Breaking News
Home / ਅੰਤਰ ਰਾਸ਼ਟਰੀ / ਮਾਮਲਾ ਮੁਲਤਾਨੀ ਨੂੰ ਜਰਮਨ ਵਿਚ ਗ੍ਰਿਫਤਾਰ ਕਰਨ ਦੀਆਂ ਖਬਰਾਂ ਦਾ- ਅਜੀਤ ਅਤੇ ਟ੍ਰਿਬਿਊਨ ਮੁਤਾਬਕ

ਮਾਮਲਾ ਮੁਲਤਾਨੀ ਨੂੰ ਜਰਮਨ ਵਿਚ ਗ੍ਰਿਫਤਾਰ ਕਰਨ ਦੀਆਂ ਖਬਰਾਂ ਦਾ- ਅਜੀਤ ਅਤੇ ਟ੍ਰਿਬਿਊਨ ਮੁਤਾਬਕ

ਬਰਲਿਨ/ਨਿਊਯਾਰਕ, 29 ਦਸੰਬਰ (ਅਜੀਤ ਬਿਊਰੋ)- ਬੀਤੇ ਦਿਨ ਲੁਧਿਆਣਾ ਦੇ ਅਦਾਲਤੀ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਜਰਮਨੀ ‘ਚ ਗਿ੍ਫਤਾਰ ਕੀਤੇ ਗਏ ਜਸਵਿੰਦਰ ਸਿੰਘ ਮੁਲਤਾਨੀ ਨੇ ਇਕ ਹੈਰਾਨਕੁੰਨ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਰਮਨੀ ਦੀ ਫੈਡਰਲ ਪੁਲਿਸ ਨੇ ਕਦੇ ਵੀ ਗਿ੍ਫਤਾਰ ਨਹੀਂ ਕੀਤਾ ਤੇ ਭਾਰਤ ਸਰਕਾਰ ਵਲੋਂ ਉਸ ਦੀ ਗਿ੍ਫ਼ਤਾਰੀ ਸਬੰਧੀ ਕੀਤੇ ਜਾ ਰਹੇ ਦਾਅਵੇ ਫਰਜ਼ੀ ਹਨ |

ਜਸਵਿੰਦਰ ਸਿੰਘ ਮੁਲਤਾਨੀ ਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਨੇ 28 ਦਸੰਬਰ ਨੂੰ ਇਕ ਸਾਂਝੀ ਵੀਡੀਓ ਜਾਰੀ ਕਰਕੇ ਜਰਮਨੀ ‘ਚ ਮੁਲਤਾਨੀ ਦੀ ਗਿ੍ਫਤਾਰੀ ਤੇ ਉਸ ਦੀ ਭਾਰਤ ਹਵਾਲਗੀ ਸਬੰਧੀ ਮੋਦੀ ਸਰਕਾਰ ਤੇ ਭਾਰਤੀ ਮੀਡੀਆ ਵਲੋਂ ਕੀਤੇ ਜਾ ਰਹੇ ਫਰਜ਼ੀ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ |

ਮੁਲਤਾਨੀ ਨੇ ਗੱਲ ਕਰਦਿਆਂ ਦੱਸਿਆ ਕਿ ਜਰਮਨੀ ਦੀ ਸਰਕਾਰ ਉਸ ਦੀਆਂ ਖਾਲਿਸਤਾਨੀ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਜਾਣੂੰ ਹੈ ਪਰ ਇਸ ਦੇ ਬਾਵਜੂਦ ਉਹ ਸ਼ਾਂਤੀਪੂਰਨ ਤੇ ਲੋਕਤੰਤਰਿਕ ਤਰੀਕਿਆਂ ਰਾਹੀਂ ਭਾਰਤ ਸਰਕਾਰ ਪਾਸੋਂ ਪੰਜਾਬ ਦੀ ਆਜ਼ਾਦੀ ਲਈ ਸ਼ੁਰੂ ਕੀਤੇ ਖਾਲਿਸਤਾਨੀ ਰਿਫਰੈਂਡਮ ਪ੍ਰਤੀ ਵਚਨਬੱਧ ਹੈ |

source – ajit jalandhar

ਲੁੱਕ ਅੱਪ: ਕੀ ਸਰਕਾਰਾਂ ਤੇ ਪੱਤਰਕਾਰ ਪੰਜਾਬੀ ਹਿੰਦੂਆਂ ਨੂੰ ਬੇਵਕੂਫ ਸਮਝਦੇ ਨੇ ?

ਜਿੰਨਾ ਦਿਨਾਂ ਵਿੱਚ ਲੁਧਿਆਣੇ ਅਦਾਲਤ ਵਿੱਚ ਬੰਬ ਧਮਾਕਾ ਹੋਇਆ। ਉਨ੍ਹਾਂ ਦਿਨਾਂ ‘ਚ ਹੀ ਨੈਟਫਲਿਕਸ ‘ਤੇ ਹਾਲੀਵੁੱਡ ਦੀ ਇਕ ਫਿਲਮ ਰਿਲੀਜ਼ ਹੋਈ। ਫਿਲਮ ਦਾ ਨਾਮ ਹੈ ਡੌਂਟ ਲੁਕ ਅੱਪ।
ਸਾਇੰਸ ਫਿਕਸ਼ਨ ਮੂਵੀ ਹੈ। ਜਦੋਂ ਫਿਲਮ ਦੇਖਣੀ ਸ਼ੁਰੂ ਕਰਦੇ ਹੋ ਤਾਂ ਲਗਦਾ ਹੈ ਕੋਈ ਨਵੀਂ ਗੱਲ ਤਾਂ ਹੈਨੀ। ਇਕ ਪੁਲਾੜੀ ਪੱਥਰ ਧਰਤੀ ਵੱਲ ਵਧ ਰਿਹਾ। ਜੇ ਨਾ ਰੋਕਿਆ ਗਿਆ ਤਾਂ ਧਰਤੀ ਤਬਾਹ ਹੋ ਜਾਊ। ਤਹਾਨੂੰ ਲੱਗਦਾ ਕਿ ਇਹ ਕਹਾਣੀ ਤਾਂ ਪਹਿਲਾਂ ਵੀ ਬਹੁਤ ਵਾਰੀ ਦੇਖੀ ਹੋਈ ਆ। ਪਰ ਫਿਲਮ ਹਾਲੀਵੁੱਡ ਦੇ ਬਿਹਤਰੀਨ ਕਲਾਕਾਰਾਂ ਨਾਲ ਸਜੀ ਹੋਈ ਆ ਅਤੇ ਤੁਸੀਂ ਉਮੀਦ ਕਰਦੇ ਹੋ ਕਿ ਹੋ ਸਕਦਾ ਪੁਰਾਣੀ ਕਹਾਣੀ ਨੂੰ ਵਧੀਆ ਤੜਕਾ ਲਾ ਕੇ ਪੇਸ਼ ਕੀਤਾ ਗਿਆ ਹੋਵੇ।

ਅੱਗੇ ਜਾ ਕੇ ਪਤਾ ਲਗਦਾ ਕਿ ਸਰਕਾਰ ਪੁਲਾੜੀ ਪੱਥਰ ਦੇ ਖ਼ਤਰੇ ਬਾਰੇ ਵਿਗਿਆਨੀਆਂ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਨਾ ਹੀ ਮੀਡੀਆ। ਇਸ ਕਰਕੇ ਲੋਕ ਵੀ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਵਿਗਿਆਨੀ ਆਵਦੇ ਸਿਰ ਕੰਧਾਂ ‘ਚ ਮਾਰਦੇ ਨੇ ਤੇ ਹੈਰਾਨ ਨੇ ਕਿ ਦੁਨੀਆਂ ਖਤਮ ਹੋਣ ਲੱਗੀ ਆ ਤੇ ਲੋਕ ਡਰ ਹੀ ਨਹੀਂ ਰਹੇ।

ਫਿਰ ਸਰਕਾਰ ਵਿੱਚ ਕੋਈ ਸਕੈਂਡਲ ਹੋ ਜਾਂਦਾ। ਸਰਕਾਰ ਫੈਸਲਾ ਕਰਦੀ ਆ ਕਿ ਲੋਕਾਂ ਦਾ ਧਿਆਨ ਸਕੈਂਡਲ ਤੋਂ ਹਟਾਉਣ ਲੲੀ ਪੁਲਾੜੀ ਪੱਥਰ ਦੇ ਖ਼ਤਰੇ ਵੱਲ ਗੱਲ ਤੋਰੀ ਜਾਵੇ। ਏਦਾਂ ਹੀ ਹੁੰਦਾ। ਮੀਡੀਆ ਅਤੇ ਸਰਕਾਰ ਲੋਕਾਂ ਨੂੰ ਦਸਦੇ ਨੇ ਕਿ ਪੁਲਾੜੀ ਪੱਥਰ ਦਾ ਖਤਰਾ ਬਹੁਤ ਵੱਡਾ। ਲੋਕ ਵੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਨੇ। ਵਿਗਿਆਨੀਆਂ ਨੂੰ ਸਾਹ ਆਉਂਦਾ ਕਿ ਉਨ੍ਹਾਂ ਦੀ ਗੱਲ ਸੁਣੀ ਗੲੀ।
ਸਾਰਾ ਕੁੱਝ ਸਹੀ ਚੱਲ ਰਿਹਾ ਹੁੰਦਾ। ਸਰਕਾਰ ਨੇ ਪੁਲਾੜੀ ਪੱਥਰ ਨੂੰ ਰੋਕਣ ਲੲੀ ਤਰਕੀਬ ਕੱਢ ਲੲੀ ਹੈ। ਸਾਰੀ ਦੁਨੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਟੀਵੀ ਤੇ ਦੇਖ ਰਹੀ ਆ। ਪਰ ਫੇਰ ਇਕ ਵੱਡੀ ਕੰਪਨੀ, ਜਿਸ ਦੀ ਸਰਕਾਰ ਨਾਲ ਬਹੁਤ ਨੇੜਤਾ ਹੈ, ਇਸ ਪੁਲਾੜੀ ਪੱਥਰ ਨਾਲ ਨਿਪਟਣ ਸਾਰੀ ਮੁਹਿੰਮ ਨੂੰ ਠੁੱਸ ਕਰ ਦਿੰਦੀ ਹੈ।

ਕਿਉਂ ਕਿ ਕੰਪਨੀ ਨੂੰ ਪਤਾ ਲੱਗਦਾ ਕਿ ਪੁਲਾੜੀ ਪੱਥਰ ਵਿੱਚ ਬਹੁਤ ਸਾਰੇ ਖਣਿਜ ਪਦਾਰਥਾਂ ਦਾ ਭੰਡਾਰ ਹੈ। ਇਸ ਕਰਕੇ ਪੁਲਾੜੀ ਪੱਥਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਕੰਪਨੀ ਸਰਕਾਰ ਵਿੱਚ ਆਵਦੇ ਪ੍ਰਭਾਵ ਨਾਲ ਪੁਲਾੜੀ ਪੱਥਰ ਨੂੰ ਰੋਕਣ ਤੇ ਉਸ ਵਿੱਚੋਂ ਖਣਿਜ ਪਦਾਰਥ ਕੱਢਣ ਦਾ ਸਾਰਾ ਕੰਮ ਆਵਦੇ ਹੱਥਾਂ ‘ਚ ਲ਼ੈ ਲੈਂਦੀ ਹੈ। ਲੋਕ ਫੇਰ ਸਰਕਾਰ ਅਤੇ ਕੰਪਨੀ ਦੀਆਂ ਗੱਲਾਂ ‘ਚ ਆ ਜਾਂਦੇ ਨੇ ਤੇ ਪੁਲਾੜੀ ਪੱਥਰ ਦੇ ਖ਼ਤਰੇ ਬਾਰੇ ਭੁੱਲ ਜਾਂਦੇ ਨੇ।

ਪਰ ਵਿਗਿਆਨੀ ਕੰਪਨੀ ਨਾਲ ਸਹਿਮਤ ਨਹੀਂ। ਪਰ ਉਨ੍ਹਾਂ ਦੀ ਗੱਲ ਫੇਰ ਕੋਈ ਨਹੀਂ ਸੁਣਦਾ। ਕਿਉਂ ਕਿ ਸਰਕਾਰ ਤੇ ਮੀਡੀਆ ਕੰਪਨੀ ਦੀ ਬੋਲੀ ਬੋਲਣ ਲੱਗਦੇ ਨੇ।

ਇਸ ਦੌਰਾਨ ਪੁਲਾੜੀ ਪੱਥਰ ਨੰਗੀਆਂ ਅੱਖਾਂ ਨਾਲ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਹੁਣ ਵਿਗਿਆਨੀ ਲੋਕਾਂ ਨੂੰ ਸਮਝਾਉਣ ਲਈ ਇਕ ਮੁਹਿੰਮ ਸ਼ੁਰੂ ਕਰਦੇ ਨੇ। ਇਹ ਸਮਝਾਉਣ ਲੲੀ ਕਿ ਕੰਪਨੀ ਕੀ ਗਲਤ ਕਰ ਰਹੀ ਹੈ‌ ਅਤੇ ਕਿਵੇਂ ਪੁਲਾੜੀ ਪੱਥਰ ਨੂੰ ਰੋਕਣ ਦਾ ਕੰਮ ਸਾਰੀ ਦੁਨੀਆਂ ਨੂੰ ਮਿਲ ਕੇ ਕਰਨਾ ਚਾਹੀਦਾ। ਨਾ ਕਿ ਇਕ ਨਿੱਜੀ ਕੰਪਨੀ ਨੂੰ।

ਵਿਗਿਆਨੀ ਮੁਹਿੰਮ ਦਾ ਨਾਮ ਰੱਖਦੇ ਆ ਲੁੱਕ ਅੱਪ (ਉਪਰ ਦੇਖੋ)। ਕਿਉਂ ਕਿ ਪੁਲਾੜੀ ਪੱਥਰ ਧਰਤੀ ਵੱਲ ਵਧਦਾ ਨਜ਼ਰ ਆ ਰਿਹਾ ਹੁੰਦਾ।

ਜਦੋਂ ਇਹ ਮੁਹਿੰਮ ਲੋਕਾਂ ‘ਚ ਫੈਲਣ ਲਗਦੀ ਹੈ ਤਾਂ ਸਰਕਾਰ, ਕੰਪਨੀ ਤੇ ਮੀਡੀਆ ਇਕ ਵਿਰੋਧੀ ਮੁਹਿੰਮ ਚਲਾਉਂਦੇ ਨੇ। ਜਿਸ ਦਾ ਨਾਮ ਰੱਖਿਆ ਜਾਂਦਾ “ਡੋਂਟ ਲੁਕ ਅਪ”। ਭਾਵ ਉਪਰ ਨਾ ਦੇਖੋ। ਜੋ ਫਿਲਮ ਦਾ ਵੀ ਨਾਮ ਹੈ। ਸਰਕਾਰ ਲੋਕਾਂ ਨੂੰ ਕਹਿੰਦੀ ਆ ਕਿ ਵਿਗਿਆਨੀਆਂ ਦੀਆਂ ਗੱਲਾਂ ਨਾ ਸੁਣੋ। ਅਸੀਂ ਪੁਲਾੜੀ ਪੱਥਰ ਨੂੰ ਆਪੇ ਸਾਂਭ ਲਵਾਂਗੇ।

ਜਦੋਂ ਤੱਕ ਲੋਕ ਸਰਕਾਰ ਦੇ ਝੂਠ ਨੂੰ ਸਮਝਦੇ ਨੇ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ।

ਫਿਲਮ ਦੀ ਕਹਾਣੀ ਪੰਜਾਬੀ ਹਿੰਦੂਆਂ ਨਾਲ ਵੀ ਘਟ ਰਹੀ ਜਾਪਦੀ ਹੈ। ‌2017 ਦੀਆਂ ਵੋਟਾਂ ਤੋਂ ਪਹਿਲਾਂ ਮੌੜ ਧਮਾਕਾ ਹੁੰਦਾ। ਸਾਰੀਆਂ ਪਾਰਟੀਆਂ ਤੇ ਸਰਕਾਰ ਇਲਜ਼ਾਮ ਖਾਲੀਸਤਾਨੀਆਂ ‘ਤੇ ਲਾਉਂਦੀਆਂ ਨੇ। ਪਰ ਤਿੰਨ ਸਾਲ ਬਾਅਦ ਪਤਾ ਲਗਦਾ ਕਿ ਧਮਾਕਾ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ ਨੇ ਕਰਵਾਇਆ ਸੀ।

ਹੁਣ ਲੁਧਿਆਣੇ ਧਮਾਕਾ ਹੋਇਆ। ਜੇ ਧਮਾਕਾ ਕਰਨ ਵਾਲਾ ਮੌਕੇ ਤੇ ਨਾ ਮਰਦਾ ਤਾਂ ਸਾਰਾ ਇਲਜ਼ਾਮ ਖਾਲਿਸਤਾਨੀਆਂ ‘ਤੇ ਲਗਣਾ‌ ਸੀ। ਪਰ ਧਮਾਕਾ ਕਰਨ ਵਾਲਾ ਗਲਤੀ ਨਾਲ ਮਰ ਗਿਆ। ਪਤਾ ਲੱਗਿਆ ਕਿ ਉਹ ਸਾਬਕਾ ਪੁਲਸੀਆ ਵੀ ਸੀ ਤੇ ਡਰੱ ਗ ਸਮ ਗਲਰ ਵੀ।

ਪਰ ਸਰਕਾਰ ਨੂੰ ਲਗਦਾ ਕਿ ਪੰਜਾਬੀ ਹਿੰਦੂ ਉਪਰ ਨਹੀਂ ਦੇਖਣਗੇ। ਭਾਵ ਤੱਥਾਂ ਵੱਲ ਨਹੀਂ ਦੇਖਣਗੇ। ਇਸ ਕਰਕੇ ਹਾਲੇ ਵੀ ਬੜੀ ਬੇਸ਼ਰਮੀ ਨਾਲ ਲੁਧਿਆਣਾ ਧਮਾਕੇ ਨੂੰ ਖ਼ਾਲਿਸਤਾਨੀਆਂ ਨਾਲ ਜੋੜਿਆ ਜਾ ਰਿਹਾ। ਪੰਜਾਬੀ ਤੇ ਹਿੰਦੀ ਮੀਡੀਆ ਜਿਸ ਖਾਲਿਸਤਾਨੀ ਦੀ ਗ੍ਰਿਫਤਾਰੀ ਜਰਮਨੀ ਵਿਚੋਂ ਦਿਖਾ ਰਿਹਾ। ਉਸ ਖਾਲਿਸਤਾਨੀ ਦੀ ਵੀਡੀਉ ਚੱਲ ਰਹੀ ਆ ਜਿਸ ਵਿੱਚ ਉਹ ਅਜਿਹੀਆਂ ਗਿਰਫਤਾਰੀ ਦੀਆਂ ਖਬਰਾਂ ਨੂੰ ਝੂਠੀਆਂ ਦੱਸ ਰਿਹਾ। ਉਹ ਕਹਿ ਰਿਹਾ ਕਿ ਸਾਡੀ ਲੜਾਈ ਹਥਿਆਰਬੰਦ ਹੈ ਹੀ ਨਹੀਂ।

ਪੰਜਾਬੀ ਹਿੰਦੂਆਂ ਨੂੰ ਪਿਛਲੇ ਪੰਜਤਾਲੀ ਸਾਲਾਂ ਦੇ ਇਤਿਹਾਸ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ। ਉਨ੍ਹਾਂ ਨੂੰ ਉਪਰ ਵੱਲ ਦੇਖਣਾ ਚਾਹੀਦਾ। ਤੱਥਾਂ ਵੱਲ ਦੇਖਣਾ ਚਾਹੀਦਾ। ਕਿਤੇ ਅਜਿਹਾ ਤਾਂ ਨਹੀਂ ਕਿ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬੀ ਹਿੰਦੂਆਂ ਦਾ ਧਿਆਨ ਅਸਲੀ ਮਸਲਿਆਂ ਵੱਲ ਜਾਵੇ ਹੀ ਨਾ ? ਕੀ ਸਰਕਾਰਾਂ ਤੇ ਮੀਡਿਆ ਪੰਜਾਬੀ ਹਿੰਦੂਆਂ ਨੂੰ ਬੇਵਕੂਫ ਸਮਝਦੇ ਨੇ ? ਕੀ ਉਨ੍ਹਾਂ ਨੂੰ ਅਜਿਹਾ ਲੱਗਦਾ ਕਿ ਪੰਜਾਬੀ ਹਿੰਦੂ ਕਿਤੇ ਵੀ ਤੱਥਾਂ ਵੱਲ ਨਹੀਂ ਦੇਖਣਗੇ ? ਕੀ ਸਰਕਾਰ ਅਤੇ ਮੀਡੀਆ ਨੂੰ ਲਗਦਾ ਕਿ ਜੋ ਵੀ ਧਾਰਨਾ ਉਹ ਬਣਾਉਣਗੇ, ਪੰਜਾਬੀ ਹਿੰਦੂ ਬਿਨਾਂ ਪੜਤਾਲ ਕਰਕੇ ਹਮੇਸ਼ਾ ਅੱਖਾਂ ਮੀਟ ਕੇ ਮੰਨ ਲਵੇਗਾ ?
#ਮਹਿਕਮਾ_ਪੰਜਾਬੀ

ਲੁਧਿਆਣਾ, 28 ਦਸੰਬਰ, 2021: ਲੁਧਿਆਣਾ ਵਿੱਚ ਬੀਤੀ 23 ਦਸੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਜਰਮਨੀ ਵਿੱਚ ਰਹਿੰਦੇ ਅਤੇ ਗੁਰਪਤਵੰਤ ਸਿੰਘ ਪੰਨੂੰ ਦੀ ਅਗਵਾਈ ਵਾਲੀ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨਾਂਅ ਦੇ ਇਕ ਵਿਅਕਤੀ ਨੂੰ ਜਰਮਨੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਜਸਵਿੰਦਰ ਸਿੰਘ ਮੁਲਤਾਨੀ ਨੂੂੰ ਕੇਂਦਰੀ ਜਰਮਨੀ ਦੇ ਐਹਫਟ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਜਸਵਿੰਦਰ ਸਿੰਘ ਮੁਲਤਾਨੀ ਦੀ ਇਸ ਮਾਮਲੇ ਵਿੱਚ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਡਿਪਲੌਮੈਟਿਕ ਦਖ਼ਲ ਤੋਂ ਬਾਅਦ ਸੰਭਵ ਹੋਈ ਹੈ।

ਯਾਦ ਰਹੇ ਕਿ ਉਕਤ ਜ਼ਬਰਦਸਤ ਬੰ ਬ ਧਮਾਕੇ ਵਿੱਚ ਕੇਵਲ ਇਸ ਧਮਾਕੇ ਦਾ ਦੋਸ਼ੀ ਗਗਨਦੀਪ ਹੀ ਮਾਰਿਆ ਗਿਆ ਸੀ ਅਤੇ 6 ਹੋਰ ਲੋਕ ਜ਼ਖ਼ਮੀ ਹੋਏ ਸਨ।

ਜਾਣਕਾਰ ਸੂਤਰਾਂ ਅਨੁਸਾਰ ਮੁਲਤਾਨੀ ਦਾ ਨਾਂਅ ਇਸ ਬੰਬ ਧਮਾਕੇ ਦੇ ਦੋਸ਼ੀ ਅਤੇ ਇਸ ਧਮਾਕੇ ਵਿੱਚ ਮਾਰੇ ਗਏ ਬਰਖ਼ਾਸਤ ਪੁਲਿਸ ਕਰਮੀ ਗਗਨਦੀਪ ਦੀ ਬਰਾਮਦ ਕੀਤੀ ਗਈ ਇਕ ਡੌਂਗਲ ਵਿੱਚਲੇ ਡਾਟੇ ’ਤੋਂ ਸਾਹਮਣੇ ਆਇਆ ਸੀ ਜਿਸ ਦੇ ਆਧਾਰ ’ਤੇ ਅੱਗੇ ਕਾਰਵਾਈ ਕਰਦਿਆਂ ਇਹ ਪਾਇਆ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ, ਜਿਸ ਦੇ ਕਥਿਤ ਤੌਰ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ.ਨਾਲ ਸੰਬੰਧ ਹਨ, ਨੇ ਭੂਰਾ ਅਤੇ ਰਿੰਦਾ ਨਾਂਅ ਦੇ ਦੋ ਵਿਅਕਤੀਆਂ ਰਾਹੀਂ ਵਿਸਫ਼ੋਟਕ ਮੁਹੱਈਆ ਕਰਵਾਇਆ ਸੀ, ਜਿਹੜਾ ਇਸ ਧਮਾਕੇ ਲਈ ਵਰਤਿਆ ਗਿਆ। ਡੌਂਗਲ ਤੋਂ ਕਥਿਤ ਤੌਰ ’ਤੇ ਇਹ ਖ਼ੁਲਾਸਾ ਹੋਇਆ ਸੀ ਕਿ ਗਗਨਦੀਪ ਨੇ ਦੁਬਈ, ਮਲੇਸ਼ੀਆ ਅਤੇ ਪਾਕਿਸਤਾਨ ਵਿੱਚ ਕਈ ਕਾਲਾਂ ਕੀਤੀਆਂ ਸਨ।

ਮੁਲਤਾਨੀ ਬਾਰੇ ਖ਼ਬਰ ਹੈ ਕਿ ਉਹ ਐਸ.ਐਫ.ਜੇ. ਦਾ ਇਕ ਪ੍ਰਮੁੱਖ ਕਾਰਕੁੰਨ ਹੈ ਅਤੇ ਸੰਸਥਾ ਦੇ ਮੁਖ਼ੀ ਗੁਰਪਤਵੰਤ ਸਿੰਘ ਪੰਨੂੂੰ ਦਾ ਕਰੀਬੀ ਹੈ। ਉਹ ਜਰਮਨੀ ਵਿੱਚ ਐਸ.ਐਫ.ਜੇ. ਦੇ 2020 ਰਿਫਰੈਂਡਮ ਨਾਲ ਵੀ ਸਰਗਰਮ ਤੌਰ ’ਤੇ ਜੁੜਿਆ ਹੋਇਆ ਹੈ।

ਕੇਂਦਰ ਸਰਕਾਰ ਵੱਲੋਂ ਜਰਮਨੀ ਸਰਕਾਰ ਨੂੰ ਇਹ ਹਵਾਲਾ ਵੀ ਦਿੱਤਾ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰ ਸਮੱਗਲ ਕਰਨ ਵਿੱਚ ਸਹਾਈ ਹੋ ਰਿਹਾ ਸੀ ਅਤੇ ਉਸਦੀ ਮਨਸ਼ਾ ਪੰਜਾਬ ਦੇ ਨਾਲ ਨਾਲ ਦਿੱਲੀ ਅਤੇ ਮੁੰਬਈ ਜਿਹੇ ਵੱਡੇ ਸ਼ਹਿਰਾਂ ਵਿੱਚ ਕੁਝ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਵੀ ਸੀ।

ਮੁਲਤਾਨੀ ਦੀ ਗ੍ਰਿਫ਼ਤਾਰੀ ਨੂੂੰ ਅੰਮ੍ਰਿਤਸਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 7 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ ਜਿਨ੍ਹਾਂ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲਾ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੀਵਨ ਸਿੰਘ ਨਾਂਅ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਨੂੰ ਵੀ ਮੁਲਤਾਨੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਕੁਝ ਕਾਰਵਾਈਆਂ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ।

Check Also

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ..ਸਬੂਤ …

%d bloggers like this: