Punjab – ਘਰ ਵਾਲੀ ”ਤੇ ਮਾੜੀ ਨਜ਼ਰ ਰੱਖਣ ਦੇ ਸ਼ੱਕ “ਚ ਪੁੱਤ ਨੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ
ਜ਼ਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਸਹੁਰੇ ਵੱਲੋਂ ਆਪਣੀ ਨੂੰਹ ‘ਤੇ ਮਾੜੀ ਨਿਗਾਹ ਰੱਖਣ ਦੇ ਸ਼ੱਕ ਕਾਰਨ ਪੁੱਤਰ ਨੇ ਆਪਣੇ ਹੀ ਬਾਪ ਦਾ ਕਤਲ ਕਰਕੇ ਲਾਸ਼ ਸਰਹੰਦ ਭਾਖੜਾ ਨਹਿਰ ਜਾਲਖੇੜੀ ਵਿਚ ਸੁੱਟ ਦਿੱਤੀ।

ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਮਾਣਾ ਨੇੜਿਓ ਬਰਾਮਦ ਕਰ ਲਿਆ ਗਿਆ। ਲਾਸ਼ ਨੂੰ ਨਹਿਰ ਵਿਚ ਸੁੱਟਣ ਦੀ ਵਾਰਦਾਤ ਵਿਚ ਦੋ ਹੋਰ ਮੁਲਜ਼ਮ ਸ਼ਾਮਲ ਹਨ। ਉਧਰ ਪੁਲਸ ਥਾਣਾ ਮੁਲੇਪੁਰ ਵੱਲੋਂ ਇਸ ਵਾਰਦਾਤ ਵਿਚ ਸ਼ਾਮਿਲ ਤਿੰਨੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਐੱਸਐੱਸਪੀ ਫਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਨ ਨੇ ਦੱਸਿਆ ਕਿ ਇਸ ਮਾਮਲੇ ਨੂੰ ਮ੍ਰਿਤਕ ਦੀ ਬੇਟੀ ਜਸਵਿੰਦਰ ਕੌਰ ਨਿਵਾਸੀ ਖੰਨਾ ਵੱਲੋਂ ਉਠਾਇਆ ਗਿਆ ਕਿਉਂਕਿ ਉਸ ਦੀ ਆਪਣੇ ਪਿਤਾ ਨਾਲ ਅਕਸਰ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਇਕ ਦੋ ਦਿਨਾਂ ਤੋਂ ਜਦੋਂ ਉਸ ਦੀ ਪਿਤਾ ਨਾਲ ਗੱਲਬਾਤ ਨਾ ਹੋਈ ਤਾਂ ਉਹ ਆਪਣੇ ਪੇਕੇ ਪਿੰਡ ਚਨਾਰਥਲ ਕਲਾ ਆ ਗਈ ਜਿੱਥੇ ਆ ਕੇ ਉਸਨੇ ਦੇਖਿਆ ਕਿ ਉਸਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।
ਉਸਨੇ ਆਪਣੇ ਭਰਾ ਹਰਵਿੰਦਰ ਸਿੰਘ ਨੂੰ ਪਿਤਾ ਦੀ ਗੁੰਮਸ਼ੁਦਗੀ ਬਾਰੇ ਥਾਣੇ ਇਤਲਾਹ ਦੇਣ ਲਈ ਕਿਹਾ ਜੋ ਪਹਿਲਾਂ ਟਾਲ-ਮਟੋਲ ਕਰਨ ਲੱਗਾ ਅਤੇ ਆਪਣੀ ਭੈਣ ਜਸਵਿੰਦਰ ਕੌਰ ਦੇ ਜ਼ੋਰ ਪਾਉਣ ‘ਤੇ ਰਵਿੰਦਰ ਸਿੰਘ ਨੇ ਪਿਤਾ ਦੀ 30.10.2025 ਨੂੰ ਪੁਲਸ ਥਾਣਾ ਮੁਲੇਪੁਰ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ।
ਇਸ ਉਪਰੰਤ ਮਿਤੀ 01.11.2025 ਨੂੰ ਮ੍ਰਿਤਕ ਸੁਖਜਿੰਦਰ ਸਿੰਘ ਦੀ ਲਾਸ਼ ਭਾਖੜਾ ਨਹਿਰ ਨੇੜੇ ਸਮਾਣਾ ਤੋਂ ਮਿਲੀ, ਜਿਸਦੇ ਮੂੰਹ ਅਤੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ, ਜਿਸ ਉਪਰੰਤ ਜਸਵਿੰਦਰ ਕੌਰ ਦੇ ਸ਼ੱਕ ਪੈਣ ‘ਤੇ ਆਪਣੇ ਹੀ ਭਰਾ ਰਵਿੰਦਰ ਸਿੰਘ ਅਤੇ ਹੋਰ ਅਣਪਛਾਤੀਆਂ ਖਿਲਾਫ ਪੁਲਸ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕਰਵਾਇਆ। ਐੱਸਐੱਸਪੀ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਕੁਲਬੀਰ ਸਿੰਘ ਸੰਧੂ, ਉਪ ਕਪਤਾਨ ਪੁਲਸ ਫਤਹਿਗੜ੍ਹ ਸਾਹਿਬ ਦੀ ਅਗਵਾਈ ਵਿਚ ਮੁੱਖ ਅਫਸਰ, ਥਾਣਾ ਮੂਲੇਪੁਰ ਅਤੇ ਫਰਾਂਸਿਕ ਟੀਮ ਵੱਲੋਂ ਮੁੱਕਦਮਾ ਉੱਕਤ ਦੀ ਤਫਤੀਸ਼ ਟੈਕਨੀਕਲ ਅਤੇ ਵਿਗਿਆਨਕ ਢੰਗ ਨਾਲ ਅਮਲ ਵਿਚ ਲਿਆਂਦੀ ਗਈ।
ਮੁੱਕਦਮਾ ਵਿਚ ਮਿਤੀ 03/11/2025 ਨੂੰ ਦੋਸ਼ੀ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦਾ ਪਿਤਾ ਸੁਖਜਿੰਦਰ ਸਿੰਘ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਗਿਆ ਸੀ ਤਾਂ ਜਦੋਂ ਸੁਖਜਿੰਦਰ ਸਿੰਘ ਮੱਥਾ ਟੇਕ ਕੇ ਵਾਪਸ ਘਰ ਆਇਆ ਤਾਂ ਉਸ ਦੇ ਸਾਥੀ ਰਵਿੰਦਰਪਾਲ ਸਿੰਘ ਉਰਫ ਅਮਨੀ ਨੇ ਸੁਖਜਿੰਦਰ ਸਿੰਘ ਦੇ ਗਰਦਨ ਦੇ ਪਿੱਛੇ ਪਾਸੇ ਦਾਹ ਲੋਹਾ ਨਾਲ ਵਾਰ ਕੀਤਾ ਜਿਸ ਨਾਲ ਸੁਖਜਿੰਦਰ ਸਿੰਘ ਡਿੱਗ ਗਿਆ ਤਾਂ ਰਵਿੰਦਰ ਸਿੰਘ ਉਰਫ ਅਮਨੀ ਦੇ ਹੱਥੋਂ ਦਾਹ ਵੀ ਢਿੱਗ ਪਿਆ ਤੇ ਰਵਿੰਦਰ ਸਿੰਘ ਨੇ ਲਾਸ਼ ਚੁੱਕ ਕੇ ਸੁਖਜਿੰਦਰ ਸਿੰਘ ਦੇ ਸਿਰ ਅਤੇ ਮੂੰਹ ‘ਤੇ ਵਾਰ ਕੀਤੇ।
ਸੁਖਜਿੰਦਰ ਦੀ ਲਾਸ਼ ਨੂੰ ਘਰ ਦੇ ਅੰਦਰ ਰੱਖ ਕੇ ਘਰ ਨੂੰ ਜਿੰਦਾ ਲਗਾ ਕੇ ਗੱਡੀ ਦਾ ਇੰਤਜਾਮ ਕਰਨ ਲਈ ਚਲੇ ਗਏ। ਫਿਰ ਗੱਡੀ ਦਾ ਇੰਤਜਾਮ ਹੋਣ ‘ਤੇ ਰਵਿੰਦਰ ਸਿੰਘ ਅਤੇ ਰਵਿੰਦਰਪਾਲ ਸਿੰਘ ਉਰਫ ਅਮਨੀ ਨੇ ਸੁਖਜਿੰਦਰ ਸਿੰਘ ਦੀ ਲਾਸ਼ ਭਾਰੀ ਹੋਣ ਕਾਰਨ ਆਪਣੇ ਤੀਸਰੇ ਸਾਥੀ ਦੋਸ਼ੀ ਮਨੀ ਨੂੰ ਨਾਲ ਲੈ ਕੇ ਲਾਸ਼ ਨੂੰ ਤਰਪਾਲ ਵਿਚ ਪਾਕੇ ਗੱਡੀ ਵਿਚ ਰਖਾਇਆ ਅਤੇ ਸਾਰੇ ਘਰ ਦੀ ਸਫਾਈ ਕੀਤੀ। ਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਗੱਡੀ ਵਿਚ ਲਿਜਾ ਕੇ ਨਹਿਰ ਪਿੰਡ ਜਾਲਖੇੜੀ (ਸਰਹਿੰਦ) ਵਿਚ ਸੁੱਟ ਦਿੱਤਾ। ਪੁਲਸ ਨੇ ਵਾਰਦਾਤ ਵਿਚ ਵਰਤੇ ਗਏ ਦਾਅ ਅਤੇ ਇਕ ਚਾਕੂ ਬਰਾਮਦ ਕਰ ਲਿਆ ਹੈ।