ਸੁਖਬੀਰ ਬਾਦਲ ਨੇ ਲਭਿਆ ਬਿੱਲ ਤੁਰੰਤ ਫੇਲ੍ਹ ਕਰਨ ਦਾ ਹੱਲ

ਪੰਜਾਬ ’ਚ ਖੇਤੀ ਬਿੱਲ ਨੂੰ ਰੋਕਣ ਲਈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਇੱਕ ਖ਼ਾਸ ‘ਤਾਕਤ’ ਦੀ ਵਰਤੋਂ ਕਰਨ ਲਈ ਕਿਹਾ ਹੈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਖੇਤੀ ਬਿਲ ਲਾਗੂ ਕਰਨ ਤੋਂ ਪਹਿਲਾਂ ਹੀ ਸੂਬਾ ਸਰਕਾਰਾਂ ਨੂੰ ਹਾਸਲ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੂਰੇ ਸੂਬੇ ਨੂੰ ਹੀ ਪ੍ਰਮੁੱਖ ਮੰਡੀ ਐਲਾਨ ਦੇਣ

ਚੰਡੀਗੜ੍ਹ , 23 ਸਤੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਪੰਜਾਬ ਨੂੰ ਖੇਤੀ ਉਤਪਾਦਾਂ ਦਾ ‘ਪ੍ਰਿੰਸੀਪਲ ਮਾਰਕੀਟ ਯਾਰਡ’ ਐਲਾਨ ਦੇਣਾ ਚਾਹੀਦਾ ਹੈ, ਤਾਂ ਜੋ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਪੰਜਾਬ ਉੱਤੇ ਲਾਗੂ ਨਾ ਹੋ ਸਕਣ।

ਸੂਬੇ ਅੰਦਰ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਦਾ ਇਹ ਸਭ ਤੋਂ ਤੇਜ਼ ਅਤੇ ਅਸਰਦਾਰ ਤਰੀਕਾ ਹੈ। ਪੰਜਾਬ ਸਰਕਾਰ ਦੇ ਅਜਿਹਾ ਕਰਨ ਨਾਲ ਤਾਂ ਕੇਂਦਰ ਸਰਕਾਰ ਦੇ ਕਾਨੂੰਨ ਬੇਅਸਰ ਹੋ ਜਾਣਗੇ।

ਨਤੀਜੇ ਵਜੋਂ ਬਾਜ਼ਾਰ ਵਿੱਚ ਆਉਣ ਵਾਲੇ ਨਿੱਜੀ ਅਦਾਰਿਆਂ ਨੂੰ ਵੀ ਖਰੀਦ ਲਈ ਸੂਬਾ ਸਰਕਾਰ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਕਦਮ ਨਹੀਂ ਚੁੱਕਣਗੇ, ਤਾਂ ਸਰਕਾਰ ਬਣਦੇ ਹੀ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਕਰੇਗਾ।