From Uber Driver to Italy’s Cricket Star | Inspiring Journey of Jaspreet Singh |
ਕੈਬ ਡਰਾਈਵਰ ਤੋਂ ਕ੍ਰਿਕਟਰ ਬਣਿਆ ਜਸਪ੍ਰੀਤ ਸਿੰਘ
ਇਟਲੀ ਦੀ ਟੀਮ ’ਚ ਖੇਡਣ ਵਾਲੇ ਜਸਪ੍ਰੀਤ ਸਿੰਘ ਦਾ ਫਗਵਾੜਾ ਨਾਲ ਹੈ ਸਬੰਧ

ਅੱਜ ਇਸ ਪੰਜਾਬੀ ਨੂੰ ਕੌਮੀ ਹੀ ਨਹੀਂ, ਕੌਮਾਂਤਰੀ ਮੀਡੀਆ ਵੀ ਸਲਾਮ ਠੋਕ ਰਿਹਾ ਹੈ। ਦਰਅਸਲ, ਲੰਮਾ ਸਮਾਂ ਪਹਿਲਾਂ ਫਗਵਾੜੇ ਤੋਂ ਇਟਲੀ ਗਏ ਇੱਕ ਪੰਜਾਬੀ ਪਰਵਾਰ ਦਾ ਇਹ ਮੁੰਡਾ ਕ੍ਰਿਕਟ ਲਈ ਏਨਾ ਜਨੂੰਨੀ ਸੀ ਕਿ ਜਿਸ ਇਟਲੀ ਵਿੱਚ ਕ੍ਰਿਕਟ ਦਾ ਢਾਂਚਾ ਨਾ ਦੇ ਬਰਾਬਰ ਹੋਣ ਦੇ ਬਾਵਜੂਦ ਆਪਣੇ ਸ਼ੌਂਕ ਦਾ ਪੱਲਾ ਨਹੀਂ ਛੱਡਿਆ। ਇੱਕ ਗੁਰਦੁਆਰਾ ਸਾਹਿਬ ਵਿੱਚ ਆਪਣੇ ਭਾਈਚਾਰੇ ਵੱਲੋਂ ਦਿੱਤੇ ਸਮਰਥਨ ਤੇ ਸਲਾਹ ਸਦਕਾ ਇੰਗਲੈਂਡ ਚਲਾ ਗਿਆ। ਜਿੱਥੇ ਲਗਾਤਾਰ ਕ੍ਰਿਕਟ ਸਿੱਖੀ ਤੇ ਖੇਡੀ। ਖਰਚ ਕੱਢਣ ਲਈ ਟੈਕਸੀ ਚਲਾਈ ਤੇ ਮਿਹਨਤ ਕਰਦਾ ਰਿਹਾ। ਫਿਰ ਇਟਲੀ ਲਈ 2019 ਵਿੱਚ ਡੈਬਿਊ ਕੀਤਾ। ਇੱਕੋ ਸੁਫਨਾ ਸੀ ਕਿ ਇਟਲੀ ਨੂੰ ਸੰਸਾਰ ਕੱਪ ਵਿੱਚ ਜਗ੍ਹਾ ਦੁਆਉਣੀ ਹੈ। 2024 ਵਿੱਚ ਐਨ ਕੰਢੇ ‘ ਤੇ ਆ ਕੇ ਆਇਰਲੈਂਡ ਨੇ ਇਹ ਸੁਫਨਾ ਤੋੜ ਦਿੱਤਾ। ਪਰ ਇਸ ਵਾਰ ਇਹ ਸੁਫਨਾ ਪੂਰਾ ਹੋ ਗਿਆ। ਇਸ ਯਤਨ ਵਿੱਚ ਇਸ ਨੌਜਵਾਨ ਦਾ ਪੂਰਾ ਹੱਥ ਰਿਹਾ। ਇੱਕ ਵੇਲੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਵਾਲੇ ਤੀਰਥ ਸਿੰਘ ਦਾ ਸਪੁੱਤਰ ਜਸਪ੍ਰੀਤ ਸਿੰਘ ਨਾਂਅ ਦਾ ਇਹ ਮੁੰਡਾ ਅੱਜ ਨੈਸ਼ਨਲ ਹੀ ਨਹੀਂ, ਇੰਟਰਨੈਸ਼ਨਲ ਮੀਡੀਆ ਵਿੱਚ ਵੀ ਛਾਇਆ ਪਿਆ ਹੈ। ਸਲਾਮ ! ਜਸਪ੍ਰੀਤ ਵੀਰੇ !!!!
– ਮਿੰਟੂ ਗੁਰੂਸਰੀਆ
ਚੰਡੀਗੜ੍ਹ : ਪਹਿਲੀ ਵਾਰ ਟੀ-20 ਵਿਸ਼ਵ ਕੱਪ ਖੇਡ ਰਹੀ ਇਟਲੀ ਕ੍ਰਿਕਟ ਟੀਮ ਦਾ ਹਰਫਨਮੌਲਾ ਖਿਡਾਰੀ ਜਸਪ੍ਰੀਤ ਸਿੰਘ 22 ਸਾਲ ਮਗਰੋਂ ਵੀ ਆਪਣੇ ਜੱਦੀ ਸ਼ਹਿਰ ਫਗਵਾੜੇ ਨੂੰ ਨਹੀਂ ਭੁੱਲਿਆ। ਦਸ ਸਾਲ ਦੀ ਉਮਰ ਵਿੱਚ ਆਪਣੇ ਮਾਤਾ-ਪਿਤਾ ਨਾਲ ਬਰਗਮੋ ਜਾਣ ਦੇ ਬਾਵਜੂਦ ਉਸ ਦਾ ਆਪਣੀ ਮਾਂ ਬੋਲੀ ਅਤੇ ਪੰਜਾਬ ਨਾਲ ਹੁਣ ਵੀ ਲਗਾਅ ਹੈ। ਇਟਲੀ ਵਿੱਚ ਸ਼ੁਰੂਆਤੀ ਦਿਨ ਚੰਗੇ ਨਹੀਂ ਸਨ ਕਿਉਂਕਿ ਉਸ ਦੇ ਪਿਤਾ ਤੀਰਥ ਸਿੰਘ ਅਤੇ ਮਾਂ ਜਸਵੀਰ ਕੌਰ ਨੂੰ ਅਣਜਾਣ ਸ਼ਹਿਰ ਵਿੱਚ ਫੈਕਟਰੀ ਮਜ਼ਦੂਰ ਵਜੋਂ ਕੰਮ ਕਰਨਾ ਪਿਆ।

ਜਸਪ੍ਰੀਤ ਨੇ ਦੱਸਿਆ ਕਿ ਜਦੋਂ ਸਾਨੂੰ ਇਟਲੀ ਜਾਣ ਦਾ ਮੌਕਾ ਮਿਲਿਆ ਤਾਂ ਇਹ ਮੇਰੇ ਪਰਿਵਾਰ ਲਈ ਵੱਡਾ ਦਿਨ ਸੀ, ਪਰ ਸਾਨੂੰ ਥੋੜ੍ਹੀ ਚਿੰਤਾ ਸੀ ਕਿਉਂਕਿ ਸਾਡੇ ਲਈ ਸਭ ਕੁੱਝ ਨਵਾਂ ਸੀ। ਮੈਂ ਸੋਚ ਰਿਹਾ ਸੀ ਕਿ ਕ੍ਰਿਕਟ ਕਿਵੇਂ ਖੇਡਾਂ, ਜੋ ਮੈਂ ਆਪਣੇ ਸ਼ਹਿਰ ਵਿੱਚ ਬਚਪਨ ਵਿੱਚ ਖੇਡਦਾ ਸੀ। ਕ੍ਰਿਕਟ ਦੇ ਮਾਮਲੇ ਵਿੱਚ ਇਟਲੀ ਵਰਗੇ ਦੇਸ਼ ਵਿੱਚ ਜਾਣਾ ਮੁਸ਼ਕਲ ਸੀ ਕਿਉਂਕਿ ਇਸ ਯੂਰੋਪੀਅਨ ਦੇਸ਼ ਵਿੱਚ ਕੋਈ ਜ਼ਿਆਦਾ ਢੁਕਵਾਂ ਬੁਨਿਆਦੀ ਢਾਂਚਾ ਨਹੀਂ ਸੀ। ਉਹ ਸਥਾਨਕ ਬਰਗਮੋ ਕ੍ਰਿਕਟ ਕਲੱਬ ਨਾਲ ਜੁੜ ਗਿਆ; ਹਾਲਾਂਕਿ ਇਸ ਦੌਰਾਨ ਉਸ ਨੇ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਣ ਲਈ ਦੋ ਸਾਲ ਦਾ ਇਲੈਕਟ੍ਰਿਸ਼ਨ ਦਾ ਕੋਰਸ ਵੀ ਪੂਰਾ ਕੀਤਾ।
ਜਸਪ੍ਰੀਤ ਨੂੰ ਛੇਤੀ ਹੀ ਸਥਾਨਕ ਗੁਰਦੁਆਰੇ ਵਿੱਚ ਮਿਲੇ ਕੁਝ ਭਾਰਤੀ ਪਰਵਾਸੀਆਂ ਦੀ ਮਦਦ ਨਾਲ ਆਪਣੇ ਕ੍ਰਿਕਟ ਦੇ ਹੁਨਰ ਨੂੰ ਨਿਖਾਰਨ ਦਾ ਤਰੀਕਾ ਮਿਲ ਗਿਆ। ਬਰਮਿੰਘਮ ਐਂਡ ਡਿਸਟਿਕ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੇ 32 ਸਾਲਾ ਜਸਪ੍ਰੀਤ ਨੇ ਕਿਹਾ ਕਿ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਇੰਗਲੈਂਡ ਜਾ ਕੇ ਉੱਥੇ ਖੇਡਣਾ ਸ਼ੁਰੂ ਕੀਤਾ, ਕਿਉਂਕਿ ਉੱਥੇ ਟਰਫ ਵਿਕਟ ਸੀ ਅਤੇ ਖਰਚੇ ਪੂਰੇ ਕਰਨ ਲਈ ਮੈਂ ਊਬਰ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ।

ਖੱਬੇ ਹੱਥ ਦੇ ਗੇਂਦਬਾਜ਼ ਜਸਪ੍ਰੀਤ ਨੇ 2019 ਵਿੱਚ ਨਾਰਵੇ ਖ਼ਿਲਾਫ਼ ਪਹਿਲੀ ਵਾਰ ਇਟਲੀ ਟੀਮ ਵਿੱਚ ਥਾਂ ਬਣਾਈ। ਇਟਲੀ 2024 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਨਜ਼ਦੀਕ ਪਹੁੰਚ ਗਿਆ ਸੀ ਪਰ ਆਇਰਲੈਂਡ ਤੋਂ ਹਾਰ ਨਾਲ ਉਮੀਦਾਂ ਟੁੱਟ ਗਈਆਂ; ਹਾਲਾਂਕਿ ਟੀਮ ਨੇ ਅਗਲੇ ਸਾਲ ਜੂਨ 2025 ਵਿੱਚ ਯੂਰੋਪੀਅਨ ਖੇਤਰੀ ਕੁਆਲੀਫਾਇਰ ਵਿੱਚ ਸਿਖਰ ’ਤੇ ਰਹਿ ਕੇ ਆਪਣਾ ਸੁਫਨਾ ਪੂਰਾ ਕੀਤਾ। ਜਸਪ੍ਰੀਤ ਲਈ ਭਾਰਤ ਦੀ ਯਾਤਰਾ ਸਿਰਫ਼ ਆਪਣੀ ਮਾਂ ਧਰਤੀ ’ਤੇ ਵਾਪਸੀ ਨਹੀਂ ਸਗੋਂ ਦੇਸ਼ ਵਿੱਚ ਵਿਸ਼ਵ ਪੱਧਰੀ ਕ੍ਰਿਕਟ ਸਹੂਲਤਾਂ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਵੀ ਹੈ।