ਬਿਜਲੀ ਨਿਗਮ ਅੰਦਰਖਾਤੇ ਘਰ ਦੇ ਭਾਂਡੇ ਵੇਚ ਕੇ ਕਰ ਰਿਹੈ ਚੁੱਲੇ੍ ਬਾਲਣ ਦੀ ਤਿਆਰੀ

ਪਟਿਆਲਾ, 19 ਸਤੰਬਰ,ਧਰਮਿੰਦਰ ਸਿੰਘ ਸਿੱਧੂ- ਬਿਜਲੀ ਨਿਗਮ ਜਿੱਥੇ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਤੋਂ ਬਾਅਦ ਮੁਲਾਜ਼ਮਾਂ ਦੇ ਰੋਹ ਦਾ ਸਾਹਮਣੇ ਕਰ ਰਿਹਾ ਹੈ ਉੱਥੇ ਹੀ ਕਈ ਹੋਰ ਕਾਲੋਨੀਆਂ, ਸਪੋਰਟਸ ਸੈੱਲ ਨੂੰ ਵੀ ਪੁਨਰਗਠਨ, ਸਪੋਰਟਸ ਸੈੱਲ ਨੂੰ ਵੀ ਅੰਦਰਖਾਤੇ ਵੇਚਣ ਜਾਂ ਬਦਲਣ ਦੀ ਨੀਤੀ ਅਪਣਾ ਰਿਹਾ ਹੈ | ਬੇਸ਼ੱਕ ਇਸ ਦੀ ਕਿਸੇ ਵੀ ਉੱਚ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਅੰਦਰੂਨੀ ਭੇਜੇ ਜਾ ਰਹੇ ਰੋਪੜ ਕਾਲੋਨੀ ਨੂੰ ਖ਼ਾਲੀ ਕਰਨ ਦੇ ਪੱਤਰ ਅਤੇ ਪੁਨਰਗਠਨ ਦੇ ਨਾਂਅ ਹੇਠ ਸਪੋਰਟਸ ਸੈੱਲ ਨੂੰ ਖ਼ਤਮ ਕਰਨ ਦੇ ਯਤਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਜਲਦ ਹੀ ਨਿਗਮ ਆਪਣੀਆਂ ਜਾਇਦਾਦਾਂ ਨੂੰ ਖ਼ਰਚੇ ਬਚਾਉਣ ਦੇ ਨਾਂਅ ਹੇਠ ਘਟਾਉਣ ਦੀਆਂ ਸਕੀਮਾਂ ਘੜ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਬਿਜਲੀ ਐਕਟ 1948 ਦੀ ਉਲੰਘਣਾ ਕਰਕੇ ਜ਼ਮੀਨ ਦੇ ਅਸਲ ਮਾਲਕਾਂ ਨਾਲ ਹੋ ਰਿਹਾ ਧੋਖਾ ਕਰ ਰਿਹਾ ਹੈ | ਬਿਜਲੀ ਐਕਟ 1948 ਦੇ ਮੁਤਾਬਿਕ ਐਕਵਾਇਰ ਕੀਤੀ ਜ਼ਮੀਨ ਜਿਸ ਕੰਮ ਲਈ ਰੋਕੀ ਜਾਂਦੀ ਹੈ ਉਹ ਉਸੇ ਕੰਮ ਲਈ ਵਰਤੀ ਜਾਣੀ ਚਾਹੀਦੀ ਹੈ ਜੇਕਰ ਇਸ ਦੀ ਵਰਤੋਂ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਜ਼ਮੀਨ ਵਾਪਸ ਅਸਲ ਮਾਲਕ ਨੂੰ ਵਾਪਸ ਕੀਤੀ ਜਾਂਦੀ ਹੈ | ਇਸ ਐਕਟ ਦੀ ਸੂਬਾ ਸਰਕਾਰ ਤੇ ਬਿਜਲੀ ਮੈਨੇਜਮੈਂਟ ਵਲੋਂ ਉਲੰਘਣਾ ਕੀਤੀ ਜਾ ਰਹੀ ਹੈ | ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਕਾਲੋਨੀ ਦੀਆਂ ਥਾਵਾਂ ਬਿਜਲੀ ਦੇ ਨਾਲ ਸਬੰਧਿਤ ਕੰਮਾਂ ਦੇ ਹਵਾਲੇ ਤਹਿਤ ਐਕਵਾਇਰ ਕੀਤੀਆਂ ਗਈਆਂ ਹਨ ਪਰ ਸਰਕਾਰ ਹੁਣ ਇਸ ‘ਚ ਪਲਾਟ ਕੱਟਣ ਦੀ ਵਿਉਂਤ ਬਣਾ ਰਹੀ ਹੈ |

ਬਠਿੰਡਾ ਥਰਮਲ ਪਲਾਂਟ :
ਬਿਜਲੀ ਨਿਗਮ ਵਲੋਂ ਜਿੱਥੇ ਬੰਦ ਪਏ ਬਠਿੰਡਾ ਥਰਮਲ ਪਲਾਂਟ ਨੂੰ ਵੇਚਿਆ ਗਿਆ, ਉੱਥੇ ਹੀ ਆਪਣੇ ਬਠਿੰਡਾ ਸਥਿਤ ਥਰਮਲ ਪਲਾਂਟਾਂ ਅਧੀਨ ਆਉਂਦੀਆਂ ਕਾਲੋਨੀਆਂ ਤੋਂ ਆਉਂਦੇ ਲਗਪਗ 1 ਕਰੋੜ ਦੇ ਕਿਰਾਏ ਨੂੰ ਵੀ ਗਵਾ ਲਿਆ | ਭਰੋਸੇਯੋਗ ਸੂਤਰਾਂ ਮੁਤਾਬਿਕ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਤਾਂ ਪਹਿਲਾਂ ਹੀ ਸਰਕਾਰ ਦੀ ਮਲਕੀਅਤ ਬਣ ਚੁੱਕੀ ਹੈ ਪਰ ਹਾਲੇ ਕਿਸੇ ਕਿਸਮ ਦੀ ਕੋਈ ਅਦਾਇਗੀ ਬਿਜਲੀ ਨਿਗਮ ਦੇ ਖਾਤੇ ‘ਚ ਜਮ੍ਹਾਂ ਨਹੀਂ ਹੋਈ ਹੈ | ਜਦੋਂ ਕਿ ਬਠਿੰਡਾ ਪਲਾਂਟ ਨੂੰ ਡਿਸਮੈਂਟਲ ਕਰਨ ਨੂੰ ਦਿੱਤੇ 164 ਕਰੋੜ ਦੇ ਠੇਕੇ ਤੋਂ ਹਾਲੇ ਹੌਲੀ-ਹੌਲੀ ਨਗਦ ਅਦਾਇਗੀ ਆਉਣ ਦੀ ਆਸ ਹੈ |
ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ. ਦੀਆਂ ਕਾਲੋਨੀਆਂ ‘ਚ ਰਹਿਣ ਕਾਰਨ ਬਿਜਲੀ ਨਿਗਮ ਨੂੰ ਆਪਣੇ ਕਿਸੇ ਮੁਲਾਜ਼ਮ ਨੂੰ ਕਿਸੇ ਪ੍ਰਕਾਰ ਦਾ (ਹਾਊਸ ਰੈਂਟ ਅਲਾਊਾਸ) ਐੱਚ.ਆਰ.ਏ. ਨਹੀਂ ਦੇਣਾ ਪੈਂਦਾ ਸੀ, ਜਦੋਂ ਕਿ ਹੁਣ ਇਨ੍ਹਾਂ ਸਾਰੇ ਕਾਲੋਨੀ ‘ਚ ਰਹਿਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਿਜਲੀ ਨਿਗਮ ਵਲੋਂ ਐੱਚ.ਆਰ.ਏ.(ਹਾਊਸ ਰੈਂਟ ਅਲਾਊਸ) ਦੇਣਾ ਪਵੇਗਾ, ਜੋ ਨਿਗਮ ‘ਤੇ ਵਾਧੂ ਵਿੱਤੀ ਬੋਝ ਸਾਬਤ ਹੋਵੇਗਾ | ਇਸ ਬਾਰੇ ਗੱਲਬਾਤ ਕਰਦਿਆਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਦੇ ਸੈਕਟਰੀ ਕਰਮਚੰਦ ਭਾਰਦਵਾਜ ਨੇ ਕਿਹਾ ਕਿ ਜਥੇਬੰਦੀ ਇਸ ਵਰਤਾਰੇ ਦਾ ਸਖ਼ਤ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵਲੋਂ ਪਹਿਲਾਂ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਵੇਲੇ ਇੱਥੇ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਲਗਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਨਿਗਮ ਆਪਣੇ ਵਾਅਦੇ ਤੋਂ ਮੁੱਕਰ ਕੇ ਵੇਚ ਕੇ ਪੁੱਡਾ ਹਵਾਲੇ ਕਰ ਰਿਹਾ ਹੈ ਜੋ ਸਰਾਸਰ ਗ਼ਲਤ ਹੈ |

ਰੋਪੜ ਪਾਵਰ ਕਾਲੋਨੀ :
ਬਿਜਲੀ ਨਿਗਮ ਵਲੋਂ ਹਾਲ ਹੀ ‘ਚ ਵੇਚੀਆਂ ਜਾ ਰਹੀਆਂ ਆਪਣੀਆਂ ਜਾਇਦਾਦਾਂ ‘ਚ ਰੋਪੜ ਸ਼ਹਿਰ ਦੇ ਵਿਚਕਾਰ ਵਸੀ ਪਾਵਰ ਕਾਲੋਨੀ ਨੂੰ ਵੇਚਣ ਦਾ ਵੀ ਖ਼ਦਸ਼ਾ ਜ਼ਾਹਿਰ ਹੋ ਰਿਹਾ ਹੈ | ਇਸ ਕਾਲੋਨੀ ਦੇ ਵਸ਼ਿੰਦਿਆਂ ਨੂੰ 14 ਸਤੰਬਰ 2020 ਨੂੰ ਇਕ ਪੱਤਰ ਜਾਰੀ ਕਰਕੇ ਇਕ ਮਹੀਨੇ ‘ਚ ਪਾਵਰ ਕਾਲੋਨੀ ਨੂੰ ਖ਼ਾਲੀ ਕਰਕੇ ਨੂੰਹੋ ਕਾਲੋਨੀ ‘ਚ ਤਬਦੀਲ ਹੋ ਜਾਣ ਦੇ ਨਿਰਦੇਸ਼ ਜਾਰੀ ਹੋ ਚੁੱਕੇ ਹਨ | ਭਰੋਸੇਯੋਗ ਸੂਤਰਾਂ ਮੁਤਾਬਿਕ ਇਸ ਕਾਲੋਨੀ ‘ਚ ਜਿੱਥੇ ਬਿਜਲੀ ਨਿਗਮ ਦੇ ਦਫ਼ਤਰ, ਰਿਹਾਇਸ਼ੀ ਕਾਲੋਨੀ ਹੈ, ਉੱਥੇ ਹੀ ਭਰੋਸੇਯੋਗ ਸੂਤਰਾਂ ਮੁਤਾਬਿਕ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਰਹਿ ਰਹੇ ਹਨ | ਇਕ ਅਧਿਕਾਰੀ ਵਲੋਂ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਗਿਆ ਕਿ ਇਸ ਪੱਤਰ ਨਾਲ ਅਸਿੱਧੇ ਤੌਰ ‘ਤੇ ਪਾਵਰ ਕਾਲੋਨੀ ਖ਼ਾਲੀ ਕਰਵਾ ਕੇ ਨੰੂਹੋ ਕਾਲੋਨੀ ਜੋ ਰੋਪੜ ਥਰਮਲ ਪਲਾਂਟ ‘ਚ ਬਣੀ ਹੈ ਅਤੇ ਰਿਹਾਇਸ਼ੀ ਖੇਤਰ ਤੋਂ ਲਗਪਗ 15-20 ਕਿੱਲੋਮੀਟਰ ਦੂਰ ਹੈ, ਉੱਥੇ ਭੇਜਣ ਦੀ ਤਿਆਰੀ ਹੈ | ਰੋਪੜ ਪਲਾਂਟ ‘ਚ ਬਣੀ ਨੰੂਹੋ ਕਾਲੋਨੀ ਵਾਲੀ ਥਾਂ ‘ਤੇ ਨਾ ਕੋਈ ਆਵਾਜਾਈ ਹੈ, ਨਾ ਹੀ ਕਿਸੇ ਪ੍ਰਕਾਰ ਦੇ ਕਿਸੇ ਸਾਧਨ ਦੀ ਵਿਵਸਥਾ ਹੈ ਅਤੇ ਉਹ ਖੇਤਰ ਉਜਾੜ ਜਗ੍ਹਾ ‘ਚ ਹੈ | ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰੋਪੜ ਸ਼ਹਿਰ ਸਥਿਤ ਵਾਸੀ ਕਾਲੋਨੀ ਨੂੰ ਉਜਾੜਨ ਦੀ ਕੀ ਵਜ੍ਹਾ ਹੈ ਅਤੇ ਕੀ ਕਾਲੋਨੀ ਵਾਸੀ ਇਕ ਮਹੀਨੇ ‘ਚ ਕਾਲੋਨੀ ਖ਼ਾਲੀ ਕਰਨਗੇ ਜਾਂ ਨਹੀਂ | ਇਸ ਤੋਂ ਇਲਾਵਾ ਪੀ.ਐਸ.ਈ.ਬੀ. ਇੰਜ. ਐਸੋਸੀਏਸ਼ਨ ਵਲੋਂ ਵੀ ਰੋਪੜ ਦੇ ਚੀਫ਼ ਇੰਜ ਨੂੰ ਪੱਤਰ ਲਿਖ ਕਾਲੋਨੀ ‘ਚ ਰੋਕੀ ਜਾ ਰਹੀ ਨਵੀਂ ਅਲਾਟਮੈਂਟ ਬਾਰੇ ਅਤੇ ਕਾਲੋਨੀ ਨੂੰ ਖ਼ਾਲੀ ਕਰਾਉਣ ਦੇ ਆਦੇਸ਼ ਬਾਰੇ ਪੁਨਰਵਿਚਾਰ ਦੀ ਮੰਗ ਕੀਤੀ ਗਈ ਹੈ |

ਬਿਜਲੀ ਨਿਗਮ ਦੇ ਸਪੋਰਟਸ ਸੈੱਲ ਖ਼ਤਮ ਕਰਨ ਦੀ ਤਿਆਰੀ
ਬਿਜਲੀ ਨਿਗਮ ਵਲੋਂ ਪੁਨਰ ਗਠਨ ਦੇ ਨਾਂਅ ‘ਤੇ ਆਪਣੇ 1974 ਤੋਂ ਚੱਲਦੇ ਆ ਰਹੇ ਸਪੋਰਟਸ ਸੈੱਲ ਨੂੰ 20 ਅਗਸਤ 2020 ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਨਾਲ ਜਿੱਥੇ ਬਿਜਲੀ ਨਿਗਮ ਦੀ ਝੋਲੀ ਪੈਣ ਵਾਲੇ ਅਰਜੁਨਾ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਅਤੇ ਕਈ ਕੌਮੀ ‘ਤੇ ਕੌਮਾਂਤਰੀ ਖਿਡਾਰੀਆ ਲਈ ਤਰੱਕੀ ਦਾ ਰਾਹ ਬੰਦ ਹੋਵੇਗਾ, ਉੱਥੇ ਹੀ ਨਵੇਂ ਖਿਡਾਰੀਆ ਲਈ ਭਵਿੱਖ ਧੁੰਦਲਾ ਪੈ ਜਾਵੇਗਾ | ਉੱਧਰ ਇਸ ਸਬੰਧੀ ਗੱਲਬਾਤ ਕਰਦਿਆਂ ਬਿਜਲੀ ਨਿਗਮ ਦੇ ਸੀ.ਐਮ.ਡੀ. ਕਮ ਚੇਅਰਮੈਨ ਏ. ਵੇਨੂੰ ਪ੍ਰਸ਼ਾਦ ਨੇ ਦੱਸਿਆ ਕਿ ਸਪੋਰਟਸ ਸੈੱਲ ਨੂੰ ਭੰਗ ਨਹੀਂ ਕੀਤਾ ਜਾਵੇਗਾ, ਸਗੋਂ ਇਸ ਦਾ ਪੁਨਰਗਠਨ ਕੀਤਾ ਜਾਵੇਗਾ, ਜਿਸ ਨਾਲ ਮੌਜੂਦਾ ਸਥਿਤੀ ‘ਤੇ ਕੋਈ ਫ਼ਰਕ ਨਹੀਂ ਪਵੇਗਾ |

ਬਿਜਲੀ ਨਿਗਮ ਦੀ 31 ਏਕੜ ਜ਼ਮੀਨ ਵੇਚਣ ਨਾਲ ਮਿਲ ਸਕਦੀ ਹੈ ਵੱਡੀ ਆਮਦਨ- ਵਿਧਾਇਕ ਵੈਦ
ਜਿੱਥੇ ਬਿਜਲੀ ਨਿਗਮ ਖ਼ੁਦ ਹੀ ਆਪ ਮੁਹਾਰੇ ਆਪਣੇ ਖ਼ਰਚ ਘੱਟ ਕਰਨ ਦੀਆਂ ਕਿਆਸਾਂ ਲਗਾ ਕੇ ਆਪਣੀਆਂ ਜਾਇਦਾਦਾਂ ਮਨਫ਼ੀ ਕਰ ਰਿਹਾ ਹੈ, ਉੱਥੇ ਹੀ ਲੁਧਿਆਣਾ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੀ ਮੁੱਖ ਮੰਤਰੀ ਪੰਜਾਬ ਨਾਲ ਪਿਛਲੇ ਦਿਨੀਂ ਹੋਈ ਬੈਠਕ ‘ਚ ਸ਼ਹਿਰ ਦੇ ਵਿਚਕਾਰ ਬਣੀ ਬਿਜਲੀ ਨਿਗਮ ਦੀ 31 ਏਕੜ ‘ਚ ਬਣੀ ਕਾਲੋਨੀ, ਜਿਸ ‘ਚ ਨਿਗਮ ਦੇ ਦਫ਼ਤਰ, ਗੈੱਸਟ ਹਾਊਸ ਹਨ, ਨੂੰ ਵੇਚ ਕੇ ਵੱਡੀ ਆਮਦਨ ਕਮਾਉਣ ਦਾ ਪ੍ਰਸਤਾਵ ਦਿੱਤਾ ਹੈ | ਜ਼ਿਕਰਯੋਗ ਹੈ ਕਿ ਬਿਜਲੀ ਨਿਗਮ ਦੀ ਇਸ 31 ਏਕੜ ਦੀ ਕਾਲੋਨੀ ਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਲਾਵਾ ਕਈ ਹੋਰ ਵੱਡੇ ਅਦਾਰੇ ਨਾਲ ਜੁੜਦੇ ਹਨ | ਵਿਧਾਇਕ ਵਲੋਂ ਇਸ ਪੇਸ਼ ਕੀਤੇ ਪ੍ਰਸਤਾਵ ਦਾ ਬਿਜਲੀ ਨਿਗਮ ਦੀਆਂ ਕੁਝ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਹੈ |

Leave a Reply

Your email address will not be published.