Breaking News

Punjab News: ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

Punjab News: ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

Punjab News: ਪਾਲਤੂ ਜਾਨਵਰ ਨੇ ਆਪਣੀ ਵਫ਼ਾਦਾਰੀ ਅਤੇ ਸੂਝਬੂਝ ਨਾਲ ਉਸ ਅੰਨ੍ਹੇ ਕਤਲ ਦਾ ਪਰਦਾਫਾਸ਼ ਕੀਤਾ

Punjab News: ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ ਮੁਹਾਲੀ ਵਿੱਚ ਵਾਪਰੀ ਇਕ ਘਟਨਾ ਨੇ ਇਸ ਸੱਚਾਈ ਨੂੰ ਇੱਕ ਵਾਰ ਫਿਰ ਅਮਰ ਕਰ ਦਿੱਤਾ ਹੈ। ਇੱਕ ਪਾਲਤੂ ਜਾਨਵਰ ਨੇ ਆਪਣੀ ਵਫ਼ਾਦਾਰੀ ਅਤੇ ਸੂਝਬੂਝ ਨਾਲ ਉਸ ਅੰਨ੍ਹੇ ਕਤਲ ਦਾ ਪਰਦਾਫਾਸ਼ ਕੀਤਾ, ਜਿਸਦਾ ਕੋਈ ਸੁਰਾਗ ਮਿਲਣਾ ਪੁਲੀਸ ਲਈ ਵੀ ਮੁਸ਼ਕਲ ਹੋ ਰਿਹਾ ਸੀ। ਪਾਲਤੂ ਕੁੱਤੇ ‘ਰੌਕੀ’ ਦੀ ਬਦੌਲਤ ਹੀ ਅੱਜ ਪੰਜ ਸਾਲ ਪੁਰਾਣੇ ਇਕ ਮਾਮਲੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕੀ ਹੈ।

ਮਾਮਲਾ 12 ਜੂਨ 2021 ਦਾ ਹੈ ਜਦੋਂ ਛੋਟੀ ਬੜੀ ਨੱਗਲ ਦਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਲਈ ਘਰੋਂ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ਼ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ ਸਨ, ਜਿਸਦੇ 40,000 ਰੁਪਏ ਉਸ ਵੱਲ ਬਾਕੀ ਸਨ। ਜਦੋਂ ਸੁੱਚਾ ਸਿੰਘ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ, ਤਾਂ ਉਸਦੇ ਪਰਿਵਾਰ ਨੇ ਹਰ ਪਾਸੇ ਭਾਲ ਕੀਤੀ ਗਈ, ਪਰ ਉਸਦਾ ਕੋਈ ਪਤਾ ਨਹੀਂ ਲੱਗਿਆ।

ਇਸ ਦੌਰਾਨ ਸੁੱਚਾ ਸਿੰਘ ਦਾ ਪਾਲਤੂ ਕੁੱਤਾ ‘ਰੌਕੀ’ ਆਪਣੇ ਮਾਲਕ ਦੀ ਭਾਲ ਵਿੱਚ ਪਰਿਵਾਰ ਲਈ ਉਮੀਦ ਦੀ ਆਖਰੀ ਕਿਰਨ ਬਣਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਰੌਕੀ ਵਾਰ-ਵਾਰ ਉਨ੍ਹਾਂ ਨੂੰ ਖੇਤਾਂ ਵੱਲ ਖਿੱਚ ਕੇ ਲੈ ਜਾਂਦਾ ਹੈ ਅਤੇ ਇੱਕ ਖਾਸ ਜਗ੍ਹਾ ‘ਤੇ ਖੜ੍ਹੇ ਹੋ ਕੇ ਲਗਾਤਾਰ ਭੌਂਕਦਾ ਹੈ। ਕੁੱਤੇ ਦੀ ਇਸ ਅਜੀਬ ਹਰਕਤ ਅਤੇ ਬਾਰ-ਬਾਰ ਇੱਕੋ ਥਾਂ ‘ਤੇ ਇਸ਼ਾਰਾ ਕਰਨ ਤੋਂ ਪਰਿਵਾਰ ਨੂੰ ਸ਼ੱਕ ਹੋਇਆ, ਜਿਸਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ।

ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਦੋਂ ਉਸ ਜਗ੍ਹਾ ਦੀ ਖੁਦਾਈ ਕਰਵਾਈ, ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ ਜਿਸਦਾ ਸਿਰ ਧੜ ਨਾਲੋਂ ਵੱਖ ਕੀਤਾ ਹੋਇਆ ਸੀ। ਇਹ ਲਾਪਤਾ ਸੁੱਚਾ ਸਿੰਘ ਦੀ ਹੀ ਸੀ। ਰੌਕੀ ਵੱਲੋਂ ਦਿਖਾਏ ਗਏ ਇਸ ਅਹਿਮ ਸੁਰਾਗ ਨੇ ਪੁਲੀਸ ਨੂੰ ਜਾਂਚ ਦਾ ਸਹੀ ਰਾਹ ਦਿਖਾਇਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਜਗੀਰ ਸਿੰਘ ਘੋਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਬਾਅਦ ਵਿੱਚ ਦੂਜੀ ਜਗ੍ਹਾ ਤੋਂ ਕਾਤਲਾਂ ਵੱਲੋਂ ਸੁੱਟਿਆ ਗਿਆ ਸਿਰ ਵੀ ਬਰਾਮਦ ਕਰ ਲਿਆ।

ਲੰਬੀ ਕਾਨੂੰਨੀ ਲੜਾਈ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਆਖ਼ਰਕਾਰ ਮੋਹਾਲੀ ਦੀ ਇੱਕ ਅਦਾਲਤ ਨੇ ਪੰਜ ਸਾਲ ਪੁਰਾਣੇ ਇਸ ਸਨਸਨੀਖੇਜ਼ ਕਤਲ ਕੇਸ ਵਿੱਚ ਫ਼ੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਭਾਵੇਂ ਸੁੱਚਾ ਸਿੰਘ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਉਸਦੇ ਵਫ਼ਾਦਾਰ ਸਾਥੀ ‘ਰੌਕੀ’ ਨੇ ਸਾਬਤ ਕਰ ਦਿੱਤਾ ਕਿ ਮੂੰਹੋਂ ਨਾ ਬੋਲ ਸਕਣ ਵਾਲੇ ਜਾਨਵਰ ਵੀ ਆਪਣੇ ਪਿਆਰ ਅਤੇ ਵਫ਼ਾਦਾਰੀ ਨਾਲ ਇਨਸਾਫ਼ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਹੌਂਸਲਾ ਰੱਖਦੇ ਹਨ।

Check Also

GMCH-32 ਦੇ ਡਾਕਟਰ ਕਰਨ ਸਿੰਘ ਸੰਧੂ ਨੇ ਛੇਵੀਂ ਮੰਜ਼ਲ ਤੋਂ ਛਾਲ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

GMCH-32 ਦੇ ਡਾਕਟਰ ਕਰਨ ਸਿੰਘ ਸੰਧੂ ਨੇ ਛੇਵੀਂ ਮੰਜ਼ਲ ਤੋਂ ਛਾਲ ਮਾਰ ਕੇ ਜੀਵਨ ਲੀਲ੍ਹਾ …