Satyendra Jain : ED ਨੇ ਸਤੇਂਦਰ ਜੈਨ ਦੀ 7.44 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
Jain : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਨੇਤਾ (Aam Aadmi Party) ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ( Satyendra Jain )ਦੀ 7.44 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਕਾਰਵਾਈ ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਸੀਬੀਆਈ ਵੱਲੋਂ ਦਰਜ ਕੀਤੀ ਗਈ ਇੱਕ ਐਫਆਈਆਰ ‘ਤੇ ਅਧਾਰਤ ਹੈ, ਜਿਸ ਵਿੱਚ ਉਨ੍ਹਾਂ ‘ਤੇ ਫਰਵਰੀ 2015 ਅਤੇ ਮਈ 2017 ਦਰਮਿਆਨ ਆਪਣੀ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਆਰੋਪ ਸੀ। ਸੀਬੀਆਈ ਨੇ 24 ਅਗਸਤ, 2017 ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ।
15 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ ਆਦੇਸ਼
ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ 15 ਸਤੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਇੱਕ ਅਸਥਾਈ ਆਦੇਸ਼ ਜਾਰੀ ਕੀਤਾ ਸੀ।
ਇਹ ਜਾਂਚ ਜੈਨ, ਉਨ੍ਹਾਂ ਦੀ ਪਤਨੀ ਪੂਨਮ ਜੈਨ ਅਤੇ ਹੋਰਾਂ ਵਿਰੁੱਧ ਬੇਨਾਮੀ ਜਾਇਦਾਦਾਂ ਦੇ ਕਥਿਤ ਮਾਮਲੇ ਅਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਇੱਕ ਵੱਖਰੇ ਮਾਮਲੇ ਨਾਲ ਸਬੰਧਤ ਹੈ। ਇਹ ਮਨੀ ਲਾਂਡਰਿੰਗ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਫਆਈਆਰ ਅਤੇ ਚਾਰਜਸ਼ੀਟ ਤੋਂ ਪੈਦਾ ਹੋਇਆ ਹੈ।
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਆਰੋਪ
ਸਤੇਂਦਰ ਜੈਨ ‘ਤੇ 14 ਫਰਵਰੀ 2015 ਅਤੇ 31 ਮਈ 2017 ਦੇ ਵਿਚਕਾਰ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਆਰੋਪ ਹੈ। ਈਡੀ ਨੇ 2022 ਵਿੱਚ ਜੈਨ ਦੀ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।
ਇਹ ਤਾਜ਼ਾ ਜ਼ਬਤੀ ਦਿੱਲੀ ਹਾਈ ਕੋਰਟ ਦੇ ਹਾਲ ਹੀ ਵਿੱਚ ਫੈਸਲੇ ਤੋਂ ਬਾਅਦ ਹੋਈ ਹੈ ਕਿ ਜੈਨ ਦੇ ਨਜ਼ਦੀਕੀ ਸਹਿਯੋਗੀ – ਅੰਕੁਸ਼ ਜੈਨ ਅਤੇ ਵੈਭਵ ਜੈਨ – ਨੇਤਾ ਦੇ “ਬੇਨਾਮੀ ਧਾਰਕ” ਸਨ ਅਤੇ ਉਨ੍ਹਾਂ ਨੇ ਆਮਦਨ ਖੁਲਾਸਾ ਯੋਜਨਾ (ਆਈਡੀਐਸ), 2016 ਦੇ ਤਹਿਤ ਐਡਵਾਂਸ ਟੈਕਸ ਵਜੋਂ ਬੈਂਕ ਆਫ ਬੜੌਦਾ, ਭੋਗਲ ਸ਼ਾਖਾ ਵਿੱਚ 7.44 ਕਰੋੜ ਰੁਪਏ ਨਕਦ ਜਮ੍ਹਾ ਕਰਵਾਏ ਸਨ।