ਸੋਗ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਹਲਦੀ ਦੀ ਰਸਮ ਦੌਰਾਨ ਲਾੜੇ ਨੂੰ ਲੱਗਿਆ ਕਰੰਟ, ਮੌਤ
ਰਾਜਸਥਾਨ ਦੇ ਕੋਟਾ ਵਿੱਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਨੂੰ ਇੱਕ 29 ਸਾਲਾ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਕੋਟਾ-ਬੂੰਦੀ ਰੋਡ ‘ਤੇ ਸਥਿਤ ਮੇਨਲ ਹੋਟਲ ‘ਚ ਲਾੜਾ ਹਲਦੀ ਸਮਾਰੋਹ ਦੌਰਾਨ ਸਵੀਮਿੰਗ ਪੂਲ ਵੱਲ ਗਿਆ ਸੀ। ਉੱਥੇ ਉਸ ਨੇ ਲੋਹੇ ਦੇ ਖੰਭੇ ਨੂੰ ਫੜ ਲਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਮ੍ਰਿਤਕ ਦੀ ਪਛਾਣ ਕੋਟਾ ਦੇ ਕੇਸ਼ਵਪੁਰਾ ਦੇ ਰਹਿਣ ਵਾਲੇ ਸੂਰਜ ਸਕਸੈਨਾ ਵਜੋਂ ਹੋਈ ਹੈ।
ਸੂਰਜ ਸਕਸੈਨਾ ਦਾ ਮੰਗਲਵਾਰ ਸ਼ਾਮ ਨੂੰ ਵਿਆਹ ਹੋਣਾ ਸੀ ਅਤੇ ਮੇਨਲ ਰੈਜ਼ੀਡੈਂਸੀ ਰਿਜ਼ੋਰਟ ‘ਚ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਸੀ। ਹਲਦੀ ਮਹਿੰਦੀ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਸੂਰਜ ਦੇ ਦੋਸਤ ਅਤੇ ਰਿਸ਼ਤੇਦਾਰ ਸਾਰੇ ਉੱਥੇ ਮੌਜੂਦ ਸਨ। ਮਹਿੰਦੀ ਦੀ ਰਸਮ ਅਜੇ ਪੂਰੀ ਹੋਈ ਸੀ ਅਤੇ ਹਲਦੀ ਦੀ ਰਸਮ ਹੋ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ।
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਿਸ ਜਗ੍ਹਾ ‘ਤੇ ਲਾੜਾ ਬੈਠਾ ਸੀ, ਉਸ ਦੇ ਨੇੜੇ ਕੂਲਰ ਲਗਾਏ ਗਏ ਸਨ। ਨੇੜੇ ਹੀ ਸਵੀਮਿੰਗ ਪੂਲ ਦੀ ਰੇਲਿੰਗ ਸੀ ਅਤੇ ਪੰਡਾਲ ਦਾ ਖੰਭਾ ਵੀ। ਹਲਦੀ ਦੀ ਰਸਮ ਪੂਰੀ ਹੋਣ ਤੋਂ ਬਾਅਦ ਲਾੜਾ ਸਵੀਮਿੰਗ ਪੂਲ ਵੱਲ ਜਾ ਰਿਹਾ ਸੀ। ਰਸਤੇ ‘ਚ ਉਸ ਨੇ ਖੰਭੇ ‘ਤੇ ਹੱਥ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਬਿਜਲੀ ਦਾ ਕਰੰਟ ਲੱਗਦੇ ਹੀ ਸੂਰਜ ਜ਼ਮੀਨ ‘ਤੇ ਡਿੱਗ ਪਿਆ। ਜਦੋਂ ਤੱਕ ਲੋਕ ਉਸ ਦੇ ਕੋਲ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨਾਲ ਹੋਟਲ ‘ਚ ਹੜਕੰਪ ਮਚ ਗਿਆ।
SHO ਨਵਲ ਕਿਸ਼ੋਰ ਨੇ ਦੱਸਿਆ ਕਿ ਸੂਰਜ ਬੇਹੋਸ਼ ਹੋ ਗਿਆ ਅਤੇ ਉਸ ਨੂੰ MBS ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਕਿਸ਼ੋਰ ਨੇ ਕਿਹਾ ਕਿ ਹੋਟਲ ਪ੍ਰਬੰਧਨ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 304ਏ (ਲਾਪਰਵਾਹੀ ਕਾਰਨ ਮੌਤ) ਦੇ ਤਹਿਤ FIR ਦਰਜ ਕੀਤੀ ਗਈ ਹੈ।