Breaking News

ਰਾਜਿੰਦਰਾ ਹਸਪਤਾਲ ਵਿਚ ਚਾਰ ਘੰਟੇ ਬਿਜਲੀ ਕੱਟ ਕਾਰਨ ਮੋਬਾਈਲ ਦੀਆਂ ਟਾਰਚਾਂ ਨਾਲ ਹੋਇਆ ਜਣੇਪਾ

ਰਾਜਿੰਦਰਾ ਹਸਪਤਾਲ ਵਿਚ ਚਾਰ ਘੰਟੇ ਬਿਜਲੀ ਕੱਟ ਕਾਰਨ ਮੋਬਾਈਲ ਦੀਆਂ ਟਾਰਚਾਂ ਨਾਲ ਹੋਇਆ ਜਣੇਪਾ – ਗੁਰਨਾਮ ਸਿੰਘ ਅਕੀਦਾ ਦੀ ਰਿਪੋਰਟ ਪੜੋ

ਚੀਫ਼ ਸਕੱਤਰ ਅਨੁਰਾਗ ਵਰਮਾ ਵੱਲੋਂ ਬਿਜਲੀ ਦੇ ਕੱਟ ਦੇ ਜਾਂਚ ਦੇ ਹੁਕਮ

ਸਿਹਤ ਮੰਤਰੀ ਦੀ ਹੋਈ ਕਿਰਕਰੀ ਕਾਰਨ ਕੀਤੀ ਹੰਗਾਮੀ ਮੀਟਿੰਗ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੁਲਾਈ

ਇਕ ਪਾਸੇ ਪੰਜਾਬ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿਚ ਕਿਤੇ ਵੀ ਬਿਜਲੀ ਦੇ ਕੱਟ ਨਹੀਂ ਲੱਗ ਰਹੇ ਪਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਜ਼ਿਲ੍ਹੇ ਵਿਚ ਕੱਲ੍ਹ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਰਾਜਿੰਦਰਾ ਹਸਪਤਾਲ ਪਟਿਆਲਾ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਤੋਂ ਇਲਾਵਾ ਪ‌ਟਿਆਲਾ ਦੇ ਕਈ ਖੇਤਰਾਂ ਵਿਚ ਬਿਜਲੀ ਦੇ ਕੱਟਾਂ ਨਾਲ ਲੋਕ ਪ੍ਰੇਸ਼ਾਨ ਹੋਏ, ਇਸ ਦਾ ਮਾੜਾ ਪ੍ਰਭਾਵ ਇਹ ਦੇਖਣ ਨੂੰ ਮਿਲਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਗਾਇਨੀ ਵਾਰਡ ਵਿਚ ਇਕ ਔਰਤ ਦਾ ਜਣੇਪਾ ਮੋਬਾਈਲ ਦੀਆਂ ਟਾਰਚਾਂ ਨਾਲ ਕਰਨਾ ਪਿਆ।

ਕਿਉਂਕਿ ਜਣੇਪਾ ਔਰਤ ਦੀ ਪ੍ਰਸੂਤ ਪੀੜਾ ਉਸ ਦੀ ਜਾਨ ਦਾ ਖੋਹ ਬਣ ਰਹੀ ਸੀ। ਸਿਹਤ ਮੰਤਰੀ ਦੇ ਆਪਣੇ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਹਾਲਾਤ ਇਹ ਕਹਾਣੀ ਬਿਆਨ ਕਰ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਉੱਪਰ ਵੀ ਕਾਫ਼ੀ ਵੱਡੇ ਸਵਾਲ ਖੜੇ ਹੋ ਰਹੇ ਹਨ ਕਿ ਆਖ਼ਰ ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਸਥਿਤੀ ਕਿੰਨੀ ਮੰਦਭਾਗੀ ਹੈ, ਬਿਜਲੀ ਦੇ ਕੱਟ ਲੱਗਣ ਕਰਕੇ ਪਾਵਰਕਾਮ ਦੇ ਅਧਿਕਾਰੀਆਂ ’ਤੇ ਸਵਾਲ ਖੜੇ ਹੋ ਰਹੇ ਹਨ ਕਿਉਂਕਿ ਪਾਵਰਕਾਮ ਪੰਜਾਬ ਦਾ ਮੁੱਖ ਦਫ਼ਤਰ ਵੀ ਪਟਿਆਲਾ ਵਿਚ ਹੀ ਹੈ।

ਜਾਣਕਾਰੀ ਅਨੁਸਾਰ ਮਾਲਵੇ ਖੇਤਰ ਦੇ ਸਭ ਤੋਂ ਵੱਡੇ ਸਰਕਾਰੀ ਰਜਿੰਦਰ ਹਸਪਤਾਲ ਵਿੱਚ ਕੱਲ੍ਹ ਦੇਰ ਰਾਤ 8 ਵਜੇ ਤੋਂ 11 ਵਜੇ ਤੱਕ ਬਿਜਲੀ ਦਾ ਕੱਟ ਰਿਹਾ, ਜਿਸ ਚਲਦੇ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ। ਵਾਰਡਾਂ ਵਿਚ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹੁੰਮ੍ਹਸ ਭਰੀ ਗਰਮੀ ਨੇ ਆਮ ਲੋਕਾਂ ਦਾ ਜਿਊਂਣਾ ਦੁੱਭਰ ਕਰ ਰੱਖਿਆ ਹੈ।

ਰਾਜਿੰਦਰਾ ਹਸਪਤਾਲ ਵਿਚ ਮੋਬਾਇਲ ਦੀਆਂ ਟਾਰਚਾਂ ਨਾਲ ਹੋਏ ਜਣੇਪੇ ਦੀ ਇੱਕ ਫ਼ੋਟੋ ਕਾਫ਼ੀ ਵਾਇਰਲ ਹੋਈ, ਜਿਸ ਵਿੱਚ ਰਜਿੰਦਰ ਹਸਪਤਾਲ ਦੇ ਗਾਇਨਾਕੌਲੋਜੀ ਡਿਪਾਰਟਮੈਂਟ ਦੇ ਡਾਕਟਰਾਂ ਦੁਆਰਾ ਮੋਬਾਈਲ ਦੀ ਟਾਰਚ ਦੀ ਰੋਸ਼ਨੀ ਦੇ ਵਿੱਚ ਜਣੇਪਾ ਕੀਤਾ।

ਇਹ ਗੱਲ ਪੂਰੇ ਪੰਜਾਬ ਵਿਚ ਅੱਗ ਵਾਂਗ ਫੈਲ ਗਈ ਜਿਸ ਕਾਰਨ ਇਸ ਸਬੰਧੀ ਚੀਫ਼ ਸੈਕਟਰੀ ਅਨੁਰਾਗ ਵਰਮਾ ਦੁਆਰਾ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਸਹੀ ਢੰਗ ਨਾਲ ਮੁਹੱਈਆ ਕਰਾਉਣ ਲਈ ਪੀਐਸਪੀਸੀਐਲ ਨੂੰ ਵੀ ਆਦੇਸ਼ ਦੇ ਦਿੱਤੇ ਗਏ ਹਨ।

ਇਸ ਬਾਰੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹੋ ਰਹੀ ਕਿਰਕਿਰੀ ਕਾਰਨ ਉਨ੍ਹਾਂ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੰਟ ਡਾ. ਗਰੀਸ ਸਾਹਨੀ ਦੀ ਝਾੜ-ਝੰਬ ਕੀਤੀ ਤੇ ਨਾਲ ਹੀ ਅੱਜ ਸ਼ਾਮ ਹੀ ਹਸਪਤਾਲ ਬਾਰੇ ਜਾਇਜ਼ਾ ਲੈਣ ਲਈ ਮੀ‌‌ਟਿੰਗ ਵੀ ਕੀਤੀ।

ਰਾਜਿੰਦਰਾ ਹਸਪਤਾਲ ਇਕ ਹੋਰ ਵੱਖਰੀ ਬਿਜਲੀ ਦੀ ਲਾਈਨ ਪਾਵਾਂਗੇ : ਡਾ. ਬਲਬੀਰ

ਡਾ. ਬਲਬੀਰ ਸਿੰਘ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਡੀ ਪਾਵਰਕਾਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਤੇ ਰਾਜਿੰਦਰਾ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਹੋਈ ਹੈ ਸਾਡੇ ਕੋਲ ਹਸਪਤਾਲ ਵਿਚ 20 ਜਨਰੇਟਰ ਹਨ, ਤੇ ਹੁਣ ਅਸੀਂ ਫੈਸਲਾ ਕੀਤਾਹੈ ਕਿ ਇਕ ਹੋਰ ਬਿਜਲੀ ਦੀ ਲਾਈਨ ਵੱਖਰੀ ਰਾਜਿੰਦਰਾ ਹਸਪਤਾਲ ਲਈ ਪਾਈ ਜਾਵੇਗੀ ਤਾਂ ਕਿ ਕਦੇ ਵੀ ਹਸਪਤਾਲ ਵਿਚ ਬਿਜਲੀ ਦਾ ਕੱਟ ਨਾ ਲੱਗੇ।

ਰਾਜਿੰਦਰਾ ਹਸਪਤਾਲ ਵਿਚ ਬਿਜਲੀ ਗੁੱਲ ਹੋਣ ਕਾਰਨ ਮਰੀਜ਼ ਤੇ ਵਾਰਸ ਪ੍ਰੇਸ਼ਾਨ

ਗ਼ਰੀਬਾਂ ਦੇ ਇਲਾਜ ਲਈ ਬਣੇ ਹਸਪਤਾਲ ਦੇ ਨਾਕਸ ਪ੍ਰਬੰਧਾਂ ਕਰਕੇ ਰਾਤ ਲੋਕਾਂ ਨੇ ਧਰਨਾ ਲਗਾਇਆ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਜੁਲਾਈ
ਕੜਕਦੀ ਗਰਮੀ ਵਿਚ ਵੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਬਿਜਲੀ ਰਾਤ ਫੇਰ ਗੁੱਲ ਰਹੀ, ਦੋ ਘੰਟੇ ਹਸਪਤਾਲ ਵਿਚ ਬਿਜਲੀ ਨਹੀਂ ਆਈ ਜਿਸ ਕਰਕੇ ਮਰੀਜ਼ਾਂ ਤੇ ਵਾਰਸਾਂ ਨੂੰ ਕਾਫ਼ੀ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਭਾਵੇਂ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੰਟ ਡਾ. ਗਿਰੀਸ਼ ਸਾਹਨੀ ਨੇ ਮੁੱਢੋਂ ਹੀ ਰੱਦ ਕਰ ਦਿੱਤਾ ਪਰ ਰਾਤ ਦੀ ਬਣਾਈ ਲੋਕਾਂ ਦੀ ਵੀਡੀਓ ਬਿਜਲੀ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੀ ਹੈ, ਇੱਥੇ ਹੀ ਬੱਸ ਨਹੀਂ ਰਾਤ ਮਰੀਜ਼ਾਂ ਦੇ ਵਾਰਸਾਂ ਨੇ ਹਸਪਤਾਲ ਦੇ ਬਾਹਰ ਸੰਕੇਤਕ ਧਰਨਾ ਵੀ ਲਾਇਆ।

ਪੰਜਾਬ ਦੇ ਪਟਿਆਲਾ ਦੇ ਸਰਕਾਰੀ ਹਸਪਤਾਲ ਰਜਿੰਦਰਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਸਪਤਾਲ ਵਿੱਚ ਦੇਰ ਰਾਤ ਬਿਜਲੀ ਗੁੱਲ ਹੋਣ ਕਾਰਨ ਮਰੀਜ਼ਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਗਰਮੀ ਤੋਂ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰ ਆਪਣੇ ਆਪ ਨੂੰ ਪੱਖੇ ਲਗਾਉਂਦੇ ਦੇਖੇ ਗਏ। ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਟਾਰਚ ਦੀ ਮਦਦ ਨਾਲ ਮਰੀਜ਼ਾਂ ਦਾ ਇਲਾਜ ਕੀਤਾ। ਨਾਰਾਜ਼ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਐਮਰਜੈਂਸੀ ਦੇ ਬਾਹਰ ਧਰਨਾ ਵੀ ਦਿੱਤਾ। ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਡਾਕਟਰ ਟਾਰਚ ਦੀ ਮਦਦ ਨਾਲ ਮਰੀਜ਼ ਦਾ ਇਲਾਜ ਕਰ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਥੇ ਕਰੀਬ 2 ਘੰਟੇ ਬਿਜਲੀ ਗੁੱਲ ਰਹੀ। ਪ੍ਰਸ਼ਾਸਨ ਵੱਲੋਂ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਮਰੀਜ਼ਾਂ ਨੂੰ ਜਨਰੇਟਰ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਹੈ।

ਇਕ ਮਰੀਜ਼ ਨੇ ਦੋਸ਼ ਲਾਇਆ ਹੈ ਕਿ ਡਾਕਟਰ ਨੇ ਉਸ ਦੇ ਪਿਤਾ ਦੀ ਜਾਂਚ ਕਰਵਾਉਣ ਲਈ ਲਿਖਿਆ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਟੈੱਸਟ ਕਿੱਥੇ ਕਰਵਾਉਣਾ ਹੈ ਤਾਂ ਡਾਕਟਰ ਨੇ ਮਰੀਜ਼ ਨੂੰ ਕਿਤੇ ਹੋਰ ਲਿਜਾਣ ਲਈ ਕਿਹਾ। ਪਾਤੜਾਂ ਤੋਂ ਆਏ ਰਾਮਪਾਲ ਨੇ ਦੋਸ਼ ਲਾਇਆ ਹੈ ਕਿ ਇੱਕ ਵਾਰਡ ਵਿੱਚ ਲਾਈਟ ਹੈ ਜਦੋਂਕਿ ਦੋ ਵਾਰਡਾਂ ਵਿੱਚ ਲਾਈਟ ਨਹੀਂ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।

ਹੁਣ ਲਾਈਟ ਨਹੀਂ ਹੈ, ਇਸ ਲਈ ਜੇਕਰ ਉਸ ਦੇ ਪਿਤਾ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਸਮਾਣਾ ਤੋਂ ਆਏ ਕਰਮਜੀਤ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਜਿਗਰ ਦੀ ਸਮੱਸਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਹਸਪਤਾਲ ਦੀ ਇਹ ਹਾਲਤ ਹੈ ਤਾਂ ਗ਼ਰੀਬ ਵਿਅਕਤੀ ਇਲਾਜ ਲਈ ਕਿੱਥੇ ਜਾਵੇ। ਉਨ੍ਹਾਂ ਪੁੱਛਿਆ ਕਿ ਇਸ ਹਾਲਤ ਵਿੱਚ ਉਹ ਮਰੀਜ਼ ਨੂੰ ਕਿੱਥੇ ਲੈ ਕੇ ਜਾਣ। ਅਜਿਹੇ ‘ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ‘ਚ ਜੈੱਨਰੇਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਅਜੇ ਕੱਲ੍ਹ ਹੀ ਸਿਹਤ ਮੰਤਰੀ ਨੇ ਬਿਜਲੀ ਦੀ ਵੱਖਰੀ ਲਾਇਨ ਵਿਛਾਉਣ ਦਾ ਵਾਅਦਾ ਕੀਤਾ ਸੀ। ਪਰ ਰਾਤ ਫਿਰ ਬਿਜਲੀ ਗੁੱਲ ਹੋ ਗਈ, ਪਟਿਆਲਾ ਵਿਚ ਹੋਰ ਵੀ ਕਈ ਥਾਈਂ ਬਿਜਲੀ ਗੁੱਲ ਰਹੀ। ਕੱਲ ਸਿਹਤ ਮੰਤਰੀ ਨੇ ਕਿਹਾ ਸੀ ਕਿ ਰਾਜਿੰਦਰਾ ਹਸਪਤਾਲ ਵਿਚ 20 ਜਨਰੇਟਰ ਹਨ।

ਇਸ ਬਾਰੇ ਮੈਡੀਕਲ ਸੁਪਰਡੰਟ ਡਾ. ਗਿਰੀਸ਼ ਸਾਹਨੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਦੇ ਪ੍ਰਬੰਧ ਬਿਲਕੁਲ ਹੀ ਸਹੀ ਹਨ, ਸ਼ਰਾਰਤੀ ਅਫ਼ਵਾਹਾਂ ਫੈਲਾ ਰਹੇ ਹਨ, ਜਿਸ ਤੋਂ ਲੋਕ ਸੁਚੇਤ ਰਹਿਣ।