ਪਤੀ ਹੀ ਨਿਕਲਿਆ ਪਤਨੀ ਦਾ ਕਾਤ/ਲ, ਪੁਲਸ ਨੇ 12 ਘੰਟੇ ‘ਚ ਸੁਲਝਾਈ ਕਤ/ਲ ਦੀ ਗੁੱਥੀ
ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਔਰਤ ਦੇ ਭੇਦਭਰੇ ਹਾਲਾਤਾਂ ‘ਚ ਹੋਏ ਕਤਲ ਮਾਮਲੇ ‘ਚ ਉਸਦਾ ਪਤੀ ਹੀ ਕਾਤਲ ਨਿਕਲਿਆ।
ਪੁਲਸ ਨੇ 12 ਘੰਟਿਆਂ ‘ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਪਤੀ ਗੌਰਵ ਕੁਮਾਰ ਵਾਸੀ ਸ਼ਿਮਲਾਪੁਰੀ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਗੌਰਵ ਕੁਮਾਰ ਨੇ ਆਪਣੇ ਸਹੁਰੇ ਘਰ ਜਾਂਦੇ ਸਮੇਂ ਕਾਰ ਰੋਕ ਕੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਡੈਸ਼ਬੋਰਡ ਨਾਲ ਦੋ ਵਾਰ ਸਿਰ ਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ।
ਬਾਅਦ ‘ਚ ਕਤਲ ਨੂੰ ਹਾਦਸਾ ਅਤੇ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਪੁਲਸ ਦੇ ਸਾਹਮਣੇ ਆਪਣੀ ਝੂਠੀ ਕਹਾਣੀ ਨੂੰ ਸੱਚ ਸਾਬਤ ਨਹੀਂ ਕਰ ਸਕਿਆ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੌਰਵ ਕੁਮਾਰ ਵੱਲੋਂ ਦੱਸੀ ਕਹਾਣੀ ਮੁਤਾਬਕ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਸਹਾਰਨਪੁਰ ਜਾ ਰਿਹਾ ਸੀ। ਇਸ ਦੌਰਾਨ ਉਸਦੀ ਗੱਡੀ ਦੇ ਟਾਇਰ ਵਿਚ ਹਵਾ ਘੱਟ ਹੋਣ ਕਰਕੇ ਉਸ ਨੇ ਸਰਵਿਸ ਲਾਈਨ ਉੱਤੇ ਕਾਰ ਲਾ ਕੇ ਸੜਕ ਪਾਰ ਪੰਪ ਦਾ ਪਤਾ ਕਰਨ ਗਿਆ।
ਜਦੋਂ ਉਹ ਵਾਪਸ ਮੁੜਿਆ ਤਾਂ ਉਸ ਦੀ ਪਤਨੀ ਬੇਹੋਸ਼ ਪਈ ਹੋਈ ਸੀ। ਉਸ ਦੇ ਸੱਟਾਂ ਲੱਗੀਆਂ ਹੋਈਆਂ ਸਨ। ਇਸ ਤੋਂ ਬਾਅਦ ਉਹ ਪਤਨੀ ਨੂੰ ਹਸਪਤਾਲ ਲੈ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਾਰੀ ਸਵੇਰੇ 7 ਵਜੇ ਦੇ ਕਰੀਬ ਵਾਪਰੀ ਸੀ ਤੇ ਪੁਲਸ ਨੂੰ ਕਾਲ 12 ਵਜੇ ਦੇ ਕਰੀਬ ਕੀਤੀ ਗਈ। ਜਾਂਚ ਤੋਂ ਬਾਅਦ ਗੌਰਵ ਦੀ ਘੜੀ ਸਾਰੀ ਕਹਾਣੀ ਝੂਠੀ ਨਿਕਲੀ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਰਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੌਰਵ ਦਾ ਉਸ ਦੀ ਪਤਨੀ ਨਾਲ ਅਕਸਰ ਝਗੜਾ ਰਹਿੰਦਾ ਸੀ। ਗੌਰਵ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਕਈ ਵਾਰ ਆਪਣੀ ਪਤਨੀ ਨੂੰ ਪੇਕੇ ਵੀ ਭੇਜਿਆ ਸੀ। ਜਦੋਂ ਪੁਲਸ ਨੇ ਇਸ ਸਬੰਧੀ ਗੌਰਵ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।