Canada: ਪਿਤਾ ਤੇ 5 ਸਾਲਾ ਪੁੱਤਰ ਨੂੰ ਡਿਪੋਰਟ ਕਰਨ ਦੇ ਹੁਕਮ
ਕੈਨੇਡਾ ਵਿੱਚ ਸ਼ਰਨਾਰਥੀ ਦਰਜਾ ਪ੍ਰਾਪਤ ਇੱਕ ਭਾਰਤੀ ਮਹਿਲਾ ਦਾ ਪਤੀ ਅਤੇ ਪੰਜ ਸਾਲਾ ਪੁੱਤਰ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ।
ਰਵੀ ਚੌਹਾਨ ਦਾ ਪਰਿਵਾਰ 2023 ਵਿੱਚ ਭਾਰਤ ਦੇ ਹਰਿਆਣਾ ਸੂਬੇ ਤੋਂ ਕੈਨੇਡਾ ਆਇਆ ਸੀ। ਉਸ ਨੇ ਭਾਰਤ ਵਿੱਚ ਆਪਣੇ ਉੱਤੇ ਹੋਏ ਹਮਲਿਆਂ ਅਤੇ ਧਮਕੀਆਂ ਦਾ ਹਵਾਲਾ ਦਿੰਦਿਆਂ ਸ਼ਰਨ ਲਈ ਅਰਜ਼ੀ ਦਿੱਤੀ ਸੀ।

ਕੈਨੇਡਾ ਵਿੱਚ ਸ਼ਰਨਾਰਥੀ ਦਰਜਾ ਪ੍ਰਾਪਤ ਇੱਕ ਭਾਰਤੀ ਮਹਿਲਾ ਦਾ ਪਤੀ ਅਤੇ ਪੰਜ ਸਾਲਾ ਪੁੱਤਰ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ। ਇਮੀਗ੍ਰੇਸ਼ਨ ਵਕੀਲਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਕੈਨੇਡਾ ਵੱਲੋਂ ਸ਼ਰਨਾਰਥੀ ਪਰਿਵਾਰਾਂ ਨੂੰ ਵੱਖ ਕਰਨ ਦੀ ਵਧ ਰਹੀ ਪ੍ਰਵਿਰਤੀ ਨੂੰ ਦਰਸਾਉਂਦਾ ਹੈ। ਰਵੀ ਚੌਹਾਨ ਅਤੇ ਉਸ ਦਾ ਨਾਬਾਲਗ ਪੁੱਤਰ ਸੋਮਵਾਰ ਨੂੰ ਭਾਰਤ ਭੇਜੇ ਜਾਣ ਵਾਲੇ ਹਨ, ਜਦਕਿ ਉਸ ਦੀ ਪਤਨੀ, ਜਿਸ ਨੂੰ ਕੈਨੇਡਾ ਨੇ ਸ਼ਰਨਾਰਥੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ, ਕੈਨੇਡਾ ਵਿੱਚ ਹੀ ਰਹੇਗੀ। ਇਸ ਸਥਿਤੀ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਕਈ ਸਾਲਾਂ ਤੱਕ ਇੱਕ-ਦੂਜੇ ਨੂੰ ਨਾ ਮਿਲ ਸਕਣ ਦੀ ਸੰਭਾਵਨਾ ਹੈ।
ਕੈਨੇਡਾ ਵਿੱਚ ਰਹਿ ਰਹੇ ਇੱਕ ਸ਼ਰਨਾਰਥੀ ਪਰਿਵਾਰ ਨੂੰ ਵੱਖ ਕਰਨ ਦੀ ਸੰਭਾਵਨਾ ਨੇ ਇਮੀਗ੍ਰੇਸ਼ਨ ਪ੍ਰਣਾਲੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਰਵੀ ਚੌਹਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐੱਸ ਏ) ਦੇ ਮੌਂਟਰੀਅਲ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਨੋਟਿਸ ਮਿਲਿਆ ਸੀ। ਉਹ ਇਸ ਨੂੰ ਇੱਕ ਆਮ ਪ੍ਰਸ਼ਾਸਨਿਕ ਕਾਰਵਾਈ ਸਮਝ ਕੇ ਗਿਆ ਸੀ, ਪਰ ਉੱਥੇ ਅਧਿਕਾਰੀਆਂ ਨੇ ਉਸ ਦੇ ਖ਼ਿਲਾਫ਼ ਡਿਪੋਰਟੇਸ਼ਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਚੌਹਾਨ ਦੇ ਪਰਿਵਾਰ ਅਨੁਸਾਰ, ਅਧਿਕਾਰੀਆਂ ਨੇ ਉਸ ਨੂੰ ਵੱਖਰੇ ਕਮਰੇ ਵਿੱਚ ਲੈ ਜਾ ਕੇ ਪੁੱਛਗਿੱਛ ਕੀਤੀ, ਜਿਸ ਨਾਲ ਉਸ ਦਾ ਨਾਬਾਲਗ ਪੁੱਤਰ ਡਰ ਅਤੇ ਚਿੰਤਾ ਦਾ ਸ਼ਿਕਾਰ ਹੋ ਗਿਆ। ਚੌਹਾਨ ਦੀ ਪਤਨੀ ਨੇ ਕਿਹਾ ਕਿ ਪਰਿਵਾਰ ਨੂੰ ਵੱਖ ਕਰਨ ਦਾ ਖ਼ਿਆਲ ਹੀ ਉਸ ਲਈ ਅਸਹਿਣਸ਼ੀਲ ਹੈ ਕਿਉਂਕਿ ਉਸ ਦਾ ਪੁੱਤਰ ਉਸ ਦੀ ਦੇਖਭਾਲ ਅਤੇ ਸਹਾਰੇ ‘ਤੇ ਨਿਰਭਰ ਹੈ।
ਚੌਹਾਨ ਦੇ ਵਕੀਲ ਸਟੂਅਰਟ ਇਸਟਵਾਨਫ਼ੀ ਨੇ ਕਿਹਾ ਕਿ ਤਿੰਨ ਦਹਾਕਿਆਂ ਦੇ ਆਪਣੇ ਕਾਨੂੰਨੀ ਕੈਰੀਅਰ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਮਾਮਲਾ ਦੇਖਿਆ ਹੈ, ਜਿਸ ਵਿੱਚ ਮਾਨਤਾ ਪ੍ਰਾਪਤ ਸ਼ਰਨਾਰਥੀ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੋਵੇ। ਉਨ੍ਹਾਂ ਦੇ ਅਨੁਸਾਰ, ਇਸ ਤਰ੍ਹਾਂ ਦੀ ਕਾਰਵਾਈ ਦਾ ਕੋਈ ਸਪਸ਼ਟ ਜਨਹਿਤ ਨਜ਼ਰ ਨਹੀਂ ਆਉਂਦਾ। ਇਸ ਮਾਮਲੇ ਨੇ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਵਿੱਚ ਵੀ ਚਿੰਤਾ ਵਧਾ ਦਿੱਤੀ ਹੈ। ਮੌਂਟਰੀਅਲ ਵੈੱਲਕਮ ਕਲੈਕਟਿਵ ਦੀ ਪ੍ਰਤੀਨਿਧੀ ਮੈਰੀਜ਼ ਪੋਇਸਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਉਹ ਅਜਿਹੇ ਦੋ ਹੋਰ ਮਾਮਲਿਆਂ ਨਾਲ ਵੀ ਵਾਕਫ਼ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸਨ।
ਰਵੀ ਚੌਹਾਨ ਦਾ ਪਰਿਵਾਰ 2023 ਵਿੱਚ ਭਾਰਤ ਦੇ ਹਰਿਆਣਾ ਸੂਬੇ ਤੋਂ ਕੈਨੇਡਾ ਆਇਆ ਸੀ। ਉਸ ਦੀ ਪਤਨੀ ਨੇ ਭਾਰਤ ਵਿੱਚ ਆਪਣੇ ਉੱਤੇ ਹੋਏ ਹਮਲਿਆਂ ਅਤੇ ਧਮਕੀਆਂ ਦਾ ਹਵਾਲਾ ਦਿੰਦਿਆਂ ਸ਼ਰਨ ਲਈ ਅਰਜ਼ੀ ਦਿੱਤੀ ਸੀ। ਸਤੰਬਰ 2024 ਵਿੱਚ ਕੈਨੇਡਾ ਨੇ ਉਸ ਨੂੰ ਸ਼ਰਨਾਰਥੀ ਦਰਜਾ ਪ੍ਰਦਾਨ ਕਰ ਦਿੱਤਾ। ਮੌਜੂਦਾ ਨਿਯਮਾਂ ਅਨੁਸਾਰ, ਸ਼ਰਨਾਰਥੀ ਦਰਜਾ ਪ੍ਰਾਪਤ ਵਿਅਕਤੀ ਸਥਾਈ ਨਿਵਾਸ (Permanent Residency) ਦੀ ਅਰਜ਼ੀ ਦੇ ਨਿਪਟਾਰੇ ਤੱਕ ਆਪਣੇ ਮੂਲ ਦੇਸ਼ ਨਹੀਂ ਜਾ ਸਕਦੇ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਚੌਹਾਨ ਅਤੇ ਉਸ ਦਾ ਪੁੱਤਰ ਡਿਪੋਰਟ (Deport) ਹੋ ਜਾਂਦੇ ਹਨ ਤਾਂ ਉਨ੍ਹਾਂ ਲਈ ਮੁੜ ਕੈਨੇਡਾ ਆਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਚੌਹਾਨ ਨੂੰ 48 ਘੰਟਿਆਂ ਲਈ ਹਿਰਾਸਤ ਵਿੱਚ ਵੀ ਰੱਖਿਆ ਗਿਆ ਸੀ। ਉਸ ਦੀ ਰਿਹਾਈ ਲਈ ਪਰਿਵਾਰ ਨੂੰ 4,000 ਡਾਲਰ ਦੀ ਜ਼ਮਾਨਤ ਦਾ ਪ੍ਰਬੰਧ ਕਰਨਾ ਪਿਆ। ਇਸ ਦੌਰਾਨ, ਪਰਿਵਾਰ ਦੇ ਪੰਜ ਸਾਲਾ ਪੁੱਤਰ ਦੀ ਮਾਨਸਿਕ ਸਿਹਤ ‘ਤੇ ਵੀ ਅਸਰ ਪਿਆ। ਸਕੂਲ ਅਧਿਆਪਕਾਂ ਅਨੁਸਾਰ, ਬੱਚਾ ਪੜ੍ਹਾਈ ਵਿੱਚ ਹੋਣਹਾਰ ਹੈ ਅਤੇ ਮਾਂਟਰੀਅਲ (Montreal) ਵਿੱਚ ਫ਼ਰੈਂਚ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਸਿੱਖ ਰਿਹਾ ਹੈ।
ਪਰਿਵਾਰਕ ਪੱਖ ਤੋਂ ਵੀ ਇਹ ਮਾਮਲਾ ਕਾਫ਼ੀ ਸੰਵੇਦਨਸ਼ੀਲ ਹੈ। ਚੌਹਾਨ ਅਤੇ ਉਸ ਦੀ ਪਤਨੀ ਦਾ ਵਿਆਹ 2020 ਵਿੱਚ ਹੋਇਆ ਸੀ। ਇਸ ਵੇਲੇ ਪਰਿਵਾਰ ਦੀ ਮੁੱਖ ਆਮਦਨ ਚੌਹਾਨ ਦੀ ਮਾਂਟਰੀਅਲ (Montreal) ਸਥਿਤ ‘ਟਿਮ ਹੋਰਟਨਜ਼’ (Tim Hortons) ਵਿੱਚ ਨੌਕਰੀ ਤੋਂ ਆਉਂਦੀ ਹੈ, ਜਦਕਿ ਉਸ ਦੀ ਪਤਨੀ ਆਪਣੇ ਪਿਛਲੇ ਤਜਰਬਿਆਂ ਕਾਰਨ ਸਰੀਰਕ ਅਤੇ ਮਾਨਸਿਕ ਚੁਨੌਤੀਆਂ ਨਾਲ ਜੂਝ ਰਹੀ ਹੈ ਅਤੇ ਪੁੱਤਰ ਦੀ ਦੇਖਭਾਲ ਕਰਦੀ ਹੈ।
ਦੂਜੇ ਪਾਸੇ, IRCC ਦੇ ਬੁਲਾਰੇ ਜੈਫ਼ਰੀ ਮੈਕਡੋਨਾਲਡ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਫ਼ੈਸਲਾ ਪੂਰੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਲਿਆ ਜਾਂਦਾ ਹੈ। ਉਨ੍ਹਾਂ ਅਨੁਸਾਰ, ਅਪੀਲ ਦੇ ਸਾਰੇ ਵਿਕਲਪ ਖ਼ਤਮ ਹੋਣ ਤੋਂ ਬਾਅਦ ਹੀ ਡਿਪੋਰਟੇਸ਼ਨ ਦੀ ਕਾਰਵਾਈ ਕੀਤੀ ਜਾਂਦੀ ਹੈ।