Breaking News
Home / ਖੇਤੀਬਾੜੀ / ਧਰਨਾਂ ਤਾਂ ਅੱਜ ਫੇਰ ਸ਼ੰਭੂ ਬਾਰਡਰ ‘ਤੇ ਹੀ ਸੀ

ਧਰਨਾਂ ਤਾਂ ਅੱਜ ਫੇਰ ਸ਼ੰਭੂ ਬਾਰਡਰ ‘ਤੇ ਹੀ ਸੀ

ਇਹ ਤਾਂ ਮੰਨਣਾ ਪਊ ਕਿ ਅੱਜ ਪੰਜਾਬ ਵਿੱਚ ਜੇ ਕਿਤੇ ਧਰਨਾ ਲੱਗਿਆ ਸੀ ਤਾਂ ਉਹ ਸ਼ੰਭੂ ਬਾਰਡਰ ਤੇ ਹੀ ਲੱਗਿਆ ਸੀ।

ਇਸ ਧਰਨੇ ਵਿੱਚ ਕੋਈ ਲੁਕੋ ਨਹੀਂ ਸੀ। ਕਿਸੇ ਤਰ੍ਹਾਂ ਦਾ ਕੋਈ ਲੁਕਿਆ ਹੋਇਆ ਮੈਨੀਫੈਸਟੋ ਨਹੀਂ ਸੀ। ਧਰਨੇ ਵਿੱਚ ਕੋਈ ਵੋਟਾਂ ਦੀ ਸਿਆਸਤ ਨਹੀਂ ਸੀ। ਇਸ ਧਰਨੇ ਵਿੱਚ ਸ਼ਾਮਲ ਹੋਣ ਵਾਲੇ ਸਿਰਫ ‘ਐਮ ਐਸ ਪੀ’ ਦੀ ਭੀਖ ਮੰਗਣ ਵਾਸਤੇ ਨਹੀਂ ਇਕੱਠੇ ਹੋਏ ਸਨ।

ਇਸ ਧਰਨੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਲੜਾਈ ਸਿਰਫ ਕਣਕ ਅਤੇ ਝੋਨੇ ਦੀ ਫਸਲ ਤੱਕ ਸੀਮਤ ਨਹੀਂ ਹੈ।

ਇਸ ਇਕੱਠ ਵਿਚ ਨਾ ਕਿਸੇ ਜੈਕਾਰੇ ‘ਤੇ ਪਬੰਧੀ ਸੀ ਤੇ ਨਾ ਕਿਸੇ ਨਾਹਰੇ ‘ਤੇ।

ਇਹ ਧਰਨਾ ਚਿਰਾਂ ਪਿਛੋਂ ਰੱਬ ਤੋਂ ਮਿੰਨਤਾਂ ਕਰਕੇ ਲਏ ਪੁੱਤ ‘ਤੇ ਚੜ੍ਹੀ ਸੱਜਰੀ ਜਵਾਨੀ ਵਰਗਾ ਸੀ। ਜਿਸ ਦੀ ਜਵਾਨੀ ਦਾ ਮਾਂ ਨੂੰ ਚਾਅ ਵੀ ਬਹੁਤ ਹੁੰਦਾ ਤੇ ਫ਼ਿਕਰ ਵੀ।

ਪੰਜਾਬ ਵਿੱਚ ਅੱਜ ਹਜ਼ਾਰਾਂ ਧਰਨੇ ਲੱਗੇ ਹੋਣਗੇ ਪਰ ਇਸ ਧਰਨੇ ਵਿੱਚ ਸ਼ਾਮਲ ਹੋਏ ਪੁੱਤਾਂ ਧੀਆਂ ਦੀਆਂ ਰਿਪੋਰਟਾਂ ਹੁਣ ਤੱਕ ਦਿੱਲੀ ਵਿਚ ਸੱਤਾ ਦੇ ਠੇਕੇਦਾਰਾਂ ਕੋਲ ਪਹੁੰਚ ਗਈਆਂ ਹੋਣਗੀਆਂ। ਚਿਰਾਂ ਪਿੱਛੋਂ ਪੰਜਾਬ ਦੇ ਆਮ ਪੁੱਤਾਂ ਧੀਆਂ ਨੇ ਇਕੱਠੇ ਹੋ ਕੇ ਆਵਦੀ ਹੋਣੀ ਦੀ ਬਾਤ ਪਾਈ ਹੈ।
ਅੱਜ ਸਰਕਾਰ ਦੀ ਇੰਟੈਲੀਜੈਂਸ ਦੀ ਸਭ ਤੋਂ ਵੱਧ ਮਿਹਨਤ ਸ਼ੰਭੂ ਧਰਨੇ ‘ਤੇ ਹੀ ਹੋਈ ਹੈ।

ਇਸ ਧਰਨੇ ਵਿਚ ਲੋਕ ਸਿਰਫ਼ ਸਰੀਰਕ ਰੂਪ ਵਿਚ ਹੀ ਸ਼ਾਮਲ ਨਹੀਂ ਹੋਏ ਸਗੋਂ ਲੱਖਾਂ ਲੋਕਾਂ ਨੇ ਇਸ ਧਰਨੇ ‘ਚ ਸੋਸ਼ਲ ਮੀਡੀਆ ਰਾਹੀਂ ਵੀ ਹਾਜ਼ਰੀ ਲਵਾਈ ਹੈ।

ਅੱਜ ਦਾ ਦਿਨ ਚਿੰਤਾ ਕਰਨ ਵਾਸਤੇ ਨਹੀਂ ਹੈ ਕਿ ਹੈ ਇਸ ਧਰਨੇ ਦਾ ਅੰਜਾਮ ਕੀ ਹੋਵੇਗਾ। ਕਿਉਂਕਿ ਇਸ ਧਰਨੇ ਦਾ ਖੁਦਕਸ਼ੀਆਂ ਅਤੇ ਚਿੰ ਤਾਂ ਦੇ ਨਾਲ ਕੁਝ ਲੈਣਾ-ਦੇਣਾ ਨਹੀਂ ਸੀ। ਇਹ ਧਰਨਾ ਪੰਜਾਬ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਇਹ ਅਜਿਹਾ ਧਰਨਾ ਸੀ ਜਿਥੋਂ ਮੁੜ ਕੇ ਕੋਈ ਕਿਸਾਨ ਘਰ ਜਾ ਕੇ ਖੁ ਦ ਕੁ ਸ਼ੀ ਨਹੀਂ ਕਰੇਗਾ।

ਅੱਜ ਪੰਜਾਬ ਇਸ ਸੰਤੁਸ਼ਟੀ ਨਾਲ ਸੌਵੇਂ ਕਿ ਹਜੇ ਇਸ ਦੇ ਜਾਇਆਂ ਨੇ ਇਸ ਨੂੰ ਬੇਦਾਵਾ ਨਹੀਂ ਦਿੱਤਾ ਹੈ।

ਅੱਜ ਬੱਸ ਇਹੀ ਅਰਦਾਸ ਕਰੋ

ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ॥
ਨ ਡਰੋਂ ਅਰਿ ਸੇ ਜਬ ਜਾਏ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ॥

ਅਰ ਸਿਖ ਹੋਂ ਆਪੁਣੇ ਹੀ ਮਨ ਕੌ ਇਹ ਲਾਲਚ ਹੈ ਗੁਣ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤ ਹੀ ਰਨ ਮੈਂ ਤਬ ਜੂਝ ਮਰੋਂ॥

#ਮਹਿਕਮਾ_ਪੰਜਾਬੀ

About admin

%d bloggers like this: