ਕੈਪਟਨ ਅਮਰਿੰਦਰ ਦਾ ਨਿੱਜੀ ਸਹਾਇਕ ਬਣ ਕੇ ਸਰਕਾਰੀ ਅਧਿਕਾਰੀਆਂ ਤੇ ਹੋਰਨਾਂ ਨੂੰ ਧੋਖਾ ਦੇਣ ਵਾਲਾ ਸਿਪਾਹੀ ਕਾਬੂ

ਪਟਿਆਲਾ, -ਪੰਜਾਬ ਪੁਲਿਸ ਨੇ ਸਿਪਾਹੀ ਮਨਜਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਪੀ.ਏ. ਬਣ ਕੇ ਅਤੇ ਟਰੂਕਾਲਰ ਐਪ ਦੀ ਵਰਤੋਂ ਕਰਦਿਆਂ ਖ਼ੁਦ ਨੂੰ ਵੱਖ-ਵੱਖ ਅਹੁਦਿਆਂ ਦੇ ਸੀਨੀਅਰ ਅਧਿਕਾਰੀ ਵਜੋਂ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਕਈ ਵਿਅਕਤੀਆਂ ਨੂੰ ਧੋਖਾ ਦੇਣ ਦੇ ਦੋ ਸ਼ ‘ਚ ਗਿ੍ਫ਼ਤਾਰ ਕੀਤਾ ਹੈ | ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਪੈਸ਼ਲ ਡੀ.ਜੀ.ਪੀ. ਪੰਜਾਬ ਆਰਮਡ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਕਤ ਸਿਪਾਹੀ ਨੂੰ ਬਰਖ਼ਾਸਤ ਕੀਤਾ ਜਾਵੇ ਜੋ ਕਿ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਪਾਇਆ ਗਿਆ ਹੈ ਅਤੇ ਪਹਿਲਾਂ ਤਿੰਨ ਵੱਖ-ਵੱਖ ਮਾਮਲਿਆਂ ‘ਚ ਬਰੀ ਹੋ ਚੁੱਕਾ ਹੈ |

ਸਾਲ 2006 ਦੌਰਾਨ ਪੰਜਾਬ ਪੁਲਿਸ ‘ਚ ਬਤੌਰ ਸਿਪਾਹੀ ਭਰਤੀ ਹੋਇਆ ਇਹ ਪੁਲਿਸ ਮੁਲਾਜ਼ਮ ਮੌਜੂਦਾ ਸਮੇਂ 1 ਆਈ.ਆਰ.ਬੀ. ਵਲੋਂ 21 ਨੰਬਰ ਓਵਰਬਿ੍ਜ, ਪਟਿਆਲਾ ਵਿਖੇ ਸੰਤਰੀ ਗਾਰਡ ਵਜੋਂ ਤਾਇਨਾਤ ਸੀ | ਗੁਪਤਾ ਨੇ ਦੱਸਿਆ ਕਿ ਸਕੱਤਰ (ਖਰਚਾ) ਤੇ ਡਾਇਰੈਕਟਰ (ਮਾਈਨਿੰਗ) ਵਿਜੇ ਐਨ ਜ਼ਾਦੇ ਵਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ |

ਜਾਦੇ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਵਿਅਕਤੀ ਦਾ ਫ਼ੋਨ ਆਇਆ ਸੀ ਜੋ ਦਾਅਵਾ ਕਰ ਰਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬੋਲ ਰਿਹਾ ਹੈ | ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕੋਈ ਵੀ ਅਜਿਹਾ ਵਿਅਕਤੀ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਦਫ਼ਤਰ ਵਿਚ ਡਿਊਟੀ ‘ਤੇ ਨਹੀਂ ਸੀ ਹਾਲਾਂਕਿ ਟਰੂਕਾਲਰ ‘ਤੇ ਦਿਖਾਇਆ ਗਿਆ ਸੀ ਕਿ ਇਹ ਕਾਲ ਮੁੱਖ ਮੰਤਰੀ ਨਿਵਾਸ ਤੋਂ ਆਈ ਹੈ |

ਮਕਾਨ ਨੰਬਰ-132 ਏ, ਗਲੀ ਨੰਬਰ 3, ਸਰਾਭਾ ਨਗਰ ਭਾਦਸੋਂ ਰੋਡ, ਪਟਿਆਲਾ ਵਾਸੀ ਉਕਤ ਦੋਸ਼ੀ ਤੋਂ ਜ਼ਬਤ ਕੀਤੀਆਂ ਗਈਆਂ ਹੋਰ ਚੀਜ਼ਾਂ ਵਿਚ 2 ਆਧਾਰ ਕਾਰਡ (ਕਮਲੇਸ਼ ਚੌਧਰੀ ਤੇ ਜਗਤਾਰ ਸਿੰਘ ਦੇ ਨਾਂਅ ਵਾਲੇ), ਜਗਤਾਰ ਸਿੰਘ ਦਾ ਵੋਟਰ ਸ਼ਨਾਖ਼ਤੀ ਕਾਰਡ ਸਨ, ਸਤਨਾਮ ਸਿੰਘ ਦੇ ਆਧਾਰ ਕਾਰਡ ਦੀ ਫੋਟੋ ਕਾਪੀ, 10ਵੀਂ ਅਤੇ 12ਵੀਂ ਦੀ ਮਾਰਕਸ਼ੀਟਾਂ ਵੀ ਸ਼ਾਮਿਲ ਹਨ |

ਮੁੱਢਲੀ ਜਾਂਚ ਦੌਰਾਨ ਦੋਸ਼ੀ ਮਨਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਖ਼ੁਦ ਨੂੰ ਕੁਲਦੀਪ ਸਿੰਘ ਨਿੱਜੀ ਸਹਾਇਕ ਮੁੱਖ ਮੰਤਰੀ ਪੰਜਾਬ ਵਜੋਂ ਪੇਸ਼ ਕਰਕੇ ਵੱਖ-ਵੱਖ ਅਧਿਕਾਰੀਆਂ ਨਾਲ ਸੰਪਰਕ ਕਰਦਾ ਸੀ | ਐਸ.ਐਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਥਾਣਾ ਤਿ੍ਪੜੀ ਪਟਿਆਲਾ ਵਿਖੇ ਅਪਰਾਧਿਕ ਕੇਸ ਦਰਜ ਕਰ ਲਿਆ ਗਿਆ ਹੈ |

ਡੀ.ਜੀ.ਪੀ. ਨੇ ਦੱਸਿਆ ਕਿ ਐਮ.ਬੀ.ਏ. ਪਾਸ ਇਹ ਸ਼ੱਕੀ ਵਿਅਕਤੀ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੂੰ ਫ਼ੋਨ ਕਰਦਾ ਸੀ ਅਤੇ ਅਕਸਰ ਖ਼ੁਦ ਨੂੰ ਮੁੱਖ ਮੰਤਰੀ ਦਾ ਨਿੱਜੀ ਸਹਾਇਕ ਕੁਲਦੀਪ ਸਿੰਘ ਵਜੋਂ ਪੇਸ਼ ਕਰਦਾ ਸੀ | ਉਨ੍ਹਾਂ ਕਿਹਾ ਕਿ ਉਹ ਆਪਣੀ ਅਸਲ ਪਛਾਣ ਨੂੰ ਬਚਾਉਣ ਲਈ ਟੈਕਨੌਲੋਜੀ ਨੂੰ ਬੜੀ ਚਲਾਕੀ ਨਾਲ ਵਰਤਦਾ ਸੀ | ਉਹ ਟਰੂਕਾਲਰ ਐਪ ਵਿਚ ਅਦਲਾ-ਬਦਲੀ ਕਰਕੇ ਆਪਣੇ ਆਪ ਨੂੰ ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ, ਐਸ.ਐਸ.ਪੀ. ਚੰਡੀਗੜ੍ਹ, ਡੀ.ਸੀ. ਮੁਕਤਸਰ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਵਜੋਂ ਪੇਸ਼ ਕਰਦਾ ਸੀ |

ਗੁਪਤਾ ਨੇ ਦੱਸਿਆ ਇਸ ਸਿਪਾਹੀ ਦੇ ਕਬਜ਼ੇ ‘ਚੋਂ 12 ਸਿੰਮ ਕਾਰਡਾਂ ਸਮੇਤ ਲਾਵਾ, ਸੈਮਸੰਗ, ਨੋਕੀਆ, ਓਪੋ, ਪੈਨਾਸੋਨਿਕ ਦੇ ਵੱਖ-ਵੱਖ ਕੰਪਨੀਆਂ ਦੇ ਅੱਠ ਮੋਬਾਈਲ ਫੋਨ, ਇਕ ਇਨੋਵਾ ਕਾਰ, ਆਧਾਰ ਕਾਰਡਾਂ ਦੀਆਂ ਕਾਪੀਆਂ, ਵੋਟਰ ਕਾਰਡ ਅਤੇ ਹੋਰ ਵਿਅਕਤੀਆਂ ਦੀਆਂ ਮਾਰਕਸ਼ੀਟਾਂ ਆਦਿ ਬਰਾਮਦ ਕੀਤੇ ਗਏ ਹਨ |