ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਇੱਕ 45 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਇੱਕ ਡੱਬੇ ਵਿੱਚ ਪਰਿਵਾਰ ਨੂੰ ਭੇਜ ਦਿੱਤੀ ਗਈ। ਇੰਨਾ ਹੀ ਨਹੀਂ ਮ੍ਰਿਤਕ ਦੇਹ ਭੇਜਣ ਦੇ ਨਾਲ-ਨਾਲ ਪਰਿਵਾਰ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਗਈ ਹੈ।
ਬਕਸੇ ਦੇ ਨਾਲ ਹੀ ਦੋਸ਼ੀਆਂ ਨੇ ਇੱਕ ਪੱਤਰ ਵੀ ਭੇਜਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਈ ਸਾਲ ਪਹਿਲਾਂ ਲਏ ਕਰਜ਼ੇ ਦੇ ਵਿਆਜ ਸਮੇਤ ਰਕਮ ਹੈ।
ਇਸ ਤੋਂ ਇਲਾਵਾ ਚਿੱਠੀ ‘ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਕਿਸੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਭੁਗਤਾਨ ਕਰ ਦਿਓ। ਲਾਸ਼ ਵਾਲਾ ਡੱਬਾ ਵੀਰਵਾਰ ਰਾਤ ਨੂੰ ਪਰਿਵਾਰ ਦੇ ਨਿਰਮਾਣ ਅਧੀਨ ਘਰ ਨੂੰ ਪਹੁੰਚਾ ਦਿੱਤਾ ਗਿਆ।
ਲਾਸ਼ ਦੇ ਨਾਲ ਬਕਸੇ ਵਿੱਚ ਮਿਲੀ ਚਿੱਠੀ
ਜ਼ਿਲ੍ਹਾ ਪੁਲਸ ਮੁਖੀ ਅਦਨਾਨ ਨਈਮ ਅਸਮੀ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਡੱਬੇ ਦੇ ਨਾਲ ਇੱਕ ਪੱਤਰ ਵੀ ਦਿੱਤਾ ਗਿਆ ਹੈ।
ਪੱਤਰ ਵਿੱਚ ਉਨ੍ਹਾਂ ਤੋਂ 1.3 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਜਿਸ ਪਰਿਵਾਰ ਨੂੰ ਇਹ ਪੱਤਰ ਅਤੇ ਡੱਬਾ ਭੇਜਿਆ ਗਿਆ ਹੈ, ਉਸ ਦੇ ਚਾਰ ਮੈਂਬਰ ਹਨ। ਐਸ.ਪੀ. ਨੇ ਕਿਹਾ, “ਬੀਤੀ ਰਾਤ ਲਾਸ਼ ਨੂੰ ਉਸ ਦੇ ਨਿਰਮਾਣ ਅਧੀਨ ਘਰ ਲਿਜਾਇਆ ਗਿਆ ਸੀ।”
ਉਨ੍ਹਾਂ ਕਿਹਾ ਕਿ ਪੁਲਸ ਵੇਰਵੇ ਪ੍ਰਾਪਤ ਕਰਨ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਸੂਤਰਾਂ ਅਨੁਸਾਰ ਇਹ ਡੱਬਾ ਉਂਡੀ ਮੰਡਲ ਦੇ ਯੇਂਦਾਗਾਂਡੀ ਪਿੰਡ ਵਿੱਚ ਸਾਗੀ ਤੁਲਸੀ ਦੇ ਨਿਰਮਾਣ ਅਧੀਨ ਘਰ ਵਿੱਚ ਇੱਕ ਆਟੋਰਿਕਸ਼ਾ ਵਿੱਚ ਪਹੁੰਚਾਇਆ ਗਿਆ ਸੀ।
ਇਤਫਾਕ ਨਾਲ ਤੁਲਸੀ ਦਾ ਪਤੀ ਕਰੀਬ 10 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ, ਜਿਸ ਕਾਰਨ ਉਹ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ।
ਅਣਪਛਾਤੇ ਵਿਅਕਤੀ ਨੇ ਮਕਾਨ ਬਣਾਉਣ ‘ਚ ਕੀਤੀ ਸੀ ਮਦਦ
ਐਸ.ਪੀ. ਅਸਮੀ ਨੇ ਦੱਸਿਆ ਕਿ ਤੁਲਸੀ ਪਹਿਲਾਂ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ, ਪਰ ਬਾਅਦ ਵਿੱਚ ਉਹ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ। ਕੁਝ ਦਿਨਾਂ ਬਾਅਦ ਤੁਲਸੀ ਨੇ ਆਪਣੇ ਮਾਤਾ-ਪਿਤਾ ਦੇ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ।
ਇਸ ਨਿਰਮਾਣ ਵਿੱਚ ਉਸ ਦੀ ਮਦਦ ਇੱਕ ਵਿਅਕਤੀ ਨੇ ਕੀਤੀ ਜਿਸ ਨੇ ਸਤੰਬਰ ਮਹੀਨੇ ਵਿੱਚ ਉਸ ਨੂੰ ਉੱਚ ਗੁਣਵੱਤਾ ਵਾਲੀਆਂ ਟਾਈਲਾਂ ਅਤੇ ਪੇਂਟ ਭੇਜੇ। ਪੁਲਸ ਅਨੁਸਾਰ ਮਦਦ ਕਰਨ ਵਾਲੇ ਇਸ ਅਣਪਛਾਤੇ ਵਿਅਕਤੀ ਨੇ ਤੁਲਸੀ ਨੂੰ ਦੱਸਿਆ ਕਿ ਉਹ ਦੋਵੇਂ ਇੱਕੋ ਜਾਤੀ ਨਾਲ ਸਬੰਧਤ ਹਨ ਅਤੇ ਉਹ ‘ਵਿਧਵਾ’ ਹੈ, ਇਸ ਲਈ ਉਹ ਉਸ ਦੀ ਮਦਦ ਕਰ ਰਿਹਾ ਸੀ।
ਪੱਤਰ ਵਿੱਚ 2008 ਵਿੱਚ ਉਧਾਰ ਲੈਣ ਦਾ ਹੈ ਜ਼ਿਕਰ
ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਤੁਲਸੀ ਨੂੰ ਸੁਨੇਹਾ ਮਿਲਿਆ ਕਿ ਉਸ ਲਈ ਕੁਝ ਬਿਜਲੀ ਦੀਆਂ ਚੀਜ਼ਾਂ ਜਿਵੇਂ ਮੋਟਰ ਆਦਿ ਭੇਜੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਮਿਲੇ ਬਾਕਸ ਵਿੱਚ ਇੱਕ ਲਾਸ਼ ਸੀ। ਲਾਸ਼ ਮਿਲਣ ਤੋਂ ਬਾਅਦ ਤੁਲਸੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਲਾਸ਼ ਦੇ ਨਾਲ ਇੱਕ ਪੱਤਰ ਵੀ ਮਿਲਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤੁਲਸੀ ਦੇ ਪਤੀ ਨੇ 2008 ਵਿੱਚ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਹੁਣ ਵਧ ਕੇ 1.35 ਕਰੋੜ ਰੁਪਏ ਹੋ ਗਿਆ ਹੈ
ਅਣਪਛਾਤੇ ਵਿਅਕਤੀ ਨੇ ਕੀਤੀ ਪੈਸਿਆਂ ਦੀ ਮੰਗ
ਪੁਲਸ ਨੇ ਬਾਕਸ ਦੇ ਨਾਲ ਮਿਲੇ ਇੱਕ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ “ਜੇ ਤੁਸੀਂ ਨਹੀਂ ਚਾਹੁੰਦੇ ਕਿ ਕੁਝ ਵੀ ਮਾੜਾ ਹੋਵੇ, ਤਾਂ ਤੁਹਾਨੂੰ ਪੈਸੇ ਦੇਣੇ ਚਾਹੀਦੇ ਹਨ।”
ਪੁਲਸ ਸੁਪਰਡੈਂਟ ਨੇ ਕਿਹਾ, “ਅਸੀਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਾਪਤਾ ਹੋਏ ਸਾਰੇ ਲੋਕਾਂ ਦੀ ਜਾਂਚ ਕਰ ਰਹੇ ਹਾਂ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਸਾਨੂੰ ਹੋਰ ਜਾਣਕਾਰੀ ਮਿਲੇਗੀ।” ਇਸ ਦੌਰਾਨ ਐਸ.ਪੀ. ਅਸਮੀ ਨੇ ਦੱਸਿਆ ਕਿ ਪਰਿਵਾਰ ਦਾ ਛੋਟਾ ਜਵਾਈ ਕੱਲ੍ਹ ਤੋਂ ਲਾਪਤਾ ਹੈ।