Ferozepur News : ਏਜੰਟਾਂ ਦੇ ਧੋਖੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਜੀਵਨਲੀਲ੍ਹਾ ਕੀਤੀ ਸਮਾਪਤ, ਪਿੰਡ ਸੋਡੇ ਦਾ ਰਹਿਣ ਵਾਲਾ ਸੀ 23 ਸਾਲਾ ਅਰਸ਼ਦੀਪ
Travel Agent Fraud : ਵਿਦੇਸ਼ ਜਾਣ ਦਾ ਸੁਪਨਾ ਹਰ ਇੱਕ ਨੌਜਵਾਨ ਦੀ ਅੱਖਾਂ ਵਿੱਚ ਵਸਿਆ ਹੋਇਆ ਹੈ ਕਿ ਉਹ ਵਿਦੇਸ਼ ਜਾ ਕੇ ਵੱਧ ਤੋਂ ਵੱਧ ਮਿਹਨਤ ਕਰਕੇ ਪੈਸਾ ਕਮਾ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰ ਸਕਣ, ਲੇਕਿਨ ਇਸੇ ਦੀ ਆੜ ਵਿੱਚ ਕੁਝ ਏਜੰਟਾਂ ਵੱਲੋਂ ਨੌਜਵਾਨਾਂ ਦੇ ਸੁਪਨਿਆਂ ਨਾਲ ਖੇਡਿਆ ਜਾ ਰਿਹਾ ਹੈ ਅਤੇ ਉਹਨਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੋਡੇ ਵਾਲਾ ਦਾ ਸਾਹਮਣੇ ਆਇਆ ਹੈ, ਜਿੱਥੋਂ ਦੇ ਨੌਜਵਾਨ ਅਰਸ਼ਦੀਪ ਨੇ ਵਿਦੇਸ਼ ਜਾਣ ਲਈ ਆਪਣੀ ਰਿਸ਼ਤੇਦਾਰੀ ਵਿੱਚ ਦੱਸਿਆ ਸੀ।
ਮ੍ਰਿਤਕ ਦੀ ਮਾਤਾ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਵਿਦੇਸ਼ ਜਾਣਾ ਚਾਹੁੰਦਾ ਹੈ, ਜਿਸ ਸਬੰਧੀ ਉਨ੍ਹਾਂ ਦੀ ਰਿਸ਼ਤੇ ਵਿੱਚ ਹੀ ਲੱਗਦੀ ਇੱਕ ਮਹਿਲਾ ਨਾਲ ਗੱਲਬਾਤ ਹੋਈ। ਮਹਿਲਾ ਨੇ ਕਿਹਾ ਕਿ ਉਹ ਉਸਦੇ ਬੇਟੇ ਨੂੰ ਵਿਦੇਸ਼ ਭੇਜ ਦੇਣਗੇ, ਜਿਸ ਲਈ 10 ਲੱਖ ਰੁਪਏ ਦੇ ਕਰੀਬ ਖਰਚਾ ਆਏਗਾ।
ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਿਸੇ ਤਰੀਕੇ ਪੈਸੇ ਇਕੱਠੇ ਕਰਕੇ ਵੀਰਪਾਲ ਕੌਰ ਨੂੰ 10 ਲੱਖ ਰੁਪਏ ਦੇ ਦਿੱਤੇ। ਪਰੰਤੂ ਮਾਮਲਾ ਇਥੇ ਹੀ ਨਹੀਂ ਰੁਕਿਆ, ਵੀਰਪਾਲ ਕੌਰ ਨੇ ਕੁੱਝ ਹੋਰ ਠੱਗਾਂ ਨੂੰ ਵੀ ਆਪਣੇ ਨਾਲ ਰਲਾਇਆ ਅਤੇ ਲੱਖਾਂ ਰੁਪਏ ਉਹਨਾਂ ਨੂੰ ਵੀ ਦਵਾਏ ਪਰ ਜਦ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਅਰਸ਼ਦੀਪ ਨੂੰ ਜਦ ਵਿਦੇਸ਼ ਨਹੀਂ ਭੇਜਿਆ ਗਿਆ ਤਾਂ ਉਹਨਾਂ ਨੇ ਏਜੰਟਾਂ ਪਾਸੋਂ ਆਪਣੇ ਪੈਸੇ ਵਾਪਸ ਮੰਗੇ, ਪਰੰਤੂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਮਾਂ ਨੇ ਕਿਹਾ- ਪੁਲਿਸ ਨੇ ਨਹੀਂ ਦਿੱਤਾ ਇਨਸਾਫ਼
ਇਸ ਸਬੰਧੀ ਅਰਸ਼ਦੀਪ ਅਤੇ ਉਸਦੀ ਮਾਤਾ ਨੇ ਸ਼ਿਕਾਇਤ ਲੈ ਕੇ ਪੁਲਿਸ ਥਾਣਿਆਂ ਅਤੇ ਪੁਲਿਸ ਅਧਿਕਾਰੀਆਂ ਦੇ ਬੜੇ ਚੱਕਰ ਕੱਢੇ ਪਰ ਉਹਨਾਂ ਨੂੰ ਕਿਤੋਂ ਵੀ ਇਨਸਾਫ ਨਹੀਂ ਮਿਲਿਆ। ਅਖੀਰ ਇਨਸਾਫ ਲਈ ਭਟਕਦੇ ਹੋਏ ਅਰਸ਼ਦੀਪ ਨੇ ਖੌਫਨਾਕ ਕਦਮ ਚੁੱਕ ਲਿਆ ਅਤੇ ਮੌਤ ਨੂੰ ਗਲੇ ਲਗਾ ਲਿਆ।
ਉਧਰ, ਡੀਐਸਪੀ ਨੇ ਕਿਹਾ ਕਿ ਆਰੋਪੀਆਂ ਦੇ ਖਿਲਾਫ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ।