-ਟਰੰਪ ਦੀ ਕੈਨੇਡਾ-ਗਰੀਨਲੈਂਡ ਮੁੱਦੇ ‘ਤੇ ਸੂਈ ਅੜੀ
-ਕੈਨੇਡਾ ਤੇ ਗਰੀਨਲੈਂਡ ਬਾਰੇ ਬਿਆਨਾਂ ਪਿੱਛੇ ਅਸਲ ਮਕਸਦ ਸਮੁੰਦਰੀ ਲਾਂਘਾ
ਟਰੰਪ ਬਨਾਮ 51ਵਾਂ ਸੂਬਾ ਕੈਨੇਡਾ ਬਨਾਮ ਗਰੀਨਲੈਂਡ:
ਟਰੰਪ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਰਿਹਾ ਹੈ ਤੇ ਨਾਲ ਹੀ ਗਰੀਨਲੈਂਡ ‘ਤੇ ਮਲਕੀਅਤ ਦੀ। ਟਰੰਪ ਵਲੋਂ ਸਿੰਗ ਮਿੱਟੀ ਚੁੱਕਣ ਪਿੱਛੇ ਅਸਲੀ ਰੌਲਾ ਇਹ ਹੈ।
ਦੁਨੀਆ ਦਾ ਇੱਕ ਅਣਲਿਖਤ ਅਸੂਲ ਹੈ ਕਿ ਜਿਹਦੀ ਪਾਣੀਆਂ ‘ਚ ਸਰਦਾਰੀ, ਓਹਦਾ ਵਪਾਰ ਵਧਣਾ ਤੇ ਸਸਤਾ ਪੈਣਾ। ਜਿਹਦਾ ਜਿੰਨਾ ਵੱਡਾ ਵਪਾਰ, ਓਹਦੀ ਓਨੀ ਵੱਡੀ ਇਕੌਨਮੀ, ਜਿਹਦੀ ਜਿੰਨੀ ਵੱਡੀ ਇਕੌਨਮੀ, ਓਹਦੀ ਓਨੀ ਵੱਡੀ ਪਾਵਰ। ਵੱਡੇ ਮੁਲਕ ਵਪਾਰਕ ਲਾਂਘਿਆਂ ‘ਤੇ ਸਰਦਾਰੀ ਚਾਹੁੰਦੇ ਹਨ।
ਧਰਤੀ ਗੋਲ ਹੈ, ਜਿਹੋ ਜਿਹੀ ਸਿੱਧੇ ਨਕਸ਼ੇ ‘ਤੇ ਦਿਸਦੀ ਓਹੋ ਜਿਹੀ ਨਹੀਂ ਹੈ। ਸਿੱਧੇ ਨਕਸ਼ੇ ‘ਤੇ ਰੂਸ-ਚੀਨ ਬਹੁਤ ਦੂਰ ਲਗਦੇ ਪਰ ਗਲੋਬ ‘ਤੇ ਐਨ ਲਾਗੇ ਹਨ ਕਿਉਂਕਿ ਦੋਵੇਂ ਸਿਰੇ ਗਲੋਬ ‘ਤੇ ਜੁੜੇ ਹੋਏ ਹਨ।
ਧਰਤੀ ਦੇ ਦੋ ਧੁਰੇ ਹਨ, ਸਾਊਥ ਪੋਲ ਅਤੇ ਨਾਰਥ ਪੋਲ।
ਕੈਨੇਡਾ ਦਾ ਨੁਨਾਵਟ ਇਲਾਕਾ ਅਤੇ ਗਰੀਨਲੈਂਡ ਲਾਗੇ-ਲਾਗੇ ਹਨ ਤੇ ਉਪਰ ਨਾਰਥ ਪੋਲ ਦੇ ਲਾਗੇ, ਜਿੱਥੇ ਸਦੀਆਂ ਤੋਂ ਬਰਫ ਜੰਮੀ ਹੋਈ ਹੈ। ਇਸਨੂੰ ਆਰਕਟਿਕ ਵੀ ਕਹਿੰਦੇ ਹਨ, ਜੋ ਪੋਲਰ ਬੀਅਰਜ਼ ਅਤੇ ਪੈਂਗੁਇਨ ਕਰਕੇ ਮਸ਼ਹੂਰ ਹੈ। ਨੌਰਥ ਪੋਲ ਦੇ ਲਾਗੇ ਹੀ ਅਮਰੀਕਾ ਦਾ ਅਲਾਸਕਾ ਖੇਤਰ ਪੈਂਦਾ ਤੇ ਪਰਲੇ ਪਾਸੇ ਰੂਸ।
ਕੋਲਡ ਵਾਰ ਤੋਂ ਬਾਅਦ ਕਿਸੇ ਦੀ ਵੀ ਆਰਕਟਿਕ ਜਾਂ ਗਰੀਨਲੈਂਡ ਮੁਲਕ ‘ਚ ਦਿਲਚਸਪੀ ਨਹੀਂ ਸੀ, ਹਾਲਾਂਕਿ ਇੱਥੇ ਮਿਨਰਲਜ਼ ਤੇ ਮੈਟਲਜ਼ ਬਹੁਤ ਹਨ। ਹੁਣ ਕੀ ਹੋਇਆ ਕਿ ਕੁਝ ਸਾਲਾਂ ਤੋਂ ਗਲੋਬਲ ਵਾਰਮਿੰਗ ਕਾਰਨ ਬਰਫ ਪਿਘਲਣ ਲੱਗੀ ਹੈ ਤੇ ਗਰਮੀਆਂ ਨੂੰ 40 ਕੁ ਫੀਸਦੀ ਖੁਰ ਜਾਂਦੀ, ਸੋ ਨਵਾਂ ਸਮੁੰਦਰ ਹੋਂਦ ‘ਚ ਆ ਜਾਂਦਾ, ਜੋ ਆਪਸੀ ਵਪਾਰ ਲਈ ਬਹੁਤ ਛੋਟਾ ਤੇ ਸਸਤਾ ਰੂਟ ਬਣ ਜਾਂਦਾ।
ਇਹ ਪਾਣੀ ਗਰੀਨਲੈਂਡ ਦੇ ਹਨ ਜਾਂ ਕੈਨੇਡਾ ਦੇ।
ਕੈਨੇਡਾ ਦੇ ਨੁਨਾਵਟ ਇਲਾਕੇ ਤੋਂ ਉਪਰ ਕੈਨੇਡੀਅਨ ਆਈਲੈਂਡਜ਼ ਹਨ, ਇਨ੍ਹਾਂ ਦੇ ਵਿਚਾਲੇ ਪਾਣੀਆਂ ਦੇ ਲਾਂਘੇ ਹਨ, ਜੋ ਗਲੋਬਲ ਵਾਰਮਿੰਗ ਕਾਰਨ ਗਰਮੀਆਂ ਨੂੰ ਹੁਣ ਖੁੱਲ੍ਹ ਜਾਂਦੇ ਹਨ ਤੇ 2040 ਤੱਕ ਬਹੁਤਾਤ ਮਹੀਨੇ ਖੁੱਲ੍ਹੇ ਰਿਹਾ ਕਰਨਗੇ। ਹੁਣ ਇਹ 120 ਤੋਂ 150 ਦਿਨ ਖੁੱਲ੍ਹ ਜਾਂਦੇ ਹਨ, 2040 ਤੱਕ ਤਾਂ ਛੇ ਮਹੀਨੇ ਤੋਂ ਵੱਧ ਖੁੱਲ੍ਹੇ ਰਿਹਾ ਕਰਨਗੇ।
ਲੜਾਈ ਇਸ ਨਵੇਂ ਵਪਾਰਕ ਲਾਂਘਿਆਂ ‘ਤੇ ਕਬਜੇ ਦੀ ਆ। ਗਰੀਨਲੈਂਡ ਦੇ ਇੱਕ ਪਾਸੇ ਕੈਨੇਡਾ ਲਗਦਾ ਤੇ ਦੂਜੇ ਪਾਸੇ ਰੂਸ, ਉਹ ਵੀ ਆਪਣਾ ਵਪਾਰ ਵਧਾਊਗਾ, ਚੀਨ ਵੀ। ਕੈਨੇਡਾ ਵਾਲੇ ਪਾਸੇ ਖੁੱਲ੍ਹੇ ਨਵੇਂ ਰੂਟ ਨੂੰ ‘ਨੌਰਥਵੈਸਟ ਪੈਸੇਜ’ ਕਹਿੰਦੇ ਹਨ ਤੇ ਰੂਸ ਵਾਲੇ ਪਾਸੇ ਨੂੰ ‘ਨਾਰਦਰਨ ਸੀਅ ਰੂਟ’। ‘ਨਾਰਦਰਨ ਸੀਅ ਰੂਟ’ ਚੀਨ ਅਤੇ ਰੂਸ ਲਈ ਯੂਰਪ ਨਾਲ ਵਪਾਰ ਵਾਸਤੇ ਸ਼ੌਰਟ ਕੱਟ ਰਾਹ ਹੈ।
ਇਸੇ ਲਈ ਟਰੰਪ ਵਾਰ-ਵਾਰ ਗਰੀਨਲੈਂਡ ਦਾ ਨਾਮ ਜਪ ਰਿਹਾ। ਗਰੀਨਲੈਂਡ ਨੇ ਚੀਨ ਨਾਲ ਕੁਝ ਸਮਝੌਤੇ ਕਰ ਲਏ ਸਨ, ਕੁਝ ਤਾਂ ਅਮਰੀਕਾ ਵਲੋਂ ਮੁਕਰਾ ਦਿੱਤੇ ਗਏ, ਪਰ ਕੁਝ ਹਾਲੇ ਕਾਇਮ ਹਨ।
ਅੱਜ ਦੀ ਤਾਰੀਖ ‘ਚ ਦੁਨੀਆ ਕੋਲ ਵਪਾਰ ਵਾਸਤੇ ਸਟਰੇਟ ਆਫ ਮਲਾਕਾ, ਸਟਰੇਟ ਆਫ ਹਰਮੋਜ਼, ਪਨਾਮਾ ਕੈਨਾਲ, ਸਵੇਜ਼ ਕੈਨਾਲ ਆਦਿ ਮੁੱਖ ਲਾਂਘੇ ਰਹੇ ਹਨ। ਪਰ ਹੁਣ ਇਹ ਲਾਂਘੇ ਬਹੁਤ ਰੁੱਝੇ ਹੋਏ ਹਨ, ਕੁਝ ਹਮਲਿਆਂ ਹੇਠ ਹਨ ਜਾਂ ਹੋ ਸਕਦੇ ਹਨ, ਜਾਂ ਮਹਿੰਗੇ ਪੈਂਦੇ ਹਨ, ਸੋ ਦੁਨੀਆ ਵਪਾਰ ਲਈ ਨਵੇਂ ਲਾਂਘੇ ਖੋਜ ਰਹੀ ਆ।
ਹਾਲੇ ਵੀ ਸਮੁੰਦਰੀ ਵਪਾਰ ਬਾਕੀ ਸਾਧਨਾਂ ਨਾਲੋਂ ਸਸਤਾ ਪੈਂਦਾ। ਜਿਵੇਂਕਿ
ਸਮੁੰਦਰੀ ਜਹਾਜ਼- 50 ਸੈਂਟ ਪ੍ਰਤੀ ਕਿੱਲੋ
ਰੇਲ ਗੱਡੀ: 2 ਡਾਲਰ ਪ੍ਰਤੀ ਕਿੱਲੋ
ਟਰੱਕ: 4-5 ਡਾਲਰ ਪ੍ਰਤੀ ਕਿੱਲੋ
ਹਵਾਈ ਜਹਾਜ਼: 12-15 ਡਾਲਰ ਪ੍ਰਤੀ ਕਿਲੋ
ਵੈਨਕੂਵਰ ਤੋਂ ਫਿਨਲੈਂਡ ਕੋਲੇ ਦਾ ਜਹਾਜ਼ ਗਿਆ, 7000 ਕਿਲੋਮੀਟਰ ਘੱਟ ਦੂਰੀ ਪਈ ਤੇ ਦੋ ਹਫਤੇ ਦਾ ਸਮਾਂ ਬਚਿਆ। ਪਨਾਮਾ ਕੈਨਾਲ ਲਾਂਘੇ ਦੀ ਦੋ ਲੱਖ ਡਾਲਰ ਫੀਸ ਬਚੀ ਅਤੇ ਹਜਾਰਾਂ ਡਾਲਰਾਂ ਦਾ ਜਹਾਜ਼ ਨੂੰ ਚਲਾਉਣ ਵਾਲਾ ਤੇਲ ਬਚਿਆ।
ਹੁਣ ਕੈਨੇਡਾ-ਅਮਰੀਕਾ ਨੂੰ ਆਉਂਦੇ ਬਹੁਤੇ ਜਹਾਜ਼ ਪਨਾਮਾ ਕੈਨਾਲ ਲੰਘ ਕੇ ਆਉਂਦੇ, ਜੋ ਇੱਕ ਸ਼ਿਪ ਲੰਘਾਉਣ ਦਾ 60,000 ਤੋਂ 3 ਲੱਖ ਡਾਲਰ ਚਾਰਜ ਕਰਦੇ ਤੇ ਇੱਥੋਂ ਵੱਧ ਤੋਂ ਵੱਧ ਪੰਜਾਹ ਫੁੱਟ ਚੌੜਾ ਜਹਾਜ਼ ਹੀ ਲੰਘ ਸਕਦਾ। ਜਦਕਿ ਨਵੇਂ ਰੂਟ ‘ਤੇ ਸ਼ਿਪ ਦੀ ਚੌੜਾਈ ਦੀ ਕੋਈ ਹੱਦ ਨਹੀਂ, ਸਮੁੰਦਰ ਖੁੱਲ੍ਹਾ ਪਿਆ। ਸਮਾਂ ਅਤੇ ਤੇਲ ਵੀ ਘੱਟ ਲਗਦਾ।
ਮਸਲਾ ਉਦੋਂ ਖੜ੍ਹਾ ਹੋਇਆ ਜਦੋਂ ਕੁਝ ਸਾਲ ਪਹਿਲਾਂ ਅਮਰੀਕਾ ਨਵੇਂ ਲਾਂਘੇ ਤੋਂ ਕੈਨੇਡਾ ਨੂੰ ਪੁੱਛੇ ਬਿਨਾ ਸ਼ਿਪ ਲੰਘਾ ਕੇ ਦੇਖਣ ਲੱਗਾ ਸੀ, ਕੈਨੇਡਾ ਨੇ ਇਤਰਾਜ਼ ਕੀਤਾ ਕਿ ਸਾਡੇ ਪਾਣੀ ਹਨ, ਲੰਘਣਾ ਤਾਂ ਕੁਝ ਦਿਓ।
ਸੋ ਇਸੇ ਲਈ ਟਰੰਪ ਟੈਰਿਫਾਂ ਦਾ ਰੌਲਾ ਪਾ ਕੇ ਬੈਠਾ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਵਾਰ-ਵਾਰ ਕਰ ਰਿਹਾ ਤਾਂ ਕਿ ਕੈਨੇਡਾ ਬਹਿ ਕੇ ਗੱਲਬਾਤ ਕਰੇ ਤੇ ਅਮਰੀਕਾ ਟੈਰਿਫਾਂ ਦਾ ਡਰਾਵਾ ਦੇ ਕੇ ਇਸ ਨਵੇਂ ਲਾਂਘੇ ਰਾਹੀਂ ਸ਼ਿਪ ਮੁਫਤ ਲੰਘਾਉਣ ਲਈ ਕੈਨੇਡਾ ਨੂੰ ਮਨਾ ਲਵੇ।
ਟਰੰਪ ਵਲੋਂ ਵਾਰ-ਵਾਰ ਕੈਨੇਡਾ ਤੇ ਗਰੀਨਲੈਂਡ ਦਾ ਨਾਮ ਜਪਣ ਪਿੱਛੇ ਮੁੱਖ ਕਾਰਨ ਇਹੀ ਹੈ।
ਕੈਨੇਡਾ ਚਾਹੁੰਦਾ ਕਿ ਕੁਦਰਤ ਨੇ ਸਾਨੂੰ ਇਹ ਨਿਆਮਤ ਬਖਸ਼ੀ ਹੈ ਤਾਂ ਪੈਸੇ ਵੀ ਅਸੀਂ ਬਣਾਵਾਂਗੇ ਪਰ ਅਮਰੀਕਾ ਹੋਰ ਪਾਸਿਓਂ ਬਾਂਹ ਮਰੋੜ ਕੇ ਇਹ ਲਾਂਘਾ ਚਾਹੁੰਦਾ। ਪਨਾਮਾ ਕਨਾਲ ਰਾਹੀਂ ਲੰਘਣ ਦੇ ਤਾਂ ਲੱਖ-ਦੋ ਲੱਖ ਡਾਲਰ ਪ੍ਰਤੀ ਸ਼ਿਪ ਦੇ ਰਿਹਾ ਪਰ ਕੈਨੇਡਾ ਤੋਂ ਮੁਫਤ ਭਾਲਦਾ।
ਇਹ ਹੈ ਟਰੰਪ ਵਲੋਂ ਸਿੰਗ ਮਿੱਟੀ ਚੁੱਕਣ ਪਿੱਛੇ ਅਸਲੀ ਰੌਲਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ