ਸੁਖਬੀਰ ਦੀ ਤਨਖਾਹ ਦੇ ਫੈਸਲੇ ‘ਚ ਪਹਿਲਾਂ ਦੇਰ, ਹੁਣ ਕਾਹਲੀ, ਸਾਰੀ ਸਚਾਈ ਦਾ ਬਾਹਰ ਆਉਣਾ ਤੇ ਨਿਆਂ ਹੋਣਾ ਜ਼ਰੂਰੀ।
ਸਾਬਕਾ ਜਥੇਦਾਰ ਪਹਿਲਾਂ ਸੱਦੇ ਜਾ ਸਕਦੇ ਨੇ।
ਜਿਵੇਂ ਅਕਾਲ ਤਖਤ ਦੇ ਜਥੇਦਾਰ ਨੇ ਸੁਖਬੀਰ ਸਿੰਘ ਬਾਦਲ 2007 ਤੋਂ 17 ਵਾਲੀ ਸਾਰੀ ਕੈਬਨਿਟ, ਅਕਾਲੀ ਦਲ ਦੀ ਕੋਰ ਕਮੇਟੀ ਅਤੇ ਨਾਲ ਹੀ ਤਿੰਨ ਸਾਬਕਾ ਜਥੇਦਾਰ ਗੁਰਬਚਨ ਸਿੰਘ, ਇਕਬਾਲ ਸਿੰਘ ਅਤੇ ਗੁਰਮੁਖ ਸਿੰਘ ਨੂੰ ਸੱਦਿਆ ਹੈ, ਉਸ ਤੋਂ ਜਾਪਦਾ ਹੈ ਕਿ ਸਿੰਘ ਸਾਹਿਬਾਨ ਹੁਣ ਕਾਹਲੀ ਨਾਲ ਮਸਲਾ ਨਿਪਟਾਉਣਾ ਚਾਹੁੰਦੇ ਨੇ।
ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਮਾਫੀ ਅਤੇ ਹੋਰ ਜੁੜੇ ਮਾਮਲਿਆਂ ਨਾਲ ਮੁਕੰਮਲ ਸੱਚਾਈ ਬਾਹਰ ਲੈ ਕੇ ਆਉਣ ਅਤੇ ਨਿਆਂ ਵੀ ਪੂਰਾ ਕਰਨ।
ਇਸ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਤਿੰਨਾਂ ਨੂੰ ਬਾਕੀਆਂ ਨਾਲੋਂ ਪਹਿਲਾਂ ਸੁਣਨ ਤਾਂ ਕਿ ਪੂਰੀ ਸੱਚਾਈ ਬਾਹਰ ਆ ਸਕੇ। ਗੁਰਮੁਖ ਸਿੰਘ ਅਤੇ ਇਕਬਾਲ ਸਿੰਘ ਪਹਿਲਾਂ ਬੋਲੇ ਨੇ ਪਰ ਗੁਰਬਚਨ ਸਿੰਘ ਨੇ ਕਦੇ ਮੂੰਹ ਨਹੀਂ ਖੋਲ੍ਹਿਆ।
ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੇ ਸਾਰੇ ਫੈਸਲਿਆਂ ਦੀ ਇੱਕ ਵਾਰ ਫਿਰ ਨਜ਼ਰਸਾਨੀ ਹੋਣੀ ਚਾਹੀਦੀ ਹੈ।
ਸੁਖਬੀਰ ਸਿੰਘ ਬਾਦਲ ਦੀ ਇਹ ਗੱਲ ਜਾਇਜ਼ ਹੈ ਕਿ ਤਨਖਾਹ ਦੇ ਫੈਸਲੇ ਨੂੰ ਜ਼ਿਆਦਾ ਲਟਕਾਇਆ ਗਿਆ। ਹੋ ਸਕਦਾ ਹੈ ਇਸ ਲਈ ਉਹ ਖੁਦ ਜਾਂ ਉਸ ਦੇ ਸਲਾਹਕਾਰ ਕਿਸੇ ਜਿੱਦ ਕਰਕੇ ਜਿੰਮੇਵਾਰ ਹੋਣ।
ਅਸਲ ਵਿੱਚ ਹੁਣ ਤੱਕ ਜਥੇਦਾਰ ਸਾਹਿਬਾਨ ਨੂੰ ਇਸ ਮਾਮਲੇ ‘ਤੇ ਲਗਾਤਾਰ ਮੀਟਿੰਗਾਂ ਅਤੇ ਸੁਣਵਾਈਆਂ ਕਰਨੀਆਂ ਚਾਹੀਦੀਆਂ ਸਨ ਤਾਂ ਕਿ ਨਾ ਸਿਰਫ ਸਾਰੀ ਸੱਚਾਈ ਬਾਹਰ ਆਉਂਦੀ ਸਗੋਂ ਅਗਲੇ ਰਾਹ ਬਾਰੇ ਵੀ ਕੋਈ ਚੰਗਾ ਵਿਚਾਰ ਵਟਾਂਦਰਾ ਹੋ ਜਾਂਦਾ।
ਉਨ੍ਹਾਂ ਨੇ ਪਹਿਲਾਂ ਕਿਹਾ ਵੀ ਸੀ ਕਿ ਉਹ ਹੋਰ ਬੁੱਧੀਜੀਵੀਆਂ ਜਾਂ ਜਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ ਪਰ ਅਜਿਹਾ ਨਹੀਂ ਹੋਇਆ। ਜਿਹੜੀ ਇੱਕ ਮੀਟਿੰਗ ਕੀਤੀ, ਉਸ ਖਿਲਾਫ ਵੀ ਬਾਦਲਦਲੀਆਂ ਨੇ ਬਥੇਰਾ ਰੌਲਾ ਪਾਇਆ।
ਪਰ ਹੁਣ ਇਸ ਦੇਰ ਦਾ ਮਤਲਬ ਇਹ ਨਹੀਂ ਕਿ ਫੈਸਲਾ ਜਲਦਬਾਜ਼ੀ ਭਰਪੂਰ ਹੋਵੇ।
ਸਿੰਘ ਸਾਹਿਬਾਨ ਨੂੰ ਹਾਲੇ ਵੀ ਸੁਹਿਰਦ ਵਿਦਵਾਨਾਂ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ।
ਸਾਬਕਾ ਜਥੇਦਾਰਾਂ ਨੂੰ ਪਹਿਲਾਂ ਸੱਦ ਕੇ ਸੁਣਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੋ ਦਸੰਬਰ ਦੀ ਮੀਟਿੰਗ ਤੋਂ ਪਹਿਲਾਂ ਹੋਰ ਨਿੱਗਰ ਤੱਥ ਸਿੰਘ ਸਾਹਿਬਾਨ ਕੋਲ ਇਕੱਠੇ ਹੋ ਸਕਣ।
#Unpopular_Opinions
#Unpopular_Ideas