ਸ਼ੋਅ ਬੰਦ ਹੁੰਦੇ ਹੀ ਕਰੋੜਾਂ ਦੇ ਕਰਜ਼ ‘ਚ ਡੁੱਬੀ ਪ੍ਰਸਿੱਧ ਅਦਾਕਾਰਾ, ਸੜਕਾਂ ‘ਤੇ ਕੱਟੀਆਂ ਰਾਤਾਂ
‘ਉਤਰਨ’ ਨਾਲ ਮਸ਼ਹੂਰ ਹੋਈ ਇਸ ਚੋਟੀ ਦੀ ਅਦਾਕਾਰਾ ਲਈ ਸਫ਼ਲਤਾ ਦੀਆਂ ਪੌੜੀਆਂ ਚੜ੍ਹਨਾ ਆਸਾਨ ਨਹੀਂ ਸੀ। ਅਭਿਨੇਤਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਟੀ. ਵੀ. ਸ਼ੋਅ ਖ਼ਤਮ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਰੁਕਾਵਟ ਆ ਗਈ। ਉਸ ‘ਤੇ ਕਰੋੜਾਂ ਦਾ ਕਰਜ਼ਾ ਹੋ ਗਿਆ। ਅਦਾਕਾਰਾ ਨੇ ਕਈ ਨਿੱਜੀ ਅਤੇ ਪੇਸ਼ੇਵਰ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।
ਕਰੋੜਾਂ ਦੇ ਕਰਜ਼ੇ ‘ਚ ਡੁੱਬੀ
ਰਸ਼ਮੀ ਦੇਸਾਈ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਕਦੇ ਵੀ ਆਸਾਨ ਨਹੀਂ ਰਹੀ। ਉਨ੍ਹਾਂ ਨੇ ਦੱਸਿਆ ”ਮੈਂ ਇੱਕ ਘਰ ਖਰੀਦਿਆ ਸੀ ਅਤੇ ਮੇਰੇ ਸਿਰ ‘ਤੇ 2.5 ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਤੋਂ ਇਲਾਵਾ ਮੈਨੂੰ ਯਾਦ ਹੈ ਕਿ ਮੇਰੇ ‘ਤੇ ਕੁੱਲ 3.25 ਤੋਂ 3.5 ਕਰੋੜ ਰੁਪਏ ਦਾ ਕਰਜ਼ਾ ਸੀ।
4 ਦਿਨ ਸੜਕਾਂ ‘ਤੇ ਕੱਟੇ
ਰਸ਼ਮੀ ਦੇਸਾਈ ਨੇ ਅੱਗੇ ਕਿਹਾ, ”ਮੈਨੂੰ ਲੱਗਦਾ ਸੀ ਕਿ ਸਭ ਕੁਝ ਠੀਕ-ਠਾਕ ਹੈ। ਆਮ ਹੈ…ਮੇਰਾ ਸ਼ੋਅ ਅਚਾਨਕ ਬੰਦ ਹੋ ਗਿਆ। ਮੈਂ ਚਾਰ ਦਿਨ ਸੜਕਾਂ ‘ਤੇ ਕੱਟੇ, ਮੇਰੇ ਕੋਲ ਇੱਕ ਔਡੀ A6 ਸੀ, ਜਿਸ ‘ਚ ਮੈਂ ਸੌਂਦੀ ਸੀ। ਮੈਂ ਆਪਣਾ ਸਾਮਾਨ ਆਪਣੇ ਮੈਨੇਜਰ ਦੇ ਘਰ ਰੱਖ ਦਿੱਤਾ ਸੀ ਅਤੇ ਮੈਂ ਆਪਣੇ-ਆਪ ਨੂੰ ਆਪਣੇ ਪਰਿਵਾਰ ਤੋਂ ਪੂਰੀ ਤਰ੍ਹਾਂ ਦੂਰ ਕਰ ਲਿਆ ਸੀ।
ਰਸ਼ਮੀ ਦੇਸਾਈ ਨੇ ਉਸ ਔਖੇ ਸਮੇਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਰਿਕਸ਼ਾ ਚਾਲਕਾਂ ਤੋਂ ਸਿਰਫ਼ 20 ਰੁਪਏ ‘ਚ ਖਾਣਾ ਖਾਣਾ ਪੈਂਦਾ ਸੀ। ਕਈ ਵਾਰ ਖਾਣੇ ‘ਚ ਕੰਕਰ ਵੀ ਮਿਲ ਜਾਂਦੇ ਸਨ। ਉਨ੍ਹਾਂ ਨੇ ਕਿਹਾ, ਮੇਰੀ ਜ਼ਿੰਦਗੀ ‘ਚ ਉਹ 4 ਦਿਨ ਬਹੁਤ ਮੁਸ਼ਕਿਲ ਭਰੇ ਸਨ।
ਇਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਮਰਨਾ ਬਿਹਤਰ
ਰਸ਼ਮੀ ਦੇਸਾਈ ਨੇ ਅੱਗੇ ਕਿਹਾ, ”ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਬਾਰੇ ਸੋਚਿਆ ਵੀ ਨਹੀਂ ਸੀ। ਮੈਂ ਹਰ ਚੀਜ਼ ‘ਚ ਇੰਨੀ ਉਲਝ ਗਈ ਕਿ ਮੈਂ ਆਪਣੇ ਬਾਰੇ ਹੀ ਭੁੱਲ ਗਈ। ਮੈਂ ਆਪਣੇ-ਆਪ ‘ਤੇ ਕੰਮ ਕੀਤਾ ਅਤੇ ਲੰਬੇ ਸਮੇਂ ਤੱਕ ਤਣਾਅ ‘ਚ ਰਹਿਣ ਤੋਂ ਬਾਅਦ ਆਪਣੇ-ਆਪ ਨੂੰ ਉਭਾਰਿਆ।
ਰਸ਼ਮੀ ਨੇ ਆਪਣੇ ਰਿਲੇਸ਼ਨਸ਼ਿਪ ਬਾਰੇ ਕਿਹਾ, ”ਮੇਰਾ ਤਲਾਕ ਹੋ ਗਿਆ, ਫਿਰ ਮੇਰੇ ਦੋਸਤਾਂ ਨੇ ਸੋਚਿਆ ਕਿ ਮੈਂ ਬਹੁਤ ਮੁਸ਼ਕਿਲ ‘ਚ ਹਾਂ ਕਿਉਂਕਿ ਮੈਂ ਜ਼ਿਆਦਾ ਕੁਝ ਨਹੀਂ ਬੋਲਦੀ ਸੀ। ਮੇਰੇ ਪਰਿਵਾਰ ਨੇ ਸੋਚਿਆ ਕਿ ਮੇਰੇ ਸਾਰੇ ਫੈਸਲੇ ਗਲਤ ਸਨ। ਮੈਂ ਸ਼ੋਅ ਕੀਤੇ, ਸੁੱਤੀ ਨਹੀਂ ਅਤੇ ਬਾਹਰੋਂ ਕੁਝ ਨਹੀਂ ਦਿਖਾਇਆ ਪਰ ਅੰਦਰੋਂ ਮੈਂ ਤਣਾਅ ਨਾਲ ਭਰੀ ਹੋਈ ਸੀ। ਮੈਂ ਸੋਚਦੀ ਸੀ, ਇਹ ਕਿਹੋ ਜਿਹੀ ਜ਼ਿੰਦਗੀ ਹੈ? ਮਰਨਾ ਬਿਹਤਰ ਹੋਵੇਗਾ”