Breaking News
Home / ਪੰਥਕ ਖਬਰਾਂ / ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਦਸਮੇਸ਼ ਪਿਤਾ ਦੀ ਕਚਹਿਰੀ ਵਿੱਚ ਅਪੀਲ ਦਾਖ਼ਲ।

ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਦਸਮੇਸ਼ ਪਿਤਾ ਦੀ ਕਚਹਿਰੀ ਵਿੱਚ ਅਪੀਲ ਦਾਖ਼ਲ।

ਹੁਣ ਖ਼ਾਲਸਾ ਪੰਥ ਹੀ ਫ਼ੈਸਲਾ ਕਰੇਗਾ ਕਿ ਬੇਅਦਬੀ ਦੇ ਦੋਸ਼ੀ ਕੌਣ ਸਨ? ਸਰਕਾਰ,ਸਟੇਟ ਅਤੇ ਨਿਆਂਪਾਲਕਾ ਗੁਰੂ ਗਰੰਥ ਸਾਹਿਬ ਖਿਲਾਫ ਇਕ ਥਾਂ ਤੇ ਹੋਏ ਇਕੱਠੇ।
ਕਰਮਜੀਤ ਸਿੰਘ 99150-91063
ਅਕਾਲ ਪੁਰਖ ਦੀ ਹਸਤੀ ਦੀ ਪੈਰਵੀ ਕਰਦਿਆਂ ਇਤਿਹਾਸ ਵੀ ਕਈ ਵਾਰ ਮਨੁੱਖਾਂ ਲਈ ਡੂੰਘੇ ਇਸ਼ਾਰੇ ਅਤੇ ਅਲੌਕਿਕ ਰਾਜ਼( ਅਮੀਕੁਲ ਇਮਾਂ-ਜਾਪੁ ਸਾਹਿਬ) ਦਾ ਰਾਜ਼ਦਾਨ ਬਣਦਾ ਹੈ।

ਦੇਖ ਲਿਆ ਹੋਣੈ!ਸੁਣ ਲਿਆ ਹੋਣੈ! ਪੜ੍ਹ ਲਿਆ ਹੋਣੈ!
ਸੱਚਮੁੱਚ ਬਹੁਤ ਵੱਡੀ ਖ਼ਬਰ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਅਪੀਲ ਦਸਮੇਸ਼ ਪਿਤਾ ਦੀ ਕਚਹਿਰੀ ਵਿੱਚ ਦਾਖ਼ਲ ਕਰ ਦਿੱਤੀ ਹੈ; ਕਿਉਂਕਿ ਉਨ੍ਹਾਂ ਦੇ ਕਹਿਣ ਮੁਤਾਬਕ ਕਾਨੂੰਨ ਮੁਤਾਬਕ ਵੀ ਸਭ ਤੋਂ ਵੱਡੀ ਕਚਹਿਰੀ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ” ਅਦਾਲਤ ਹੈ ਜਿਥੋਂ ਉਨ੍ਹਾਂ ਨੂੰ ਇਨਸਾਫ਼ ਦਾ ਪੱਕਾ ਯਕੀਨ ਹੈ।
ਆਪਣੇ ਅਸਤੀਫ਼ੇ ਵਿੱਚ “ਅੱਜ” ਦੇ ਦੁਨਿਆਵੀ ਸੂਬੇਦਾਰ ਨੂੰ ਲਿਖੀਆਂ ਚੰਦ ਕੁ ਸਤਰਾਂ ਦੇ ਬੜੇ ਡੂੰਘੇ ਅਰਥ ਹਨ। ਇਨ੍ਹਾਂ ਸਤਰਾਂ ਉੱਤੇ ਪੂਰੀ ਇੱਕ ਕਿਤਾਬ ਲਿਖੀ ਜਾ ਸਕਦੀ ਹੈ,ਜਿਸ ਦੇ ਕਈ ਚੈਪਟਰਜ਼ ਹੋ ਸਕਦੇ ਹਨ। ਜਿਵੇਂ :

ਇਕ ਚੈਪਟਰ ਇਹ ਹੋ ਸਕਦਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀਆਂ ਸਤਰਾਂ ਪੜ੍ਹ ਕੇ ਅਕਾਲ ਤਖ਼ਤ ਦਾ ਜਥੇਦਾਰ ਬੋਲਿਆ? ਜੇ ਬੋਲਿਆ ਤਾਂ ਕੀ ਬੋਲਿਆ? ਜੇ ਨਹੀਂ ਬੋਲਿਆ ਤਾਂ ਕਿਉਂ ਨਹੀਂ ਬੋਲਿਆ? ਜੇ ਚੁੱਪ ਰਿਹਾ ਤਾਂ ਏਸ ਚੁੱਪ ਦੇ ਕੀ ਅਰਥ ਸਨ? ਇਹ ਸੁਆਲ ਪੁੱਛੇ ਹੀ ਜਾਣੇ ਹਨ ਜਥੇਦਾਰ ਸਾਹਿਬ! ਦੂਜਾ ਚੈਪਟਰ ਇਹ ਸਵਾਲ ਕਰ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੋਲੀ? ਹੋਰ ਸਿੱਖ ਸੰਸਥਾਵਾਂ ਅਤੇ ਸਿੱਖਾਂ ਦੀਆਂ ਕਥਿਤ ਮਾਇਆਨਾਜ਼ ਹਸਤੀਆਂ ਬੋਲੀਆਂ? ਆਦਿ ਆਦਿ। ਹੁਣ ਜਦੋਂ ਅਪੀਲ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵਿਚ ਚਲੇ ਗਈ ਹੈ ਤਾਂ ਇਸ ਦੇ ਡੂੰਘੇ ਅਰਥ ਕੀ ਹਨ? ਦਸਮੇਸ਼ ਪਿਤਾ ਦਾ ਚਾਰੇ ਪਾਸੇ ਘੁੰਮ ਰਿਹਾ ਭਿਆਨਕ “ਕਾਲ ਚੱਕਰ” ( ਚੱਕਰ ਬਕਰ ਫਿਰੈ ਚਤਰ ਚਕ-ਜਾਪੁ ਸਾਹਿਬ)ਹੁਣ ਕਿੰਨਿਆਂ ਨੂੰ ਆਪਣੇ ਲਪੇਟੇ ਵਿੱਚ ਲਵੇਗਾ ਜਿਨ੍ਹਾਂ ਨੂੰ ਬਚਾਉਣ ਲਈ ਸਰਕਾਰ,ਸਟੇਟ ਅਤੇ ਨਿਆਂਪਾਲਕਾ ਸਭ ਦੇ ਸਭ ਇਕ ਥਾਂ ਤੇ ਇਕੱਠੇ ਹੋ ਗਏ ਸਨ।

ਕੌਣ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਬਣੇਗਾ? ਸਾਡਾ ਇਤਿਹਾਸ ਕੁਝ ਇਸ ਤਰ੍ਹਾਂ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਲਈ ਖਾਸਮ ਖਾਸ ਖ਼ਾਲਸਾ ਪੰਥ ਹੈ ਅਤੇ ਉਹ ਖ਼ਾਲਸੇ ਵਿੱਚ ਹੀ ਨਿਵਾਸ ਕਰਦੇ ਹਨ(ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉ ਕਰਉ ਨਿਵਾਸ-ਗੁਰੂ ਗੋਬਿੰਦ ਸਿੰਘ)। ਦੂਜੇ ਸ਼ਬਦਾਂ ਵਿੱਚ ਹੁਣ ਖ਼ਾਲਸਾ ਪੰਥ ਫ਼ੈਸਲਾ ਕਰੇਗਾ ਕਿ ਬੇਅਦਬੀ ਦੇ ਵੱਡੇ ਦੋਸ਼ੀ ਕੌਣ ਹਨ? ਇਸ ਖ਼ਾਲਸਾ ਪੰਥ ਦਾ ਢਾਂਚਾ ਕਿਹੋ ਜਿਹਾ ਹੋਵੇਗਾ? ਇਸ ਸਵਾਲ ਬਾਰੇ ਵੀ ਦੋ ਰਾਵਾਂ ਨਹੀਂ। ਅਠਾਰ੍ਹਵੀਂ ਸਦੀ ਵਿੱਚ ਵੀ ਖਾਲਸਾ ਪੰਥ ਹੀ ਇਤਿਹਾਸ ਵਿੱਚ ਅਹਿਮ ਫੈਸਲੇ ਕਰਦਾ ਰਿਹਾ ਹੈ।

ਵੀਹਵੀਂ ਸਦੀ ਵਿੱਚ ਵੀ 1984 ਦੇ ਦਰਬਾਰ ਸਾਹਿਬ ਦੇ ਸਾਕੇ ਪਿੱਛੋਂ ਖ਼ਾਲਸਾ ਪੰਥ ਨੇ ਹੀ ਮਹੱਤਵਪੂਰਨ ਫ਼ੈਸਲੇ ਕੀਤੇ ਤੇ ਲਾਗੂ ਕੀਤੇ। ਇਕ ਹੋਰ ਗੱਲ। ਅਪੀਲ ਕਿਉਂਕਿ ਦਸਮੇਸ਼ ਪਿਤਾ ਦੀ ਕਚਹਿਰੀ ਵਿੱਚ ਹੈ,ਇਸ ਲਈ ਖੁਰਾ “ਉਧਰ” ਵੱਲ ਨੂੰ ਹੀ ਜਾ ਰਿਹਾ ਹੈ ਜਿਧਰ “ਕੱਲ੍ਹ” ਵਾਲੇ ਸੂਬੇਦਾਰ ਨੇ ਬੇਅਦਬੀ ਕਾਂਡ ਵਿਰੁੱਧ ਰੋਸ ਪਰਗਟ ਕਰਨ ਲਈ ਗੁਰਾਂ ਦੇ ਸ਼ਬਦ ਪੜ੍ਹਦੀ ਸੰਗਤ ਉੱਤੇ ਗੋਲੀ ਚਲਾਉਣ ਦਾ ਹੁਕਮ ਜਾਰੀ ਕੀਤਾ ਸੀ,ਜਿਸ ਬਾਰੇ “ਉਹ” ਹੁਣ ਦਸਮੇਸ਼ ਪਿਤਾ ਦੀ ਕਚਹਿਰੀ ਵਿੱਚ ਘੱਟੋ ਘੱਟ ਮੁੱਕਰ ਨਹੀਂ ਸਕੇਗਾ।

ਦੁਨਿਆਵੀ ਫ਼ੈਸਲੇ ਵਿੱਚ ਜਿਸ “ਵਿਅਕਤੀ” ਨੇ ਪਰਮੁੱਖ ਰੋਲ ਅਦਾ ਕੀਤਾ ਹੈ,ਕੀ ਤੁਹਾਨੂੰ ਪਤਾ ਹੈ ਕਿ ਉਹ ਕੌਣ ਹੈ? ਉਸ ਨੂੰ ਰਾਜਨੀਤਕ ਭਾਸ਼ਾ ਵਿਚ “ਸਟੇਟ” ਕਹਿੰਦੇ ਹਨ।
ਇਹ “ਸਟੇਟ” ਆਮ ਕਰਕੇ ਨਿਰਲੇਪ ਤੇ ਗੁਪਤ ਹੀ ਰਹਿੰਦੀ ਹੈ ਪਰ ਬੇਅਦਬੀ ਕਾਂਡ ਵਿੱਚ ਵਕਤ ਦੇ ਹਾਕਮਾਂ ਨੂੰ ਬਚਾਉਣ ਲਈ ਇਹ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆਈ ਹੈ। ਇਸੇ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਅਪੀਲ “ਅੰਤਮ ਅਦਾਲਤ” ਵਿੱਚ ਦਾਖ਼ਲ ਕੀਤੀ ਹੈ ਜੋ ਕੁੰਵਰ ਵਿਜੈ ਪ੍ਰਤਾਪ ਸਿੰਘ ਮੁਤਾਬਕ ਦੁਨਿਆਵੀ ਕਾਨੂੰਨ ਮੁਤਾਬਕ ਵੀ ਦਸਮੇਸ਼ ਪਿਤਾ ਦੀ ਅਦਾਲਤ ਹੀ ਠੀਕ ਅਦਾਲਤ ਹੈ।

About admin

Check Also

ਕੀ ਪੁਲਿਸ ਨੇ ਖ਼ੁਦ ਮਾ ਰ ਕੇ ਨਾਮ ਸੰਗਤ ਦਾ ਲਾਇਆ?

ਵੀਡੀਓ ਸਬੂਤ ਹਨ ਕਿ ਪੁਲਿਸ ਬੰਦਾ ਜਿਓਂਦਾ ਲੈ ਕੇ ਗਈ ਪਰ ਕਹਿ ਰਹੇ ਕਿ ਸੰਗਤ …

%d bloggers like this: