Breaking News
Home / ਪੰਜਾਬ / ਹਰਸਿਮਰਤ ਬਾਦਲ ਨੂੰ ਆਪ ਵਰਕਰਾਂ ਦੀਆਂ ਕਾਲੀਆਂ ਝੰਡੀਆਂ ਡਰੋਂ ਬਦਲਣਾ ਪਿਆ ਰੂਟ

ਹਰਸਿਮਰਤ ਬਾਦਲ ਨੂੰ ਆਪ ਵਰਕਰਾਂ ਦੀਆਂ ਕਾਲੀਆਂ ਝੰਡੀਆਂ ਡਰੋਂ ਬਦਲਣਾ ਪਿਆ ਰੂਟ

ਬਠਿੰਡਾ, 24 ਸਤੰਬਰ 2020 – ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਆਮ ਆਦਮੀ ਪਾਰਟੀ ਵੱਲੋਂ ਦਿਖਾਈਆਂ ਜਾਣ ਵਾਲੀਆਂ ਕਾਲੀਆਂ ਝੰਡੀਆਂ ਕਾਰਨ ਰੂਟ ਬਦਲਣਾ ਪਿਆ। ਸਾਬਕਾ ਕੇਂਦਰੀ ਮੰਤਰੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨਾਲ ਅੱਜ ਤਲਵੰਡੀ ਸਾਬੋ ’ਚ ਪ੍ਰੋਗਰਾਮ ਰੱਖੇ ਗਏ ਸਨ ਜਿਸ ਦਾ ਪਤਾ ਲੱਗਦਿਆਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਤੇ ਪ੍ਰੋ.ਬਲਜਿੰਦਰ ਕੌਰ ਦੀ ਅਗਵਾਈ ਹੇਠ ਆਪ ਕਾਰਕੁੰਨ ਕਾਲੇ ਚੋਲੇ ਪਾ ਕੇ ਕਾਲੀਆਂ ਝੰਡੀਆਂ ਲੈਕੇ ਪੁੱਜ ਗਏ ਅਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।

ਆਪ ਵਰਕਰਾਂ ਦੇ ਰੋਹ ਨੂੰ ਭਾਂਪਦਿਆਂ ਪੁਲਿਸ ਪ੍ਰਸ਼ਾਸ਼ਨ ਅਤੇ ਅਕਾਲੀ ਆਗੂਆਂ ਨੂੰ ਰੂਟ ਬਦਲਣ ਨੂੰ ਤਰਜੀਹ ਦੇਣੀ ਪਈ। ਓਧਰ ਆਪ ਵਿਧਾਇਕਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖੇਤੀ ਬਿੱਲਾਂ ’ਚ ਬਾਦਲ ਪ੍ਰੀਵਾਰ ਦੀ ਭੁਮਿਕਾ ਨੂੰ ਲੈਕੇ ਤਿੱਖੇ ਸ਼ਬਦੀ ਹਮਲੇ ਕੀਤੇ। ਵਿਧਾਇਕਾ ਰੂਬੀ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦਾ ਗੁਣਗਾਣ ਕਰਨ ਵਾਲੇ ਅਕਾਲੀ ਦਲ ਨੇ ਆਪਣੀ ਸਿਆਸੀ ਜਮੀਨ ਖਿਸਕਦੀ ਦੇਖ ਮਰਦਿਆਂ ਅੱਕ ਚੱਬਿਆ ਹੈ ਜਦੋਂਕਿ ਲੰਮਾਂ ਸਮਾਂ ਤਾਂ ਬਾਦਲ ਕੁਰਸੀ ਮੋਹ ਛੱਡਣ ਨੂੰ ਤਿਆਰ ਹੀ ਨਹੀਂ ਹੋਏ ਸਨ।

ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ ਬਿੱਲ ਨੂੰ ਪਾਸ ਕੀਤਾ ਹੈ ਜਿਸਦਾ ਆਮ ਆਦਮੀ ਪਾਰਟੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਵਿਰੋਧ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਚੱਕਾ ਜਾਮ ਲਈ ਨਿਸ਼ਾਨਾ ਬਣਾਉਂਦਿਆਂ ਵਿਧਾਇਕਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸੁਖਬੀਰ ਬਾਦਲ ਨੇ 25 ਸਤੰਬਰ ਨੂੰ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਰੱਖਿਆ ਹੈ। ਉਨਾਂ ਕਿਹਾ ਕਿ ਇਸ ਬਿੱਲ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਵੱਲੋਂ ਪਹਿਲਾਂ ਹੀ ਪੰਜਾਬ ਵਿੱਚ ਹਰ ਥਾਂ ਤੇ ਚੱਕਾ ਜਾਮ ਕੀਤਾ ਹੈ ਫਿਰ ਬਾਦਲਾਂ ਦਾ ਇਹ ਚੱਕਾ ਜਾਮ ਕਿਉਂ?

ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਸਾਂਝ ਨਹੀਂ ਤੋੜੀ ਗਈ ਅਤੇ ਹੁਣ ਬਾਦਲ ਪਰਿਵਾਰ ਐਨਡੀਏ ਦਾ ਏਜੰਟ ਬਣਕੇ ਪੰਜਾਬ ਨੂੰ ਵਿਨਾਸ਼ ਦੇ ਰਾਹ ਤੋਰ ਰਿਹਾ ਹੈ। ਉਨਾਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਖੇਤੀ ਆਰਡੀਨੈਂਸਾਂ ਦਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਵਿੱਚ 3 ਮੈਂਬਰਾਂ ਵੱਲੋਂ ਡੱਟਵਾਂ ਵਿਰੋਧ ਕੀਤਾ ਗਿਆ ਹੈ। ਵਿਧਾਇਕਾਂ ਨੇ ਕਿਹਾ ਕਿ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਦੇ ਨਾਲ ਆਮ ਆਦਮੀ ਪਾਰਟੀ ਅੱਜ ਵੀ ਡਟ ਕੇ ਖੜੀ ਹੈ ।

ਉਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਲੜਿਆ ਜਾਵੇਗਾ ਤਾਂ ਜੋ ਮੋਦੀ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਭਿਆਲੀ ਨੂੰ ਖਤਮ ਕੀਤਾ ਜਾ ਸਕੇ। ਉਨਾਂ ਪੰਜਾਬ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਇਸ ਸਮੇਂ ਕਿਸਾਨਾਂ ਦੇ ਨਾਲ ਖੜੇ ਹੋ ਕੇ ਸੰਘਰਸ ਵਿਚ ਹਮਾਇਤ ਕਰਨ ਕਿਉਂਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਆਮ ਜਨਤਾ ਲਈ ਵੀ ਨਵੇਂ ਕਾਨੂੰਨ ਪੇਸ਼ ਕੀਤੇ ਜਾਣਗੇ ਜਿਸਦਾ ਖਮਿਆਜਾ ਹਰ ਇੱਕ ਵਿਅਕਤੀ ਨੂੰ ਭੁਗਤਣਾ ਪਵੇਗਾ। ਇਸ ਮੌਕੇ ਐਡਵੋਕੇਟ ਨਵਦੀਪ ਜੀਦਾ, ਨੀਲ ਗਰਗ ਡਾ ਵਿਜੇ ਸਿੰਗਲਾ, , ਰਾਕੇਸ਼ ਪੁਰੀ ,ਨੇਮ ਚੰਦ ਚੌਧਰੀ ,ਗੁਰਪ੍ਰੀਤ ਬਣਾਂਵਾਲੀ ਮਾਸਟਰ ਜਗਸੀਰ ਸਿੰਘ ਅਤੇ ਮਹਿੰਦਰ ਸਿੰਘ ਫੁਲੋਮਿੱਠੀ ਆਦ ਆਗੂ ਹਾਜਰ ਸਨ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: