Bathinda News : ਦਰੱਖਤ ‘ਚੋਂ ਪਤੰਗ ਕੱਢਣ ਗਏ 13 ਸਾਲ ਦੇ ਬੱਚੇ ਦੀ ਹੋਈ ਮੌਤ ,ਪਰਿਵਾਰ ਦਾ ਰੋ -ਰੋ ਬੁਰਾ ਹਾਲ
Bathinda News : ਜਿੱਥੇ ਪੰਜਾਬ ਦੇ ਅੰਦਰ ਪਾਬੰਦੀਆਂ ਦੇ ਬਾਵਜੂਦ ਕਾਤਲ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ। ਜਿਸਦੇ ਕਾਰਨ ਸੈਂਕੜੇ ਹੀ ਲੋਕ ਹੁਣ ਤੱਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਉੱਥੇ ਹੀ ਪਤੰਗ ਲੁੱਟਣ ਦੇ ਚੱਕਰ ‘ਚ ਕਈ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਦਰੱਖਤ ਤੋਂ ਪਤੰਗ ਉਤਾਰਦੇ ਸਮੇਂ ਹਾਦਸੇ ਵਿੱਚ ਇੱਕ 13 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ 13 ਸਾਲਾਂ ਜਸ਼ਨਪ੍ਰੀਤ ਪਿੰਡ ਢਪਾਲੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਸ਼ਨੀਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਪਿੰਡ ਦੀ ਅਨਾਜ ਮੰਡੀ ਦੇ ਨੇੜੇ ਇੱਕ ਖਾਲੀ ਜਗ੍ਹਾ ਵਿੱਚ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਸਦੀ ਪਤੰਗ ਨੇੜੇ ਦੇ ਇੱਕ ਦਰੱਖਤ ਦੀ ਟਾਹਣੀ ਵਿੱਚ ਫਸ ਗਈ। ਜਦੋਂ ਜਸ਼ਨ ਆਪਣੀ ਪਤੰਗ ਕੱਢਣ ਲਈ ਇੱਕ ਬਿਲਡਿੰਗ ਦੇ ਪਿਲਰ ‘ਤੇ ਚੜ੍ਹਨ ਲੱਗਾ ਤਾਂ ਖਸਤਾ ਹਾਲਤ ਪਿਲਰ ਅਚਾਨਕ ਡਿੱਗ ਗਿਆ, ਜਿਸ ਨਾਲ ਜਸ਼ਨ ਮਲਬੇ ਹੇਠ ਦੱਬ ਗਿਆ।
ਆਸ -ਪਾਸ ਕੋਈ ਨਾ ਹੋਣ ਕਰਕੇ ਕਿਸੇ ਨੂੰ ਘਟਨਾ ਦਾ ਪਤਾ ਨਹੀਂ ਲੱਗਿਆ। ਪਰਿਵਾਰ ਨੇ ਸਾਰੀ ਰਾਤ ਬੱਚੇ ਦੀ ਭਾਲ ਕੀਤੀ ਪਰ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਬੱਚੇ ਦੀ ਲਾਸ਼ ਪਿਲਰ ਹੇਠਾਂ ਦੱਬੀ ਹੋਈ ਹੈ। ਜਦੋਂ ਮਲਬਾ ਹਟਾਇਆ ਗਿਆ ਤਾਂ 13 ਸਾਲਾ ਜਸ਼ਨ ਦੀ ਲਾਸ਼ ਬਰਾਮਦ ਹੋਈ। ਐਤਵਾਰ ਸਵੇਰੇ 10 ਵਜੇ ਤੱਕ ਉਨ੍ਹਾਂ ਨੂੰ ਪਤਾ ਲੱਗਾ ਕਿ ਜਸ਼ਨ ਦੀ ਮੌਤ ਹੋ ਚੁੱਕੀ ਸੀ।
ਜਸ਼ਨਪ੍ਰੀਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਦੋ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸਦੇ ਪਿਤਾ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਮਜ਼ਦੂਰੀ ਕਰਦੇ ਹਨ। ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।