Crime News: ਲੁਧਿਆਣਾ ‘ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ ‘ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 60 ਸਾਲਾ NRI ਮਹਿਲਾ ਨੂੰ ਜਿੰਦਾ ਸੜਾ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹ ਲਗਭਗ ਡੇਢ ਸਾਲ ਪਹਿਲਾਂ ਭਾਰਤ ਆਈ ਸੀ।
Ludhiana News: ਪੰਜਾਬ ਦੇ ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 60 ਸਾਲਾ NRI ਮਹਿਲਾ ਨੂੰ ਜਿੰਦਾ ਸੜਾ ਦਿੱਤਾ ਗਿਆ। ਮਹਿਲਾ ਨੂੰ ਅੱਗ ਕਿਵੇਂ ਲੱਗੀ, ਇਹ ਅਜੇ ਤੱਕ ਇੱਕ ਅਣਸੁਲਝੀ ਗੁੱਥੀ ਬਣੀ ਹੋਈ ਹੈ। ਇਸ ਮਾਮਲੇ ‘ਚ ਹਾਲੇ ਤੱਕ ਪੁਲਿਸ ਨੇ ਇੱਕ ਕਿਰਾਏਦਾਰ ਨੂੰ ਹਿਰਾਸਤ ‘ਚ ਲਿਆ ਹੈ। ਮ੍ਰਿਤਕ ਮਹਿਲਾ ਦੀ ਧੀ ਦੇ ਬਿਆਨਾਂ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਮ੍ਰਿਤਕ ਮਹਿਲਾ ਦਾ ਨਾਮ ਨਰਿੰਦਰ ਕੌਰ ਦੱਸਿਆ ਜਾ ਰਿਹਾ ਹੈ।
ਲਗਭਗ ਡੇਢ ਸਾਲ ਪਹਿਲਾਂ ਭਾਰਤ ਆਈ ਸੀ ਮਹਿਲਾ
ਮਿਲੀ ਜਾਣਕਾਰੀ ਮੁਤਾਬਕ, ਨਰਿੰਦਰ ਕੌਰ ਅਮਰੀਕਾ ਦੀ ਨਾਗਰਿਕ ਸੀ ਅਤੇ ਲਗਭਗ ਡੇਢ ਸਾਲ ਪਹਿਲਾਂ ਭਾਰਤ ਆਈ ਸੀ। ਉਹ ਹੈਬੋਵਾਲ ‘ਚ ਰਘੁਨਾਥ ਪਾਰਕ ਨੇੜੇ ਆਪਣੇ ਘਰ ‘ਚ ਇਕੱਲੀ ਰਹਿੰਦੀ ਸੀ। ਉਸਨੇ ਆਪਣੇ ਘਰ ਦੇ ਹੇਠਾਂ ਇੱਕ ਕਮਰਾ ਕਿਰਾਏ ‘ਤੇ ਦਿੱਤਾ ਹੋਇਆ ਸੀ। ਐਤਵਾਰ ਨੂੰ ਦੇਰ ਸ਼ਾਮ ਅਚਾਨਕ ਉਸਦੇ ਘਰ ਵਿਚੋਂ ਚੀਕਾਂ-ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ।
ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ
ਆਸ-ਪਾਸ ਦੇ ਲੋਕਾਂ ਨੇ ਜਦੋਂ ਕਮਰੇ ਵਿੱਚ ਅੱਗ ਲੱਗੀ ਦੇਖੀ, ਤਾਂ ਉਨ੍ਹਾਂ ਨੇ ਤੁਰੰਤ ਹੀ ਨਰਿੰਦਰ ਕੌਰ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਰਿੰਦਰ ਕੌਰ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਦੀ ਮਾਰਚਰੀ ‘ਚ ਪੋਸਟਮਾਰਟਮ ਲਈ ਰਖਵਾਈ ਗਈ ਹੈ। ਸੂਤਰਾਂ ਮੁਤਾਬਕ, ਨਰਿੰਦਰ ਦੇ ਸਰੀਰ ‘ਤੇ ਅਜਿਹੇ ਚੋਟਾਂ ਦੇ ਨਿਸ਼ਾਨ ਹਨ ਜੋ ਆਮ ਨਹੀਂ ਲੱਗਦੇ। ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਉਸ ਉੱਤੇ ਜਲਣਸ਼ੀਲ ਪਦਾਰਥ ਵੀ ਪਾਇਆ ਹੋ ਸਕਦਾ ਹੈ।
ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
ਥਾਣਾ ਹੈਬੋਵਾਲ ਦੀ SHO ਮਧੂ ਬਾਲਾ ਨੇ ਕਿਹਾ ਕਿ ਨਰਿੰਦਰ ਕੌਰ ਦੀ ਧੀ ਦੇ ਬਿਆਨਾਂ ਤੋਂ ਬਾਅਦ ਉਹ ਅਗਲੀ ਕਾਰਵਾਈ ਕਰਨਗੀਆਂ। ਫਿਲਹਾਲ, ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।