Breaking News

ਇਕ ਸਾਲ ’ਚ ਅਮਰੀਕਾ ਤੋਂ ਕਰੀਬ 1,100 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ: ਡੀ.ਐਚ.ਐਸ. ਅਧਿਕਾਰੀ

ਇਕ ਸਾਲ ’ਚ ਅਮਰੀਕਾ ਤੋਂ ਕਰੀਬ 1,100 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ: ਡੀ.ਐਚ.ਐਸ. ਅਧਿਕਾਰੀ

22 ਅਕਤੂਬਰ ਨੂੰ ਡਿਪੋਰਟ ਕੀਤੇ ਲੋਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਪੰਜਾਬ ਪਹੁੰਚੀ ਸੀ

ਨਵੀਂ ਦਿੱਲੀ : ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਕਰੀਬ 1,100 ਭਾਰਤੀ ਨਾਗਰਿਕਾਂ ਨੂੰ 30 ਸਤੰਬਰ ਨੂੰ ਖਤਮ ਹੋਏ ਅਮਰੀਕੀ ਵਿੱਤੀ ਸਾਲ 2023-24 ਦੌਰਾਨ ਵਿਸ਼ੇਸ਼ ਅਤੇ ਵਪਾਰਕ ਉਡਾਣਾਂ ਰਾਹੀਂ ਭਾਰਤ ਭੇਜਿਆ ਗਿਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਡੀ.ਐਚ.ਐਸ. ਦੇ ਸਰਹੱਦੀ ਅਤੇ ਇਮੀਗ੍ਰੇਸ਼ਨ ਨੀਤੀ ਦੇ ਸਹਾਇਕ ਸਕੱਤਰ ਰੌਇਸ ਮੁਰੇ ਨੇ 22 ਅਕਤੂਬਰ ਨੂੰ ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਵਾਪਸ ਲਿਆਉਣ ਵਾਲੀ ਵਿਸ਼ੇਸ਼ ਉਡਾਣ ਬਾਰੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਹਾਜ਼ ਵਿਚ ਕੋਈ ਨਾਬਾਲਗ ਨਹੀਂ ਸੀ ਅਤੇ ਉਹ ਸਾਰੇ ਬਾਲਗ ਪੁਰਸ਼ ਅਤੇ ਔਰਤਾਂ ਸਨ।

ਸੀਨੀਅਰ ਅਧਿਕਾਰੀ ਨੇ ਦਸਿਆ ਕਿ ਵਿਸ਼ੇਸ਼ ਉਡਾਣ 22 ਅਕਤੂਬਰ ਨੂੰ ਪੰਜਾਬ ਪਹੁੰਚੀ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਉਡਾਣ ਕਿੱਥੋਂ ਆਈ ਸੀ ਜਾਂ ਇਨ੍ਹਾਂ ਡਿਪੋਰਟ ਕੀਤੇ ਗਏ ਲੋਕਾਂ ਦਾ ਮੂਲ ਕੀ ਸੀ।

ਇਹ ਪ੍ਰੈਸ ਕਾਨਫਰੰਸ ਗੈਰ-ਕਾਨੂੰਨੀ ਇਮੀਗ੍ਰੇਸ਼ਨ ’ਤੇ ਭਾਰਤ ਸਰਕਾਰ ਨਾਲ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਸਹਿਯੋਗ ’ਤੇ ਸੀ। ਕੁੱਝ ਦਿਨ ਪਹਿਲਾਂ ਅਮਰੀਕੀ ਗ੍ਰਹਿ ਅਧਿਕਾਰੀਆਂ ਨੇ ਅਪਣੇ ਦੇਸ਼ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਵਾਪਸ ਭੇਜਣ ਦਾ ਐਲਾਨ ਕੀਤਾ ਸੀ।

ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਮਰੇ ਨੇ ਕਿਹਾ ਕਿ 30 ਸਤੰਬਰ ਨੂੰ ਖਤਮ ਹੋਏ ਵਿੱਤੀ ਸਾਲ 2023-24 ’ਚ ਕਰੀਬ 1,100 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ।

ਅਮਰੀਕੀ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ 30 ਸਤੰਬਰ ਨੂੰ ਖਤਮ ਹੁੰਦਾ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਮੁਰੇ ਨੇ ਕਿਹਾ ਕਿ ਇਸ ਸਮੇਂ ਦੌਰਾਨ ਵਿਸ਼ੇਸ਼ ਅਤੇ ਵਪਾਰਕ ਉਡਾਣਾਂ ਰਾਹੀਂ ਡਿਪੋਰਟ ਕੀਤਾ ਗਿਆ।