Punjab -ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਇਸ ਮਹਿਕਮੇ ਦੀ ਮਹਿਲਾ ਮੁਲਾਜ਼ਮ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ, ਵਿਭਾਗ ‘ਚ ਹਲਚਲ
ਗੁਰਦਾਸਪੁਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ ਵਿਜੀਲੈਂਸ ਬਿਊਰੋ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੰਜਾਬ ਵਿਜੀਲੈਂਸ ਬਿਊਰੋ ਦੀ ਰੇਂਜ ਅੰਮ੍ਰਿਤਸਰ ਅਧੀਨ ਯੂਨਿਟ ਗੁਰਦਾਸਪੁਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਰਿਤਿਕਾ ਅਰੋੜਾ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਵਿਜੀਲੈਂਸ ਬਿਊਰੋ ਥਾਣਾ, ਰੇਂਜ ਅੰਮ੍ਰਿਤਸਰ ਵਿੱਚ ਐਫਆਈਆਰ ਨੰਬਰ 02 ਮਿਤੀ 19-01-2026 ਦਰਜ ਕੀਤੀ ਗਈ ਹੈ, ਜੋ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 (ਸੰਸ਼ੋਧਿਤ 2018) ਦੀ ਧਾਰਾ 7 ਅਧੀਨ ਹੈ।
1 ਲੱਖ ਰੁਪਏ ਦੀ ਰਿਸ਼ਵਤ ਦੀ ਕੀਤੀ ਡਿਮਾਂਡ
ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ, ਵਾਸੀ ਪਿੰਡ ਲਹੇਲ, ਜ਼ਿਲ੍ਹਾ ਗੁਰਦਾਸਪੁਰ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਪਿੰਡ ਲਹੇਲ ਵਿੱਚ 7 ਕਨਾਲ 17.5 ਮਰਲਾ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ‘ਤੇ ਪਲਾਟ ਕੱਟਣ ਤੋਂ ਬਾਅਦ ਉਨ੍ਹਾਂ ਦੀ ਰਜਿਸਟਰੀ ਲਈ ਜ਼ਿਲ੍ਹਾ ਟਾਊਨ ਪਲਾਨਰ ਦਫ਼ਤਰ ਵਿੱਚ ਅਰਜ਼ੀ ਦਿੱਤੀ ਗਈ ਸੀ। ਦੋਸ਼ ਹੈ ਕਿ ਇਸ ਮਾਮਲੇ ਵਿੱਚ ਰਿਤਿਕਾ ਅਰੋੜਾ ਵੱਲੋਂ ਬਿਨਾਂ ਕਿਸੇ ਠੋਸ ਕਾਰਨ ਦੇ ਫ਼ਾਈਲ ਨੂੰ ਲੰਬਿਤ ਰੱਖਿਆ ਗਿਆ ਅਤੇ ਬਾਅਦ ਵਿੱਚ ਪਲਾਟਾਂ ਦੀ ਮਨਜ਼ੂਰੀ ਦੇ ਬਦਲੇ ਪ੍ਰਤੀ ਪਲਾਟ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ।
ਵਿਜੀਲੈਂਸ ਵੱਲੋਂ ਇੰਝ ਵਿਛਾਇਆ ਗਿਆ ਜਾਲ
ਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਯੋਜਨਾਬੱਧ ਤਰੀਕੇ ਨਾਲ ਟ੍ਰੈਪ ਲਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਸ਼ੀ ਅਧਿਕਾਰੀ ਰਿਤਿਕਾ ਅਰੋੜਾ ਨੂੰ ਉਸਦੇ ਦਫ਼ਤਰ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਕਾਰਵਾਈ ਦੌਰਾਨ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।