ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਇੱਕ ਘਰ ਵਿੱਚ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਧਮਾਕੇ ਵਿੱਚ ਇੱਕ ਘਰ ਦੀਆਂ ਖਿੜਕੀਆਂ ਨੁਕਸਾਨੇ ਜਾਣ ਦੀ ਸੂਚਨਾ ਪੁਲਿਸ ਵਲੋਂ ਦਿੱਤੀ ਗਈ ਹੈ। ਹਾਲਾਂਕਿ ਇਹ ਘਰ ਕਿਸ ਦਾ ਹੈ ਅਤੇ ਧਮਾਕੇ ਦੇ ਕਾਰਨਾਂ ਬਾਰੇ ਜਾਂਚ ਜਾਰੀ ਹੈ।
ਐੱਸਐੱਸਪੀ ਚੰਡੀਗੜ੍ਹ, ਕੰਵਰਦੀਪ ਕੌਰ ਨੇ ਦੱਸਿਆ ਕਿ,“ਸਾਨੂੰ ਧਮਾਕੇ ਬਾਰੇ ਫ਼ੋਨ ਉੱਤੇ ਇਤਲਾਹ ਦਿੱਤੀ ਗਈ ਸੀ। ਇੱਥੇ ਪਹੁੰਚਣ ਉੱਤੇ ਪਤਾ ਲੱਗਿਆ ਹੈ ਕਿ ਕੋਈ ਪ੍ਰੈਸ਼ਰ ਬਲਾਸਟ ਹੋਇਆ ਹੈ। ਜਿਸ ਨਾਲ ਘਰ ਦੀਆਂ ਖਿੜਕੀਆਂ ਅਤੇ ਗਮਲਿਆਂ ਦਾ ਨੁਕਸਾਨ ਹੋਇਆ ਹੈ।”
ਉਨ੍ਹਾਂ ਕਿਹਾ ਕਿ,“ਸੀਐੱਫ਼ਐੱਸ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ। ਮੌਕੇ ਤੋ ਮੌਜੂਦ ਸਬੂਤਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ।”
ਆਟੋ ’ਚ ਆਏ ਸਨ ਦੋ ਸ਼ੱਕੀ ਵਿਅਕਤੀ
ਐੱਸਐੱਸਪੀ ਚੰਡੀਗੜ੍ਹ, ਕੰਵਰਦੀਪ ਕੌਰ ਨੇ ਕਿਹਾ ਕਿ ਘਰ ਦੇ ਮਾਲਕ ਬਾਰੇ ਅਤੇ ਇੱਥੇ ਰਹਿਣ ਵਾਲੇ ਕਿਰਾਏਦਾਰਾਂ ਦੀ ਸ਼ਨਾਖ਼ਤ ਲਈ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਇੱਥੇ ਦੋ ਸ਼ੱਕੀ ਵਿਅਕਤੀ ਆਟੋ ਵਿੱਚ ਆਏ ਸਨ।
ਕੰਵਰਦੀਪ ਨੇ ਅੱਗੇ ਦੱਸਿਆ, “ਸ਼ਿਕਾਇਤਕਰਤਾ ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਸਨ। ਉਨ੍ਹਾਂ ਨੇ ਉੱਥੋਂ ਹੀ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ। ਸਾਡੀਆਂ ਟੀਮਾਂ ਇੱਥੇ ਆਟੋ ਬਾਰੇ ਵੀ ਸਰਚ ਕਰ ਰਹੀਆਂ ਹਨ।”
ਇੱਕ ਪੁੱਛੇ ਜਾਣ ਉੱਤੇ ਕਿ ਕੀ ਧਮਕਾ ਗ੍ਰਨੇਡ ਨਾਲ ਹੋਇਆ, ਉਨ੍ਹਾਂ ਕਿਹਾ,“ਇਹ ਹਾਲੇ ਜਾਂਚ ਦਾ ਵਿਸ਼ਾ ਹੈ। ਧਮਕਾ ਹੋਇਆ ਹੈ ਪਰ ਉਸ ਦੇ ਕਾਰਨਾਂ ਤੇ ਤਰੀਕਿਆਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ।”
ਕੰਵਰਦੀਪ ਨੇ ਧਮਾਕੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਾਪਟੀ ਦਾ ਥੋੜ੍ਹਾ ਨੁਕਸਾਨ ਹੋਇਆ ਹੈ ਤੇ ਉਹ ਵੀ ਪ੍ਰੈਸ਼ਰ ਬਲਾਸਟ ਕਰਕੇ ਹੋਇਆ ਹੈ।