Rajpura : ਰਾਜਪੁਰਾ ਦਾ ਗਾਇਕ ਜੱਸ ਗਰੇਵਾਲ ਕਬੂਤਰਬਾਜ਼ੀ ਦੇ ਦੋਸ਼ ਵਿੱਚ ਗ੍ਰਿਫ਼ਤਾਰ
Rajpura News : ਲੋਕਾਂ ਨੂੰ ਵਿਦੇਸ਼ ਭੇਜਣ ਦਾ ਵੀ ਕਰਦਾ ਸੀ ਕੰਮ
Rajpura News in Punjabi : ਰਾਜਪੁਰਾ ਦੇ ਇੱਕ ਜੱਸ ਗਰੇਵਾਲ ਨਾਂ ਦੇ ਗਾਇਕ ਨੂੰ ਦਿੱਲੀ ਪੁਲਿਸ ਵੱਲੋਂ ਕਬੂਤਰਬਾਜ਼ੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪੁਰਾ ਨਿਵਾਸੀ ਜਗਜੀਤ ਸਿੰਘ ਉਰਫ ਜੱਸ ਗਰੇਵਾਲ ,ਜੋ ਕਿ ਪੰਜਾਬੀ ਗੀਤ ਗਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਅਤੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਵੀ ਕਰਦਾ ਸੀ। ਉਸਨੇ ਕੁਝ ਸਮਾਂ ਪਹਿਲਾਂ ਮਾਨਸਾ ਦੇ ਨੌਜਵਾਨ ਨਵਜੋਤ ਸਿੰਘ ਨੂੰ ਅਮਰੀਕਾ ਭੇਜਿਆ ਸੀ ।
ਜਿੱਥੇ ਉਸ ਨੂੰ ਅਮਰੀਕੀ ਅਧਿਕਾਰੀਆਂ ਹਿਰਾਸਤ ਵਿੱਚ ਲੈ ਕੇ ਪੰਜ ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਅਤੇ ਜਦੋਂ ਉਹ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਦੇ ਦਿੱਲੀ ਸਥਿਤ ਹਵਾਈ ਅੱਡੇ ਤੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਦੌਰਾਨ ਉਸ ਦੇ ਪਾਸਪੋਰਟ ਤੇ ਇਮੀਗ੍ਰੇਸ਼ਨ ਦੀਆਂ ਹੋਈਆਂ ਐਂਟਰੀਆਂ ਅਧਿਕਾਰਤ ਰਿਕਾਰਡ ਨਾਲ ਮੇਲ ਨਹੀਂ ਸੀ ਖਾ ਰਹੀਆਂ।
ਜਦੋਂ ਦਿੱਲੀ ਪੁਲਿਸ ਨੇ ਨਵਜੋਤ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਜਗਜੀਤ ਸਿੰਘ ਉਰਫ ਜੱਸ ਗਰੇਵਾਲ ਦਾ ਨਾਂ ਲਿਆ ਕਿ ਉਸਨੇ 41 ਲੱਖ ਰੁਪੱਈਏ ਲੈ ਕੇ ਨਵਜੋਤ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਸੀ, ਜਿੱਥੇ ਫ਼ੜੇ ਜਾਣ ਕਾਰਨ ਉਹ (ਨਵਜੋਤ ਸਿੰਘ )ਪੰਜ ਮਹੀਨੇ ਜੇਲ੍ਹ ਵਿੱਚ ਰਿਹਾ। ਉਸ ਤੋਂ ਬਾਅਦ ਨਵਜੋਤ ਸਿੰਘ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਭੇਜਿਆ ਗਿਆ। ਦਿੱਲੀ ਪੁਲਿਸ ਵੱਲੋਂ ਨਵਜੋਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਜਗਜੀਤ ਸਿੰਘ ਉਰਫ ਜੱਸ ਗਰੇਵਾਲ ਨੂੰ ਰਾਜਪੁਰਾ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ।
ਜਦੋਂ ਇਸ ਸਬੰਧੀ ਰਾਜਪੁਰਾ ਸਿਟੀ ਥਾਣੇ ਦੇ ਐਸਐਚਓ ਕਿਰਪਾਲ ਸਿੰਘ ਮੋਹੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ ।