Canada ’ਚ ਪੰਜਾਬੀ ਮੂਲ ਦੇ Uber ਡਰਾਈਵਰ ’ਤੇ ਜਿਨਸੀ ਹਮਲੇ ਦੇ ਗੰਭੀਰ ਦੋਸ਼; 25 ਸਾਲਾ ਮਨਦੀਪ ਸਿੰਘ ਗ੍ਰਿਫ਼ਤਾਰ
ਇੱਕੋ ਮਹਿਲਾ ਨਾਲ ਦੋ ਵਾਰ ਜਿਨਸੀ ਹਮਲਾ ਕਰਨ ਦਾ ਮਾਮਲਾ; ਪੁਲੀਸ ਨੇ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ

ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰਲਿੰਗਟਨ ਸ਼ਹਿਰ ਵਿੱਚ ਇੱਕ 25 ਸਾਲਾ ਉਬਰ (Uber) ਡਰਾਈਵਰ ਖ਼ਿਲਾਫ਼ ਇੱਕੋ ਹੀ ਮਹਿਲਾ ਨਾਲ ਇੱਕੋ ਦਿਨ ਦੋ ਵਾਰ ਜਿਨਸੀ ਹਮਲਾ ਕਰਨ ਦੇ ਗੰਭੀਰ ਦੋਸ਼ਾਂ ਮਗਰੋਂ ਸਨਸਨੀ ਫੈਲ ਗਈ ਹੈ। ਹਾਲਟਨ ਰਿਜਨਲ ਪੁਲੀਸ ਸਰਵਿਸ (HRPS) ਨੇ ਐਟੋਬਿਕੋਕ ਦੇ ਰਹਿਣ ਵਾਲੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਹਮਲੇ (Sexual Assault) ਦੇ ਦੋ ਮਾਮਲੇ ਦਰਜ ਕੀਤੇ ਹਨ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਘਟਨਾ ਦੇ ਸਮੇਂ ਉਹ ਉਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਪੁਲੀਸ ਅਨੁਸਾਰ ਇਹ ਘਟਨਾ 16 ਜੂਨ 2026 ਨੂੰ ਸ਼ਾਮ ਕਰੀਬ 5:15 ਵਜੇ ਬਰਲਿੰਗਟਨ GO ਸਟੇਸ਼ਨ (2101 Fairview Street) ਦੇ ਦੱਖਣੀ ਪਾਰਕਿੰਗ ਲਾਟ ਵਿੱਚ ਵਾਪਰੀ। ਜਾਂਚ ਮੁਤਾਬਕ ਮੁਲਜ਼ਮ ਨੇ ਪਹਿਲਾਂ ਮਹਿਲਾ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਉਸ ਉੱਤੇ ਜਿਨਸੀ ਹਮਲਾ ਕੀਤਾ। ਪੀੜਤਾ ਮੌਕੇ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਈ, ਪਰ ਪੁਲੀਸ ਦਾ ਦੋਸ਼ ਹੈ ਕਿ ਮਨਦੀਪ ਸਿੰਘ ਨੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ’ਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਵਿੱਚ ਪਹੁੰਚ ਕੇ ਉਸ ਨਾਲ ਦੂਜੀ ਵਾਰ ਵੀ ਜਿਨਸੀ ਹਮਲਾ ਕੀਤਾ। ਹਾਲਾਂਕਿ, ਇਸ ਘਟਨਾ ਵਿੱਚ ਪੀੜਤਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।

ਪੁਲੀਸ ਜਾਂਚ ਅਤੇ ਗ੍ਰਿਫ਼ਤਾਰੀ
ਮਾਮਲੇ ਦੀ ਜਾਂਚ ਹਾਲਟਨ ਪੁਲੀਸ ਦੀ ਚਾਈਲਡ ਐਬਿਊਜ਼ ਐਂਡ ਸੈਕਸੁਅਲ ਅਸਾਲਟ (CASA) ਯੂਨਿਟ ਵੱਲੋਂ ਕੀਤੀ ਗਈ। ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਹੋਣ ਉਪਰੰਤ 26 ਜੁਲਾਈ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸ ਨੂੰ ਮਿਲਟਨ ਵਿਖੇ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਵਿਰੁੱਧ ਜਿਨਸੀ ਹਮਲੇ ਦੇ ਦੋ ਦੋਸ਼ ਲਗਾਏ ਗਏ ਹਨ।
ਪੁਲੀਸਨੂੰ ਖ਼ਦਸ਼ਾ ਹੈ ਕਿ ਇਸ ਡਰਾਈਵਰ ਦਾ ਅਪਰਾਧਿਕ ਪਿਛੋਕੜ ਹੋ ਸਕਦਾ ਹੈ ਜਾਂ ਇਸ ਨੇ ਪਹਿਲਾਂ ਵੀ ਹੋਰ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਹੋਵੇਗਾ। ਇਸ ਲਈ ਪ੍ਰਸ਼ਾਸਨ ਨੇ ਦੋਸ਼ੀ ਦੀ ਤਸਵੀਰ ਜਾਰੀ ਕਰਦਿਆਂ ਜਨਤਕ ਅਪੀਲ ਕੀਤੀ ਹੈ ਕਿ ਜੇਕਰ ਕੋਈ ਹੋਰ ਵਿਅਕਤੀ ਜਾਂ ਮਹਿਲਾ ਇਸ ਦਾ ਸ਼ਿਕਾਰ ਹੋਈ ਹੈ, ਤਾਂ ਉਹ ਬਿਨਾਂ ਕਿਸੇ ਡਰ ਤੋਂ 905-825-4777 (ਐਕਸਟੈਨਸ਼ਨ 8970) ’ਤੇ CASA ਯੂਨਿਟ ਨਾਲ ਸੰਪਰਕ ਕਰ ਸਕਦੀ ਹੈ। ਗੁਪਤ ਜਾਣਕਾਰੀ Crime Stoppers ਰਾਹੀਂ ਵੀ ਦਿੱਤੀ ਜਾ ਸਕਦੀ ਹੈ।
ਇਸ ਘਟਨਾ ਨੇ ਕੈਨੇਡਾ ਵਿੱਚ ਐਪ-ਅਧਾਰਿਤ ਰਾਈਡ-ਸ਼ੇਅਰ ਸੇਵਾਵਾਂ ਦੀ ਸੁਰੱਖਿਆ ਅਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਗੰਭੀਰ ਚਰਚਾ ਛੇੜ ਦਿੱਤੀ ਹੈ। ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਜਾਂਚ ਹਾਲੇ ਜਾਰੀ ਹੈ ਅਤੇ ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਕਾਨੂੰਨੀ ਤੌਰ ’ਤੇ ਬੇਕਸੂਰ ਹੀ ਮੰਨਿਆ ਜਾਂਦਾ ਹੈ।