ਐਡਮਿੰਟਨ (ਅਲਬਰਟਾ) ਵਿਖੇ ਫਿਰੌਤੀਆਂ ਵਾਸਤੇ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ‘ਚ 22 ਸਾਲਾ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਨੂੰ ਸਾਢੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪਰਮਿੰਦਰ ਨੇ ਮੰਨਿਆ ਕਿ 11 ਅਕਤੂਬਰ 2023 ਨੂੰ ਉਸ ਨੇ “ਪ੍ਰੋਜੈਕਟ ਗੈਸਲਾਈਟ” ਅਧੀਨ ਇੱਕ ਅਪਰਾਧਿਕ ਗਿਰੋਹ ਦੇ ਹੁਕਮਾਂ ’ਤੇ ਨੌ ਥਾਂ ਗੋਲੀਆਂ ਚਲਾਈਆਂ। ਇਸ ਗਿਰੋਹ ’ਤੇ 12 ਜਾਇਦਾਦਾਂ ਨੂੰ ਅੱਗ ਲਗਾਉਣ ਦੇ ਦੋਸ਼ ਵੀ ਹਨ।
ਆਦਲਾਤੀ ਦਸਤਾਵੇਜ਼ਾਂ ਮੁਤਾਬਕ ਟ੍ਰਾਇਲ ਦੀ ਉਡੀਕ ਦੌਰਾਨ ਵੀ ਪਰਮਿੰਦਰ ਨੇ ਗੈਂਗ ਮੈਂਬਰਾਂ ਨੂੰ ਫਿਰੌਤੀ ਅਤੇ ਅੱਗਜ਼ਨੀ ਦੀਆਂ ਕਾਰਵਾਈਆਂ ਜਾਰੀ ਰੱਖਣ ਲਈ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਗਿਰੋਹ ਦੇ ਕਥਿਤ ਸਰਗਣੇ ਮਨਿੰਦਰ ਧਾਲੀਵਾਲ ਨੂੰ 2024 ਵਿੱਚ ਯੂਏਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਨੂੰ ਕੈਨੇਡਾ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਦਕਿ ਇਕ ਹੋਰ ਸੀਨੀਅਰ ਮੈਂਬਰ ਹਰਪ੍ਰੀਤ ਉੱਪਲ ਅਤੇ ਉਸ ਦੇ ਬੇਕਸੂਰ ਬੱਚੇ ਦੀ ਐਡਮਿੰਟਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪਹਿਲਾਂ ਕੱਟੀ ਗਈ ਕੈਦ ਦਾ ਕਰੈਡਿਟ ਮਿਲਣ ਤੋਂ ਬਾਅਦ ਪਰਮਿੰਦਰ ਨੂੰ ਹੁਣ ਕਰੀਬ ਚਾਰ ਸਾਲ ਹੋਰ ਕੈਦ ਭੋਗਣੀ ਪਵੇਗੀ।
ਉਹ ਕੈਨੇਡੀਅਨ ਨਾਗਰਿਕ ਨਹੀਂ ਹੈ, ਇਸ ਲਈ ਸਜ਼ਾ ਪੂਰੀ ਹੋਣ ਮਗਰੋਂ ਉਸ ਨੂੰ ਦੇਸ਼ ਤੋਂ ਨਿਕਾਲੇ ਜਾਣ ਦੀ ਪੂਰੀ ਸੰਭਾਵਨਾ ਹੈ।
*ਐਬਸਫੋਰਡ ਵਿੱਚ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਫੜੇ ਗਏ 22 ਸਾਲਾ ਗੁਰਸੇਵਕ ਸਿੰਘ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਗਲੀ ਤਾਰੀਕ 12 ਜਨਵਰੀ ਪਈ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ