ਬਾਹਰਲਿਆਂ ਮੁਲਕਾਂ ਦੇ ਪੰਜਾਬੀ ਪੰਜਾਬ ਵਾਲਿਆਂ ਨਾਲ ਇਸ ਤਰਾਂ ਖੜ੍ਹਨ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ-ਬਾਹਰਲੇ ਮੁਲਕਾਂ ‘ਚ ਵਸਦੇ ਪੰਜਾਬੀਆਂ ਵਲੋਂ ਪੰਜਾਬ ਦੇ ਕਿਸਾਨ-ਮਜ਼ਦੂਰਾਂ ਲਈ ਲਾਏ ਜਾ ਰਹੇ ਫੋਕੇ ਨਾਅਰਿਆਂ ਨਾਲ ਨੀ ਸਰਨਾ, ਜਜ਼ਬਾਤੀ ਸਾਂਝ ਦੇ ਨਾਲ-ਨਾਲ ਕੁਝ ਠੋਸ ਕਦਮ ਵੀ ਚੁੱਕਣੇ ਪੈਣਗੇੇ। ਪੰਜਾਬ ਦੇ ਕਿਸਾਨ ਤੇ ਮਜ਼ਦੂਰ ਨਾਲ ਪੈਸੇ ਧੇਲੇ ਵਲੋਂ ਨਾਲ ਖੜਨਾ ਪੈਣਾ, ਜਿਸ ਲਈ ਦਿਮਾਗ ਵਰਤ ਕੇ ਮਦਦ ਵੀ ਕੀਤੀ ਜਾ ਸਕਦੀ ਅਤੇ ਖੁਦ ਵੀ ਪੈਸੇ ਕਮਾਏ ਜਾ ਸਕਦੇ ਹਨ।

ਵੀਕਐਂਡ ‘ਤੇ ਇੱਕ ਸਿੱਖ ਚਿੰਤਕ ਨਾਲ ਵਿਚਾਰ ਕਰਦਿਆਂ ਗੱਲ ਉੱਭਰੀ ਕਿ ਕੈਨੇਡਾ-ਅਮਰੀਕਾ ਦੇ ਆਰਗੈਨਿਕ ਜਾਂ ਹੋਲ ਫੂਡ ਸਟੋਰਾਂ ‘ਤੇ 50 ਗਰਾਮ ਹਲਦੀ ਦਾ ਪੈਕਟ ਜਾਂ ਕੁਝ ਕੈਪਸੂਲ 25 ਤੋਂ 35 ਤੱਕ ਡਾਲਰ ਦਾ ਵੇਚੇ ਜਾ ਰਹੇ ਹਨ। ਇਨ੍ਹਾਂ ‘ਚੋਂ ਲਗਭਗ ਸਾਰੇ ਪੈਕਟਾਂ ‘ਤੇ ‘ਮੇਡ ਇਨ ਇੰਡੀਆ’ ਲਿਖਿਆ ਹੈ।

ਕੀ ਪੰਜਾਬ ‘ਚ ਆਰਗੈਨਿਕ ਹਲਦੀ, ਸਰੋਂ, ਮੇਥੀ, ਜੀਰਾ, ਅਜਵੈਣ, ਸੁੰਢ, ਅਦਰਕ ਤੇ ਹੋਰ ਅਜਿਹੀਆਂ ਵਸਤਾਂ ਉਗਾ ਕੇ ਕੈਨੇਡਾ-ਅਮਰੀਕਾ ‘ਚ ਨਹੀਂ ਵੇਚੀਆਂ ਜਾ ਸਕਦੀਆਂ। ਲੋੜ ਹੈ ਤਾਂ ਉਹ ਇਹ ਕਿ ਆਪਣੀ ਸੋਚ ਤੇ ਤਾਕਤ ਸਹੀ ਪਾਸੇ ਲਾਉਣੀ ਪੈਣੀ।

ਕੈਨੇਡਾ-ਅਮਰੀਕਾ ਯੂਰਪ ਬਹਤੁ ਵੱਡੀ ਮੰਡੀ ਹੈ ਅਜਿਹੇ ਸਮਾਨ ਦੀ, ਬੱਸ ਇਕ ਸਿਸਟਮ ਤਿਆਰ ਕਰਨਾ ਪੈਣਾ, ਜੋ ਬਾਹਲੇ ਮੁਲਕਾਂ ‘ਚ ਵਸਦੇ ਵਪਾਰੀ ਬਿਰਤੀ ਵਾਲੇ ਪੰਜਾਬੀ ਬਹੁਤ ਸੌਖਿਆਂ ਤਿਆਰ ਕਰ ਸਕਦੇ ਹਨ। ਕੈਨੇਡਾ-ਅਮਰੀਕਾ ‘ਚ ਪੰਜਾਬੀਆਂ ਵਲੋਂ ਪਹਿਲਾਂ ਹੀ ਘਰ ਦੇ ਰਾਸ਼ਨ ਦੇ ਵੱਡੇ ਵਪਾਰ ਚਲਾਏ ਜਾ ਰਹੇ ਹਨ, ਜੋ ਭਾਰਤ ਅਤੇ ਪਾਕਿਸਤਾਨ ਤੋਂ ਸਮਾਨ ਮੰਗਵਾ ਕੇ ਛੋਟੇ ਸਟੋਰਾਂ ਨੂੰ ਵੇਚਦੇ ਹਨ ਅਤੇ ਆਪ ਵੀ ਆਪਣੀਆਂ ਚੇਨਾਂ ‘ਚ ਵੇਚਦੇ ਹਨ, ਜਿਵੇਂ ਕਿ ਬੀਸੀ ‘ਚ ਫਰੂਟੀਕੈਨਾ, ਵੇਰਕਾ ਫੂਡਜ਼, ਗਗਨ ਫੂਡਜ਼, ਓਂਟਾਰੀਓ ‘ਚ ਏਸ਼ੀਅਨ ਫੂਡਜ਼, ਦੀਪ ਇੰਪੋਰਟਜ਼ ਵਗੈਰਾ।

ਇਹ ਚੀਜ਼ਾਂ ਬਾਹਰਲੇ ਪੰਜਾਬੀ ਪੰਜਾਬ ‘ਚੋਂ ਤਿਆਰ ਕਰਵਾ ਕੇ ਕੈਨੇਡਾ-ਅਮਰੀਕਾ-ਯੂਰਪ ‘ਚ ਵੇਚਣ। ਨਾਲੇ ਤਾਂ ਪੰਜਾਬ ਵਾਲਿਆਂ ਦੀ ਮਦਦ ਹੋਵੇਗੀ, ਨਾਲੇ ਇੱਥੋਂ ਵਾਲੇ ਪੰਜਾਬੀ ਪੈਸੇ ਬਣਾੳਣਗੇ।ਬਿਨਾ ਮਿਹਨਤਾਨੇ ਬਹੁਤਾ ਚਿਰ ਸੇਵਾ ਨੀ ਹੁੰਦੀ। ਪਰ ਇਸ ਸੋਚ ਨਾਲ ਦੋਵੇਂ ਧਿਰਾਂ ਨੂੰ ਰੱਜਵਾਂ ਮਿਹਨਤਾਨਾ ਮਿਲੇਗਾ। ਅਜਿਹੀ ਸੋਚ ਅੱਗੇ ਕਰਨੀ ਪੈਣੀ। ਮਦਦ ਦੀ ਮਦਦ, ਵਪਾਰ ਦਾ ਵਪਾਰ।