ਫੀਸਦੀ ਦਰਾਮਦ ਟੈਕਸ ਘਟਾ ਕੇ ਮਹਿਜ਼ 6.1 ਫੀਸਦੀ ਕਰ ਦਿੱਤਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਇਹ ਛੋਟ ਸੀਮਤ ਹੈ। ਇਸ ਤਹਿਤ ਫਿਲਹਾਲ ਸਾਲਾਨਾ 49,000 ਗੱਡੀਆਂ ਹੀ ਮੰਗਵਾਈਆਂ ਜਾ ਸਕਣਗੀਆਂ, ਪਰ ਪੰਜ ਸਾਲਾਂ ਵਿੱਚ ਇਹ ਗਿਣਤੀ ਵਧਾ ਕੇ 70,000 ਕਰ ਦਿੱਤੀ ਜਾਵੇਗੀ। ਇਸ ਬਦਲੇ ਚੀਨ ਨੇ ਕੈਨੇਡਾ ਦੇ ਖੇਤੀ ਉਤਪਾਦਾਂ, ਖਾਸਕਰ ਕੈਨੋਲਾ ਬੀਜਾਂ ’ਤੇ ਲੱਗਣ ਵਾਲੀ ਡਿਊਟੀ 84 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕਾਰਨੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੇਈਚਿੰਗ ਵਿੱਚ ਮੁਲਾਕਾਤ ਦੌਰਾਨ ਸਾਲਾਂ ਦੀ ਕੁੜੱਤਣ ਭੁਲਾ ਕੇ ਆਪਸੀ ਰਿਸ਼ਤੇ ਸੁਧਾਰਨ ਦਾ ਅਹਿਦ ਲਿਆ ਸੀ।