Breaking News

Bikram Majithia -ਮਜੀਠੀਏ ਨੂੰ ਬੀਜਿਆ ਵੱਢਣਾ ਪਿਆ, ਭਗਵੰਤ ਅੱਗੇ ਜਾ ਕੇ ਵੱਢੇਗਾ

Bikram Majithia -ਮਜੀਠੀਏ ਨੂੰ ਬੀਜਿਆ ਵੱਢਣਾ ਪਿਆ, ਭਗਵੰਤ ਅੱਗੇ ਜਾ ਕੇ ਵੱਢੇਗਾ

-ਸਰੀ ਦੀ ਮੇਅਰ ਨੇ ਫਿਰੌਤੀ ਮਾਮਲੇ ‘ਚ ਲਿਆ ਠੋਕਵਾਂ ਸਟੈਂਡ
-ਬੰਦਰਗਾਹਾਂ ‘ਤੇ ਪੋਰਟ ਪੁਲਿਸ ਦੀ ਮੰਗ ਗਰਮਾਈ
-ਸਰੀ ਦੇ ਬੱਚੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨੂੰ ਸਜ਼ਾ ਹੋਈ
-ਪੰਜਾਬਣ ਦਾ ਪੁੱਤ ਨਿਊ ਯਾਰਕ ਦਾ ਮੇਅਰ ਬਣਨ ਜਾ ਰਿਹਾ
-ਮਜੀਠੀਏ ਨੂੰ ਬੀਜਿਆ ਵੱਢਣਾ ਪਿਆ, ਭਗਵੰਤ ਅੱਗੇ ਜਾ ਕੇ ਵੱਢੇਗਾ

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜਿਹੜੇ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ, ਜਿਵੇਂ ਉਸ ਦੇ ਘਰ ‘ਤੇ ਵਿਜੀਲੈਂਸ ਨੇ ਧਾਵਾ ਬੋਲਿਆ, ਉਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਪੰਜਾਬ ਪੁਲਿਸ ਸਟੇਟ ਹੈ।
ਇਸ ਕਾਰਵਾਈ ਅਤੇ ਕਰਨ ਦੇ ਤਰੀਕੇ ਦਾ ਅਸਲ ਮਕਸਦ ਬਦਲਾਖੋਰੀ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮਨਾਂ ਵਿੱਚ ਦਹਿਸ਼ਤ ਪਾਉਣੀ ਹੈ।

ਕੇਜਰੀਵਾਲ ਅਤੇ ਉਸ ਦੇ ਹੋਰ ਕਰਿੰਦੇ ਇਸ ਨੂੰ ਨਸ਼ਿਆਂ ਖਿਲਾਫ ਕਾਰਵਾਈ ਕਹਿ ਰਹੇ ਨੇ ਪਰ ਵਿਜੀਲੈਂਸ ਦੀ ਐਫਆਈਆਰ ਮੁਤਾਬਿਕ ਕੇਸ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਹੈ।
ਜੇ ਨਸ਼ਿਆਂ ਦੇ ਕੇਸ ਨਾਲ ਸੰਬੰਧਿਤ ਕਾਰਵਾਈ ਕਰਨੀ ਸੀ ਤਾਂ ਸਵਾ ਤਿੰਨ ਸਾਲ ਉਡੀਕ ਕਿਉਂ ਕੀਤੀ? ਜਦੋਂ ਮਜੀਠੀਆ ਪਹਿਲਾਂ ਜੇਲ੍ਹ ਵਿੱਚ ਸੀ ਤਾਂ ਉਦੋਂ ਉਸ ਕੋਲੋਂ ਕੋਈ ਪੁੱਛਗਿਛ ਕਿਉਂ ਨਹੀਂ ਕੀਤੀ ਗਈ?

ਜੇ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਪਹਿਲਾਂ ਰਾਜਾ ਵੜਿੰਗ ਖਿਲਾਫ ਬੱਸਾਂ ਵਾਲੇ ਕੇਸ ਵਿਚ ਕਾਰਵਾਈ ਹੁੰਦੀ, ਜਿਸ ਬਾਰੇ ਮੁੱਖ ਮੰਤਰੀ ਤੇ ਬਾਕੀ “ਆਪ” ਵਾਲੇ ਜਨਤਕ ਤੌਰ ‘ਤੇ ਧਮਕੀਆਂ ਦੇ ਚੁੱਕੇ ਨੇ। ਨਾਲੇ ਇਹ ਸਰਕਾਰ ਤਾਂ ਖ਼ੁਦ ਭ੍ਰਿਸ਼ਟਾਚਾਰ ਵਿਚ ਲਿੱਬੜੀ ਹੋਈ ਹੈ।
ਮਜੀਠੀਆ ਖੁਦ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਤੇ ਬਾਦਲ ਦਲ ਦੇ ਹੋਰ ਆਗੂਆਂ ਨੇ ਵਿਜੀਲੈਂਸ ਬਿਊਰੋ ਦੇ ਢੰਗ ਤਰੀਕਿਆਂ ਦੀ ਜਿਹੜੀ ਆਲੋਚਨਾ ਕੀਤੀ ਹੈ, ਉਸ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ।

ਬੱਸ ਇਹੀ ਯਾਦ ਕਰਾਉਣਾ ਸੀ ਕਿ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਸੱਤਾ ਇਸ ਆਸ ਨਾਲ ਸੌਂਪੀ ਸੀ ਕਿ ਉਹ ਕਾਂਗਰਸ ਦੀ ਸੱਤਾ ਦੌਰਾਨ ਪੁਲਿਸ ਵੱਲੋਂ ਕੀਤੀਆਂ ਸਿਰੇ ਦੀਆਂ ਧੱਕੇਸ਼ਾਹੀਆਂ ਅਤੇ ਕਤਲਾਂ ਦਾ ਕੋਈ ਇਨਸਾਫ ਦਿਵਾਏਗਾ। ਉਦੋਂ ਮੌਕਾ ਸੀ ਪੁਲਿਸ ਅਫਸਰਾਂ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਦੀ ਆਦਤ ਪਾਉਣ ਦਾ।‌ ਪਰ ਬਾਦਲ ਨੇ ਪੰਜਾਬ ਵਿੱਚ ਪੁਲਿਸ ਸਟੇਟ ਦੇ ਖਾਸੇ ਨੂੰ ਹੀ ਤਕੜਿਆਂ ਰੱਖਿਆ। ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਖੜਨ ਦੀ ਬਜਾਏ ਉਸਨੇ ਮਾਰਨ ਵਾਲਿਆਂ ਦੀ ਹਰ ਤਰ੍ਹਾਂ ਪੁਸ਼ਤਪਨਾਹੀ ਕੀਤੀ। ਸ. ਜਸਵੰਤ ਸਿੰਘ ਖਾਲੜਾ ਅਤੇ ਭਾਈ ਗੁਰਦੇਵ ਸਿੰਘ ਕਉਂਕੇ ਦੀਆਂ ਉਦਾਹਰਨਾਂ ਹੀ ਕਾਫੀ ਨੇ।

15 ਸਾਲ ਪੰਜਾਬ ਵਿੱਚ ਉਸ ਦੀ ਸਰਕਾਰ ਰਹੀ। ਝੂਠੇ ਮੁਕਾਬਲਿਆਂ ਅਤੇ ਹਿਰਾਸਤੀ ਕਤਲਾਂ ਦੇ ਕੇਸਾਂ ਵਿੱਚ ਇਨਸਾਫ ਤਾਂ ਕੀ ਦੇਣਾ ਸੀ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਵਰਗਿਆਂ ਦੀ ਪੁਸ਼ਤਪਨਾਹੀ ਕੀਤੀ ਅਤੇ ਤਰੱਕੀਆਂ ਦਿੱਤੀਆਂ। ਇਨ੍ਹਾਂ ਦੇ ਰਾਜ਼ ਵਿੱਚ ਨਵੀਆਂ ਧੱਕੇਸ਼ਾਹੀਆਂ ਜ਼ਰੂਰ ਹੋਈਆਂ। ਬਥੇਰੇ ਸਿੱਖ ਕਾਰਕੁੰਨਾਂ ‘ਤੇ ਝੂਠੇ ਕੇਸ ਪਾਏ ਗਏ।
ਮਜੀਠੀਆ ਦੀ ਧਰਮ ਪਤਨੀ ਅਤੇ ਹੋਰ ਹਮਦਰਦਾਂ ਵੱਲੋਂ ਵਿਜੀਲੈਂਸ ਦੇ ਢੰਗ ਤਰੀਕਿਆਂ ‘ਤੇ ਬਿਲਕੁਲ ਜਾਇਜ਼ ਉਗਲ ਉਠਾਈ ਜਾ ਰਹੀ ਹੈ।

ਹਰਸਿਮਰਤ ਅਤੇ ਮਜੀਠੀਆ ਦੀ ਪਤਨੀ ਨੂੰ ਬੇਨਤੀ ਹੈ ਕਿ ਕਿਸੇ ਵੇਲੇ ਟਾਈਮ ਕੱਢ ਕੇ ਜ਼ਰਾ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਮਾਪਿਆਂ ਨੂੰ ਮਿਲਣ ਦੀ ਕੋਸ਼ਿਸ਼ ਕਰੋ।
ਇੰਨਾ ਕੁ ਹੀ ਦੱਸਣਾ ਸੀ ਕਿ ਤੁਹਾਡੇ ਰਾਜ ਵਿੱਚ ਨਵੇਂ ਸ਼ਹਿਰ ਦੇ ਤਿੰਨ ਸਿੱਖ ਨੌਜਵਾਨਾਂ ‘ਤੇ ਕਿਤਾਬਾਂ ਜਾਂ ਕੁਝ ਹੋਰ ਲਿਟਰੇਚਰ ਆਦਿ ਦੇ ਕੇਸ ਵਿੱਚ ਹੀ ਯੂਏਪੀਏ ਲੱਗ ਗਈ ਸੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਉਮਰ ਕੈਦ ਦੀ ਸਜ਼ਾ ਵੀ ਹੋਈ। ਕਦੇ ਉਨ੍ਹਾਂ ਦੇ ਗਰੀਬ ਪਰਿਵਾਰਾਂ ਨੂੰ ਪੁੱਛੋ।

ਇਨ੍ਹਾਂ ਬਾਦਲ-ਦਲੀਆਂ ਦੇ ਕੁੱਟੇ ਤੇ ਭਜਾਏ ਹੋਏ ਲੋਕ ਹੀ “ਆਪ” ਵੱਲ ਗਏ। ਇਹ ਵੱਖਰੀ ਗੱਲ ਹੈ ਕਿ ਅੱਗੋਂ “ਆਪ” ਵਾਲੇ ਪਹਿਲਿਆਂ ਨਾਲੋਂ ਵੱਡੇ ਤਾਨਾਸ਼ਾਹ ਤੇ ਲੁਟੇਰੇ ਨਿਕਲੇ।
ਬੇਅਦਬੀ ਦਾ ਇਨਸਾਫ ਮੰਗਣ ਵਾਲਿਆਂ ‘ਤੇ ਗੋਲੀਆਂ ਚੱਲੀਆਂ ਜਦਕਿ ਸਰਬੱਤ ਖਾਲਸਾ ਸੱਦਣ ‘ਤੇ ਦੇਸ਼ ਧ੍ਰੋਹ ਦੇ ਪਰਚੇ ਹੋ ਗਏ ਸਨ।
ਪੰਜਾਬ ਵਿੱਚ ਪਿਛਲੇ ਕੁਝ ਸਮੇਂ ਵਿੱਚ ਸ਼ਰੇਆਮ ਝੂਠੇ ਪੁਲਿਸ ਮੁਕਾਬਲੇ ਹੋਏ ਨੇ, ਬਾਦਲ ਦਲ ਵਾਲੇ ਦੱਸਣਗੇ ਕਿ ਉਨ੍ਹਾਂ ਨੇ ਇਨ੍ਹਾਂ ‘ਤੇ ਕਦੋਂ ਉਗਲ ਚੁੱਕੀ ਸੀ?
ਪਰ ਸਾਡੇ ਲਈ ਰਾਹ ਦਸੇਰਾ ਬਾਦਲ ਨੀਤੀ ਨਹੀਂ, ਗੁਰੂ ਸਾਹਿਬਾਨ ਦਾ ਫਲਸਫਾ ਹੈ।

ਇਨ੍ਹਾਂ ਦੇ ਆਪਣੇ ਕਾਰਜਕਾਲ ਦੌਰਾਨ ਘਟੀਆ ਕਾਰਗੁਜ਼ਾਰੀ ਅਤੇ ਧੱਕੇਸ਼ਾਹੀਆਂ ਦੇ ਓਹਲੇ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਤੇ ਪੁਲਿਸ ਦੀ ਦੁਰਵਰਤੋਂ ਨਹੀਂ ਲੁਕ ਸਕਦੀ। ਜਿਵੇਂ ਕਾਂਗਰਸ ਦੀਆਂ ਸਰਕਾਰਾਂ ਵੇਲੇ ਹੋਏ ਪਾਪਾਂ ਕਾਰਨ ਭਾਜਪਾ ਦੀ ਤਾਨਾਸ਼ਾਹੀ ਅਤੇ ਫਿਰਕੂ ਰਾਜਨੀਤੀ ਜਸਟੀਫਾਈ ਨਹੀਂ ਹੋ ਜਾਂਦੀ।
ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਰਕਾਰ ਦੀ ਕਰੈਡੀਬਿਲਿਟੀ ਹੁਣ ਇੰਨੀ ਕੁ ਹੀ ਬਚੀ ਹੈ ਕਿ ਬਹੁਤ ਲੋਕਾਂ ਨੂੰ ਮਜੀਠੀਆ ਖਿਲਾਫ ਕਾਰਵਾਈ ਵੀ ਸਰਕਾਰ ਦੀ ਬੇਈਮਾਨੀ ਲੱਗ ਰਹੀ ਹੈ। ਕਿਉਂਕਿ ਇਸ ਸਰਕਾਰ ਦਾ ਆਪਣਾ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਇਸ ਵੇਲੇ ਜ਼ਿਆਦਾ ਵੱਡੇ ਮੁੱਦੇ ਬਣ ਚੁੱਕੇ ਨੇ।
#Unpopular_Opinions
#Unpopular_Ideas
#Unpopular_Facts

Check Also

Punjab – “ਬੈਂਸ ਭਰਾਵਾਂ ਦਾ ਸਿਆਸੀ ਸਫ਼ਰ: ਸਵਾਰਥ, ਸੌਦੇਬਾਜ਼ੀ ਅਤੇ ਪੰਜਾਬ ਵਿਰੋਧੀ ਰਾਜਨੀਤੀ”

Punjab – “ਬੈਂਸ ਭਰਾਵਾਂ ਦਾ ਸਿਆਸੀ ਸਫ਼ਰ: ਸਵਾਰਥ, ਸੌਦੇਬਾਜ਼ੀ ਅਤੇ ਪੰਜਾਬ ਵਿਰੋਧੀ ਰਾਜਨੀਤੀ”   ਸਰਦਾਰ …