ਵੀਡੀਉ- ਕੇਂਦਰ ਨੇ ਸਾਡੇ ਨਾਲ ਧੋਖਾ ਕੀਤਾ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਣ ਦਾ ਸੰਕੇਤ, ਕੇਂਦਰ ਨੇ ਸਾਡੇ ਨਾਲ ਧੋਖਾ ਕੀਤਾ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦੀ ਹੀ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨਾਲੋਂ ਵੀ ਨਾਤਾ ਤੋੜਣ ਦਾ ਸੰਕੇਤ ਅੱਜ ਇੱਥੇ ਬਹਾਦਰ ਵਿਖੇ ਦਲ ਦੀ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੇ। ਇਹ ਮੀਟਿੰਗ 1 ਅਕਤੂਬਰ ਨੂੰ ਰੱਖੇ ਗਏ ਕਿਸਾਨ ਮਾਰਚ ਦੀ ਤਿਆਰੀ ਨੂੰ ਲੈ ਕੇ ਰੱਖੀ ਗਈ ਸੀ। ਸ੍ਰੀ ਬਾਦਲ ਨੇ ਮੋਦੀ ਸਰਕਾਰ ਦੀ ਤਿੱਖੇ ਸ਼ਬਦਾਂ ’ਚ ਆਲੋਚਨਾ ਦੌਰਾਨ ਅਸਿੱਧੇ ਤੌਰ ’ਤੇ ਕਿਹਾ ਕਿ ਐੱਨਡੀਏ ਨੇ ਖੇਤੀ ਬਿੱਲਾਂ ਦੇ ਮਾਮਲੇ ’ਚ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਉਨ੍ਹਾਂ ਨਾਲ ਅਗਾਊਂ ਰਜ਼ਾਮੰਦੀ ਨਹੀਂ ਲਈ ਗਈ ਹੈ। ਉਨ੍ਹਾਂ ਆਖਿਆ ਕਿ ਅਜਿਹੇ ਸਮੀਕਰਨਾਂ ਮਗਰੋਂ ਹੁਣ ਅਕਾਲੀ ਦਲ ਦੀ ਦਿੱਲੀ ਸਰਕਾਰ ਨਾਲ ਸਿੱਧੀ ਲੜਾਈ ਸ਼ੁਰੂ ਹੋ ਗਈ ਹੈ। ਪਹਿਲਾਂ ਮੰਚ ਤੋਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਹੁਣ ਕੇਂਦਰ ਸਰਕਾਰ ਨਾਲ ਅਕਾਲੀ ਦਲ ਦੀ ਸਿੱਧੀ ਆਰ-ਪਾਰ ਦੀ ਲੜਾਈ ਹੋ ਗਈ ਹੈ। ਮੰਚ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਦਲ ਨੂੰ ਹੁਣ ਐੱਨਡੀਏ ਗੱਠਜੋੜ ਨਾਲੋਂ ਵੀ ਨਾਤਾ ਤੋੜ ਲੈਣਾ ਚਾਹੀਦਾ ਹੈ।

ਇਸ ਸਮਾਗਮ ਵਿੱਚ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਦਰਬਾਰਾ ਸਿੰਘ ਗੁਰੂ’, ਬੀਬੀ ਵਨਿੰਦਰ ਕੌਰ ਲੂੰਬਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸੁਖਬੀਰ ਸਿੰਘ ਖੱਟੜਾ, ਹਰਪਾਲ ਜੁਨੇਜਾ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ ਤੇ ਹੋਰ ਸ਼ਾਮਲ ਸਨ।