Canada -ਕੈਨੇਡਾ ਸਰਕਾਰ ਵਲੋਂ ਜ਼ਮਾਨਤਾਂ ਬਾਰੇ ਨਵਾਂ ਕਨੂੰਨ ਲਿਆਉਣ ਦਾ ਫੈਸਲਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਐਲਾਨ ਕੀਤਾ ਹੈ ਕਿ ਹਿੰਸਕ ਅਪਰਾਧੀਆਂ ਅਤੇ ਵਾਰ-ਵਾਰ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸਮਾਜ ਤੋਂ ਦੂਰ ਰੱਖਣ ਲਈ ਜ਼ਮਾਨਤ ਸੁਧਾਰ (bail reform) ਬਾਰੇ ਸਰਕਾਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ।
ਇਸ ਨਵੇਂ ਪ੍ਰਬੰਧ ਹੇਠ ਹੁਣ ਇਹ ਕਰਾਊਨ ਜਾਣੀਕਿ ਸਰਕਾਰੀ ਧਿਰ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਕਿ ਸਰਕਾਰ/ਪੁਲਿਸ ਇਹ ਸਾਬਤ ਕਰੇ ਕਿ ਕਿਸੇ ਵਿਅਕਤੀ ਨੂੰ ਜੇਲ੍ਹ ਵਿੱਚ ਕਿਉਂ ਰੱਖਣਾ ਚਾਹੀਦਾ ਹੈ; ਇਸਦੀ ਬਜਾਏ, ਦੋਸ਼ੀ ਨੂੰ ਖੁਦ ਅਦਾਲਤ ਅੱਗੇ ਇਹ ਸਾਬਤ ਕਰਨਾ ਪਵੇਗਾ ਕਿ ਉਸਨੂੰ ਜ਼ਮਾਨਤ ‘ਤੇ ਕਿਓਂ ਛੱਡਿਆ ਜਾਵੇ ਜਾਂ ਉਸਨੂੰ ਅੰਦਰ ਕਿਓਂ ਨਾ ਰੱਖਿਆ ਜਾਵੇ।
ਇਸ ਵੇਲੇ ਜ਼ਿਆਦਾਤਰ ਜ਼ਮਾਨਤੀ ਸੁਣਵਾਈਆਂ ਵਿੱਚ ਸ਼ੁਰੂਆਤੀ ਧਾਰਨਾ ਇਹ ਹੁੰਦੀ ਹੈ ਕਿ ਵਿਅਕਤੀ ਨੂੰ ਰਿਹਾਈ ਮਿਲੇ, ਅਤੇ ਸਰਕਾਰੀ ਧਿਰ (ਕਰਾਊਨ) ਨੂੰ ਸਾਬਤ ਕਰਨਾ ਪੈਂਦਾ ਹੈ ਕਿ ਕਿਉਂ ਕਿਸੇ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ।
ਗੱਡੀਆਂ ਦੀ ਚੋਰੀ, ਗੈਂਗ ਅਪਰਾਧ, ਡਾਕਿਆਂ ਵਰਗੇ ਅਪਰਾਧ ਵਾਰ-ਵਾਰ ਕਰਨ ਵਾਲੇ ਦੋਸ਼ੀਆਂ ਲਈ ਸਜ਼ਾਵਾਂ ਹੋਰ ਸਖ਼ਤ ਕੀਤੀਆਂ ਜਾਣਗੀਆਂ।
ਇਸ ਬਿੱਲ ਅਨੁਸਾਰ, ਹਿੰਸਕ ਅਤੇ ਦੁਹਰਾਏ ਗਏ ਦੋਸ਼ਾਂ ਲਈ ਲਗਾਤਾਰ ਸਜ਼ਾਵਾਂ (consecutive sentences) ਲਾਗੂ ਹੋਣਗੀਆਂ, ਤਾਂ ਜੋ ਵੱਖ-ਵੱਖ ਸਜ਼ਾਵਾਂ ਇਕੱਠੀਆਂ ਨਾ ਕੱਟੀਆਂ ਜਾ ਸਕਣ।
ਉਦਾਹਰਨ ਦੇ ਤੌਰ ‘ਤੇ, ਜੇ ਕਿਸੇ ਦੋਸ਼ੀ ਨੂੰ ਦੋ ਵੱਖ-ਵੱਖ ਮਾਮਲਿਆਂ ‘ਚ 7 ਸਾਲ ਅਤੇ 5 ਸਾਲ ਦੀਆਂ ਦੋ ਵੱਖ-ਵੱਖ ਸਜ਼ਾਵਾਂ ਮਿਲਦੀਆਂ ਹਨ, ਤਾਂ ਹੁਣ ਉਨ੍ਹਾਂ ਨੂੰ ਕੁੱਲ 12 ਸਾਲ ਦੀ ਸਜ਼ਾ ਕੱਟਣੀ ਪਵੇਗੀ, ਨਾ ਕਿ ਸਿਰਫ਼ 7 ਸਾਲ। ਮਤਲਬ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ, ਅੱਡ-ਅੱਡ ਭੁਗਤਣੀਆਂ ਪੈਣਗੀਆਂ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ