ਰਿਪੁਦਮਨ ਸਿੰਘ ਮਲਿਕ ਕਤਲ ਕਾਂਡ ‘ਚ ਫੜੇ ਦੋ ਵਿਅਕਤੀਆਂ ਨੇ ਗੁਨਾਹ ਕਬੂਲਿਆ
ਜੁਲਾਈ 2022 ਵਿੱਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਕਰਨ ਵਾਲੇ 2 ਵਿਅਕਤੀਆਂ ਨੇ ਅੱਜ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ।
ਫੈਸਲੇ ਤੋਂ ਪਹਿਲਾਂ ਦੋਵੇਂ ਜਣੇ ਨਿਊ ਵੈਸਟਮਿਨਸਟਰ ਅਦਾਲਤ ਅੰਦਰ ਆਪਸ ਵਿੱਚ ਧੁੱਕਾ-ਮੁੱਕੀ ਵੀ ਹੋ ਗਏ।
ਹੋਜ਼ੇ ਲੋਪੇਜ਼ ਅਤੇ ਟੈਨਰ ਫੌਕਸ ਨੇ ਜਸਟਿਸ ਟੇਰੇਂਸ ਸ਼ਲਟਸ ਦੇ ਸਾਹਮਣੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲਿਆ, ਇਸਦਾ ਮਤਲਬ ਹੈ ਕਿ ਉਨ੍ਹਾਂ ‘ਤੇ ਲਗਾਏ ਗਏ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਨੂੰ ਹਟਾ ਦਿੱਤਾ ਜਾਵੇਗਾ।
ਦੋਵਾਂ ਕਾਤਲਾਂ ਨੂੰ ਸਜ਼ਾ 31 ਅਕਤੂਬਰ ਨੂੰ ਸੁਣਾਈ ਜਾਵੇਗੀ।
ਇਸ ਮੌਕੇ ਸ. ਮਲਿਕ ਦੇ ਬੇਟੇ ਜਸਪ੍ਰੀਤ ਸਿੰਘ ਮਲਿਕ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਲਿਸ ਅਤੇ ਸਰਕਾਰੀ ਵਕੀਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਪਰਿਵਾਰ ਨੂੰ ਕੁਝ ਇਨਸਾਫ਼ ਮਿਲਿਆ ਹੈ, ਹਾਲਾਂਕਿ, ਕੰਮ ਪੂਰਾ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਹੋਜ਼ੇ ਲੋਪੇਜ਼ ਅਤੇ ਟੈਨਰ ਫੌਕਸ ਨੂੰ ਇਸ ਕਤਲ ਲਈ ਵਰਤਿਆ ਗਿਆ ਸੀ, ਜਦੋਂ ਤੱਕ ਇਸ ਕਤਲ ਲਈ ਜ਼ਿੰਮੇਵਾਰ ਮਗਰਲੀਆਂ ਧਿਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਪੁਲਿਸ ਦਾ ਕੰਮ ਅਧੂਰਾ ਰਹੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਬਾਹਰ ਆਈ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸ. ਮਲਿਕ ਦੇ ਕਤਲ ਵਿੱਚ ਭਾਰਤੀ ਹੱਥ ਹੋਣ ਬਾਰੇ ਪਤਾ ਲੱਗਾ ਹੈ, ਜਿਸਦੇ ਵੇਰਵੇ ਅੱਗੇ ਚੱਲ ਕੇ ਬਾਹਰ ਆਉਣਗੇ।
ਇਹ ਵੀ ਦੱਸਣਯੋਗ ਹੈ ਕਿ ਆਪਣੇ ਬਾਪ ਦੇ ਕਾਤਲਾਂ ਦੀ ਸਰਗਰਮੀ ਨਾਲ ਭਾਲ ਕਰ ਰਹੇ ਸ. ਮਲਿਕ ਦੇ ਦੂਜੇ ਬੇਟੇ ਹਰਦੀਪ ਸਿੰਘ ਮਲਿਕ ਨੂੰ ਵੀ ਜਾਨ ਦਾ ਖਤਰਾ ਸੀ, ਜਿਸ ਬਾਰੇ ਪੁਲਿਸ ਨੇ ਉਸਨੂੰ ਜਾਣੂੰ ਕਰਵਾਇਆ ਸੀ।
ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕੈਨੇਡੀਅਨ ਜਾਂਚ ਤੋਂ ਅਤੇ ਸ. ਮਲਿਕ ਦੀ ਡਾਇਰੀ ਤੋਂ ਆਰਸੀਐਮਪੀ ਨੂੰ ਬਹੁਤ ਕੁਝ ਪਤਾ ਲੱਗ ਚੁੱਕਾ ਹੈ, ਆਸ ਹੈ ਕਿ ਮਗਰਲੇ ਸਾਜ਼ਿਸ਼-ਘਾੜੇ ਜਲਦ ਨੰਗੇ ਕਰ ਦਿੱਤੇ ਜਾਣਗੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ