Breaking News
Home / ਪੰਜਾਬ / ਅਨਿਲ ਜੋਸ਼ੀ ਤੇ ਮਾਸਟਰ ਮੋਹਨ ਲਾਲ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਲਿਆ ਸਟੈਂਡ

ਅਨਿਲ ਜੋਸ਼ੀ ਤੇ ਮਾਸਟਰ ਮੋਹਨ ਲਾਲ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਲਿਆ ਸਟੈਂਡ

ਪੰਜਾਬ ‘ਚ ਸਾਲ 2022 ਦੇ ਸ਼ੁਰੂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਇਸ ਸਮੇਂ ਕਾਂਗਰਸ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਪੂਰੇ ਧੜ੍ਹੱਲੇ ਨਾਲ ਮੈਦਾਨ ‘ਚ ਕੁੱਦ ਗਈਆਂ ਹਨ, ਪਰ ਪੰਜਾਬ ਦੀ ਸਿਆਸਤ ਵਿਚ ਆਪਣੀ ਭਾਈਵਾਲ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨਾਲ ਲੰਮਾ ਸਮਾਂ ਰਾਜ ਭੋਗਣ ਵਾਲੀ ਭਾਜਪਾ ਦੀਆਂ ਗਤੀਵਿਧੀਆਂ ਲਗਪਗ ਠੰਢੇ ਬਸਤੇ ਵਿਚ ਪਈਆਂ ਹੋਈਆਂ ਹਨ, ਜਿਸ ਦਾ ਕਾਰਨ ਕਿਸਾਨ ਅੰਦੋਲਨ ਹੈ | ਪਿਛਲੇ 6 ਮਹੀਨੇ ਤੋਂ ਵੱਧ ਸਮਾਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਮਾਰ ਕੇ ਬੈਠੇ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਪਾਸੋਂ ਸੰਸਦ ‘ਚ ਪਾਸ ਕੀਤੇ ਗਏ ਤਿੰਨ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ | ਇਸ ਦੇ ਕਾਰਨ ਹੀ ਪੂਰੇ ਪੰਜਾਬ ਵਿਚ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ |

ਇਸ ਵਿਰੋਧ ਦੇ ਕਾਰਨ ਭਾਜਪਾ ਦੀਆਂ ਸਰਗਰਮੀਆਂ ਪੂਰੇ ਸੂਬੇ ਵਿਚ ਲਗਪਗ ਠੱਪ ਹੋ ਕੇ ਰਹਿ ਗਈਆਂ ਹਨ ਅਤੇ ਪੰਜਾਬ ਦੇ ਭਾਜਪਾ ਆਗੂ ਕਿਸਾਨੀ ਬਿੱਲਾਂ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ ਭਾਜਪਾ ਹਾਈਕਮਾਨ ਨਾਲ ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹਨ | ਪੰਜਾਬ ਦੇ ਸਾਬਕਾ ਮੰਤਰੀ ਅਤੇ ਧੜ੍ਹੱਲੇਦਾਰ ਭਾਜਪਾ ਆਗੂ ਵਜੋਂ ਜਾਣੇ ਜਾਂਦੇ ਅਨਿਲ ਜੋਸ਼ੀ ਨੇ ਆਖਰਕਾਰ ਆਪਣੇ ਸਿਆਸੀ ਭਵਿੱਖ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਇਸ ਮਾਮਲੇ ਸਬੰਧੀ ਆਪਣੀ ਹੀ ਪਾਰਟੀ ਦੇ ਕੁਝ ਸੂਬਾਈ ਆਗੂਆਂ ਨੂੰ ਹਾਸ਼ੀਏ ‘ਤੇ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਦੀ ਸੂਬਾਈ ਲੀਡਰਸ਼ਿਪ ਪੂਰੀ ਇਮਾਨਦਾਰੀ ਨਾਲ ਕਿਸਾਨਾਂ ਦਾ ਪੱਖ ਭਾਜਪਾ ਹਾਈਕਮਾਨ ਤੱਕ ਪਹੁੰਚਾਉਂਦੀ ਤਾਂ ਇਹ ਮਸਲਾ ਏਨਾ ਲਟਕਣ ਵਾਲਾ ਨਹੀਂ ਸੀ, ਕਿਉਂਕਿ ਸੂਬੇ ਦੇ ਕਈ ਵੱਡੇ ਆਗੂਆਂ ਨੂੰ ਕਿਸਾਨੀ ਜ਼ਮੀਨੀ ਹਕੀਕਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਨਹੀਂ ਤਾਂ ਇਹ ਇਥੋਂ ਤੱਕ ਨੌਬਤ ਨਹੀਂ ਆਉਂਦੀ | ਇਸ ਸਬੰਧੀ ਅਨਿਲ ਜੋਸ਼ੀ ਵਲੋਂ ਆਉਣ ਵਾਲੇ ਸਮੇਂ ਵਿਚ ਭਾਵੇਂ ਆਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈ ਵੀ ਲਿਆ ਹੋਵੇ, ਪਰ ਉਹ ਅਜੇ ਤੱਕ ਇਸ ਦੀਆਂ ਪਰਤਾਂ ਨਹੀਂ ਖੋਲ੍ਹ ਰਹੇ |

ਇਸ ਦੇ ਨਾਲ ਹੀ ਜ਼ਮੀਨੀ ਹਰੀਕਤ ਨੂੰ ਸਮਝਦਿਆਂ ਅਨਿਲ ਜੋਸ਼ੀ ਵਲੋਂ ਲਏ ਗਏ ਸਟੈਂਡ ਦੀ ਪੜੋੜਤਾ ਕਰਦਿਆਂ ਪੰਜਾਬ ਦੇ ਇਕ ਹੋਰ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਵੀ ਸਪੱਸ਼ਟ ਤੌਰ ‘ਤੇ ਕਿਹਾ ਕਿ ਸ੍ਰੀ ਜੋਸ਼ੀ ਨੇ ਕੋਈ ਮਾੜੀ ਗੱਲ ਨਹੀਂ ਕੀਤੀ, ਨਾ ਤਾਂ ਭਾਜਪਾ ਦਾ ਵਿਰੋਧ ਕੀਤਾ ਅਤੇ ਨਾ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ | ਉਨ੍ਹਾਂ ਨੇ ਸਾਰਾ ਠੀਕਰਾ ਪੰਜਾਬ ਦੀ ਸੂਬਾਈ ਲੀਡਰਸ਼ਿਪ ‘ਤੇ ਭੰਨਦਿਆਂ ਕਿਹਾ ਕਿ ਜੇਕਰ ਸੂਬੇ ਦੀ ਲੀਡਰਸ਼ਿਪ ਦਿਮਾਗੀ ਤੌਰ ‘ਤੇ ਕਿਸਾਨ ਅੰਦੋਲਨ ਨੂੰ ਗੰਭੀਰਤਾਂ ਨਾਲ ਲੈ ਕੇ ਭਾਜਪਾ ਹਾਈਕਮਾਂਡ ਨਾਲ ਸੰਜੀਦਗੀ ਨਾਲ ਗੱਲ ਕਰਦੀ ਤਾਂ ਇਹ ਅੰਦੋਲਨ ਅੰਤਰਰਾਸ਼ਟਰੀ ਅੰਦੋਲਨ ਨਾ ਬਣਦਾ | ਉਨ੍ਹਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਕਾਰਨ ਪੰਜਾਬ ‘ਚ ਭਾਜਪਾ ਦੀ ਜ਼ਮੀਨ ਖਿਸਕ ਗਈ ਹੈ | ਕੇਂਦਰੀ ਲੀਡਰਸ਼ਿਪ ਦੇ ਕਸੀਦੇ ਪੜ੍ਹਣ ਨਾਲੋਂ ਅੰਦੋਲਨਕਾਰੀ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਸੂਬਾਈ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ ਸੀ, ਜੋ ਨਾ ਹੋ ਸਕਿਆ |

ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਬਿਹਾਰੀ ਬਿਹਾਰ ਨਾਲ ਅਤੇ ਬੰਗਾਲੀ ਬੰਗਾਲ ਨਾਲ ਖੜਾ ਹੋ ਸਕਦਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਲਈ ਆਵਾਜ਼ ਕਿਉਂ ਨਹੀਂ ਬੁਲੰਦ ਕਰ ਸਕਦੇ | ਉਹ ਪੇਂਡੂ ਪਿਛੋਕੜ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੇ ਖ਼ੇਤੀਬਾੜੀ ਵੀ ਕੀਤੀ ਹੈ ਅਤੇ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਭਲੀਭਾਂਤ ਜਾਣੂੰ ਹਨ | ਇਸ ਸਬੰਧੀ ਜਦ ਅਨਿਲ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਨਫ਼ਾ ਨੁਕਸਾਨ ਦੇਖਦੇ ਬਿਨਾਂ ਹੀ ਆਪਣੀ ਜ਼ਮੀਰ ਦੀ ਆਵਾਜ਼ ‘ਤੇ ਪੂਰੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਗੱਲ ਕੀਤੀ ਹੈ, ਕਿਉਂਕਿ ਉਹ ਪੰਜਾਬ ਦੀ ਧਰਤੀ ‘ਤੇ ਪੈਦਾ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੀ ਆਵਾਜ਼ ਬੁਲੰਦ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ | ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅਨਿਲ ਜੋਸ਼ੀ ਦੇ ਬਾਰੇ ਗੱਲਬਾਤ ਹੋਈ ਹੈ ਅਤੇ ਇਹ ਵਿਚਾਰ ਕੀਤਾ ਗਿਆ ਹੈ ਕਿ ਇਹ ਧੜੱ੍ਹਲੇਦਾਰ ਭਾਜਪਾ ਆਗੂ ਨੂੰ ਮਨਾਇਆ ਜਾਵੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇ |

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: