Canada Khalistan Issue:
ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ: ਭਾਰਤੀ ਹਾਈ ਕਮਿਸ਼ਨਰ
Khalistan problem is in Canada, not India: Indian envoy Dinesh Patnaik
ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ: ਭਾਰਤੀ ਹਾਈ ਕਮਿਸ਼ਨਰ
ਸਿੱਖਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ: ਦਿਨੇਸ਼ ਕੇ. ਪਟਨਾਇਕ
Canada Khalistan Issue: ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ। ਉਨ੍ਹਾਂ ਓਟਾਵਾ (ਕੈਨੇਡਾ ਸਰਕਾਰ) ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਚਾਲੇ ਫ਼ਰਕ ਕਰੇ।”
ਕੈਨੇਡੀਅਨ ਪਬਲਿਕ ਪ੍ਰਸਾਰਕ ਸੀ ਪੀ ਏ ਸੀ (CPAC) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਅਤੇ ਕੈਨੇਡਾ ਨੂੰ ਉੱਥੇ ਰਹਿ ਰਹੇ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ‘ਤੇ ਧਿਆਨ ਦੇਣ ਦੀ ਲੋੜ ਹੈ, ਉਨ੍ਹਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਨਾਲ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ, “ਖਾਲਿਸਤਾਨ ਭਾਰਤ ਵਿੱਚ ਕੋਈ ਮੁੱਦਾ ਨਹੀਂ ਹੈ। ਇਹ ਕੈਨੇਡਾ ਵਿੱਚ ਹੈ।” ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਇਹ ਸਮਝਣਾ ਪਵੇਗਾ ਕਿ ਵੱਖਵਾਦੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਉਸ ਦੀ ਆਪਣੀ ਧਰਤੀ ‘ਤੇ ਹੋ ਰਹੀਆਂ ਹਨ।
ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਲਈ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਭਾਰਤ ਹਿੰਸਾ, ਕਤਲ ਅਤੇ ਅਤਿਵਾਦ ਨੂੰ ਜਾਇਜ਼ ਠਹਿਰਾਉਣ ਦਾ ਵਿਰੋਧ ਕਰਦਾ ਹੈ।
ਉਨ੍ਹਾਂ ਕਿਹਾ, “ਕੈਨੇਡੀਅਨ, ਸਿੱਖ, ਭਾਰਤੀ, ਇਨ੍ਹਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਵਿੱਚ ਗੱਲ ਕਰਨ ਦਾ ਹੱਕ ਹੈ।” ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ ‘ਤੇ ਭਾਰਤ ਨੂੰ ਕੋਈ ਇਤਰਾਜ਼ ਨਹੀਂ ਹੈ।
ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਅਤੇ ਵੱਖਵਾਦੀ ਕੱਟੜਪੰਥੀਆਂ ਵਿਚਲਾ ਫ਼ਰਕ ਦਰਸਾਉਣ ਲਈ ਟੋਰਾਂਟੋ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੱਕ ਕੰਸਰਟ ਦੀ ਮਿਸਾਲ ਦਿੱਤੀ। ਉਨ੍ਹਾਂ ਦੱਸਿਆ ਕਿ ਜਿੱਥੇ ਲਗਪਗ 45,000 ਲੋਕਾਂ ਨੇ ਸ਼ੋਅ ਵਿੱਚ ਹਿੱਸਾ ਲਿਆ, ਉੱਥੇ ਹੀ ਕਰੀਬ 15 ਖਾਲਿਸਤਾਨੀ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ, “ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਨਾਲ ਕਰਨ ਲੱਗ ਜਾਵੋਗੇ, ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ ਬਚੇਗਾ।”
ਪਟਨਾਇਕ ਨੇ ਦਲੀਲ ਦਿੱਤੀ ਕਿ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਤੱਤਾਂ ਨਾਲ ਜੋੜ ਕੇ ਵੇਖਣ ਕਾਰਨ ਕੈਨੇਡਾ ਵਿੱਚ ਸਿੱਖਾਂ ਪ੍ਰਤੀ ਗ਼ਲਤ ਧਾਰਨਾ ਅਤੇ ਨਫ਼ਰਤ ਭਰੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰ ਪ੍ਰਗਟਾਵੇ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਜਬਰੀ ਵਸੂਲੀ (ਫਿਰੌਤੀ) ਵਰਗੇ ਅਪਰਾਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਉਨ੍ਹਾਂ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਭਾਰਤੀ ਅਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਵਧ ਰਹੇ ਸਹਿਯੋਗ ਵੱਲ ਵੀ ਇਸ਼ਾਰਾ ਕੀਤਾ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਬਿਆਨ ਉਸ ਵੇਲੇ ਆਏ ਹਨ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਕ ਵਿਵਾਦ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਸਮੇਂ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ੱਕੀ ਸਬੰਧ ਹੋਣ ਦਾ ਦੋਸ਼ ਲਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।
ਪਟਨਾਇਕ ਨੇ ਕਿਹਾ ਕਿ ਭਾਰਤ ਨੇ ਸ਼ੁਰੂ ਤੋਂ ਹੀ ਇਸ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਕੈਨੇਡੀਅਨ ਅਧਿਕਾਰੀ ਅਜਿਹੇ ਸਬੂਤ ਸਾਂਝੇ ਕਰਨ ਜੋ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਨਾਲ ਜੋੜਦੇ ਹੋਣ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਕੱਟੜਪੰਥੀ ਤੱਤਾਂ ਦੇ ਇੱਕ ਛੋਟੇ ਸਮੂਹ ਨੂੰ ਦਹਾਕਿਆਂ ਤੋਂ ਬਣੇ ਆਪਸੀ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਉਨ੍ਹਾਂ ਕਿਹਾ, “ਅਜਿਹੇ ਗੂੜ੍ਹੇ ਰਿਸ਼ਤੇ ਨੂੰ ਸੰਭਾਲਣ ਦੀ ਲੋੜ ਹੈ। ਅਸੀਂ ਮੁੱਠੀ ਭਰ ਤੱਤਾਂ ਨੂੰ ਅਜਿਹੇ ਸਬੰਧਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ, ਜਿਨ੍ਹਾਂ ਦੀ ਬੁਨਿਆਦ ਆਪਸ ਵਿੱਚ ਏਨੀ ਮਜ਼ਬੂਤੀ ਨਾਲ ਜੁੜੀ ਹੋਈ ਹੈ।”