ਕੁੱਝ ਦਿਨ ਪਹਿਲਾ ਅਖੌਤੀ ਕਾਮਰੇਡਾਂ ਨੇ ਬਾਬਾ ਹਰਦੀਪ ਸਿੰਘ ਡਿਬਡਿਬਾ ਬਾਰੇ ਭੱਦੀ ਸ਼ਬਦਾਵਲੀ ਵਰਤੀ ਅਤੇ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ।
ਨਕਲੀ ਕਾਮਰੇਡਾਂ ਦਾਅਵਾ: ”ਬਾਬਾ” ਸੰਘਰਸ਼ ਨੂੰ ਦੁਫਾੜ ਕਰਨ ਲਈ ਪੱਬਾਂ ਭਾਰ
ਜਵਾਬ: ਪਹਿਲੀ ਗੱਲ ਤਾਂ ਜਦੋਂ ਕੋਈ ਆਮ ਸਿੱਖ ਬਾਬਾ ਹਰਦੀਪ ਸਿੰਘ ਡਿਬਡਿਬਾ ਜੀ ਦੀ ਫੇਸਬੁੱਕ ਪ੍ਰੋਫਾਈਲ https://www.facebook.com/hardeepsingh.dibdiba ਤੇ ਜਾਂਦਾ ਹੈ ਤਾਂ ਵੱਡੇ ਬਾਦਲ ਦੀ ਫ਼ੋਟੋ ਨਾਲ ਕਿਤਾਬ ਕਵਰ ਦੇਖ ਕੇ ਹੀ ਚੁੱਪ ਕਰ ਜਾਂਦਾ ਹੈ ਅਤੇ ਦਿਲ ਵਾਹ ਵਾਹ ਕਰਨ ਨੂੰ ਕਰ ਆਉਂਦਾ ਹੈ। ਕਿਤਾਬ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਬਾਬਾ ਜੀ ਨੂੰ ਰਾਜਨੀਤੀ ਅਤੇ ਸਮਾਜਿਕ ਗਿਆਨ ਦੀ ਡੂੰਘੀ ਸਮਝ ਹੈ। ਇਸ ਤੋ ਇਲਾਵਾ ਦਲੇਰੀ ਦੀ ਵੀ ਕੋਈ ਕਮੀ ਨਹੀਂ।
ਜਿਨ੍ਹਾਂ ਨੇ ਬਾਬਾ ਜੀ ਦੀਆਂ ਮੁਲਾਕਾਤ ਵੀਡੀਓ ਦੇਖੀਆਂ ਹਨ। ਉਨ੍ਹਾਂ ਨੂੰ ਪਤਾ ਹੈ, ਬਾਬਾ ਜੀ ਉਸ ਸਮੇਂ ਦੇ ਸੰਘਰਸ਼ੀ ਹਨ, ਜਦੋਂ ਇਹ ਨਕਲੀ ਕਾਮਰੇਡ ਕਾਕੇ ਸਕੂਲਾਂ ਕਾਲਜਾਂ ਦੀਆਂ ਕਾਪੀਆਂ ਕਾਲੀਆਂ ਕਰ ਰਹੇ ਸਨ। ਸੰਘਰਸ਼ ਵੀ ਕੋਈ ਹਾਈਵੇਅ ਜਾਮ ਕਰਨ ਵਾਲੇ ਨਹੀਂ, ਬਲਕਿ ਜਿਨ੍ਹਾਂ ਵਿਚ ਗੋਲੀਆਂ ਚਲੀਆਂ ਅਤੇ ਸ਼ਹੀਦ ਹੋਏ। ਬਾਬਾ ਜੀ ਦੇ ਦੱਸਣ ਅਨੁਸਾਰ ਘਰਦਿਆਂ ਨੇ ਤਾਂ ਉਨ੍ਹਾਂ ਨੂੰ ਸ਼ਹੀਦ ਮੰਨ ਕੇ ਰੋ ਵੀ ਲਿਆ ਸੀ। ਕਿਉਂਕਿ ਉਸ ਸਮੇਂ ਇੰਨੇ ਸੰਪਰਕ ਸਾਧਨ ਨਹੀਂ ਸਨ। ਸੋ ਬਾਬਾ ਨੂੰ ਦੱਸਣ ਦੀ ਲੋੜ ਨਹੀਂ ਕਿ ਸੰਘਰਸ਼ ਕਿਵੇਂ ਚਲਾਈਦੇ ਹਨ?
ਨਕਲੀ ਕਾਮਰੇਡਾਂ ਦਾਅਵਾ: ”ਬਾਬਾ” ਐੱਮ ਐੱਲ ਏ ਦੀ ਸੀਟ ਭਾਲਦਾ
ਜਵਾਬ: ਆਮ ਤੌਰ ਤੇ ਰਾਜ-ਭਾਗ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਭਾਲੇ ਜਾਂਦੇ ਹਨ। ਪਰ ਇੱਥੇ ਤਾਂ ਘਰ ਦਾ ਚਿਰਾਗ਼ ਹੀ ਬੁੱਝ ਗਿਆ, ਸੋ ਹੁਣ ਕਿਸ ਲਈ ਧਨ-ਦੌਲਤ ਇਕੱਠੀ ਕਰਨੀ ਹੋਈ। ਨਾਲੇ ਬਾਬਾ ਜੀ ਗਰੀਬ ਪਰਿਵਾਰ ਵਿਚੋਂ ਨਹੀਂ ਹਨ, ਸਗੋਂ ਜਦੋਂ ਵਿਦੇਸ਼ਾਂ ਵਿਚ ਉਨ੍ਹਾਂ ਦੀ ਨੂੰਹ ਅਤੇ ਧੀ ਲਈ ਸਿੱਖ ਸੰਗਤਾਂ ਮਾਇਆ ਇਕੱਠੀ ਕਰਨ ਲੱਗ ਪਈਆਂ ਸਨ ਤਾਂ ਬਾਬਾ ਜੀ ਨੇ ਆਪ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਸਾਡੇ ਪਰਿਵਾਰ ਨੂੰ ਮਾਇਆ ਦੀ ਲੋੜ ਨਹੀਂ, ਉਨ੍ਹਾਂ ਦੇ ਪਰਿਵਾਰ ਨੂੰ ਦਾਨ ਦੇ ਕੇ ਨਵਰੀਤ ਦੀ ਸ਼ਹੀਦੀ ਨੂੰ ਨਾ ਘਟਾਓ।
ਨਕਲੀ ਕਾਮਰੇਡਾਂ ਦਾ ਕਿੰਤੂ: ”ਬਾਬੇ” ਨੂੰ ਸਪੈਸ਼ਲ ਟਰੀਟਮੈਂਟ ਕਿਉਂ?
ਜਵਾਬ: ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾ ਇਹ ਵਿਚਾਰ ਕਰ ਲਈਏ ਕਿ ਬਾਕੀ ਦੇ ਸ਼ਹੀਦਾਂ ਦੇ ਰਿਸ਼ਤੇਦਾਰ ਅੱਗੇ ਕਿਉਂ ਨਹੀਂ ਹਨ?ਕੀ ਉਹ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ? ਮਤਲਬ ਸਟੇਜ ਤੇ ਆਗੂਆਂ ਨੂੰ ਸ਼ੀਸ਼ਾ ਦਿਖਾ ਸਕਦੇ ਹਨ।
ਸਟੇਜ ਤੇ ਬੋਲਣਾ ਵੀ ਹਰੇਕ ਦੇ ਵੱਸ ਦਾ ਰੋਗ ਨਹੀਂ ਹੈ। ਇਸੇ ਕਰਕੇ ਬਾਬਾ ਜੀ ਦਾ ਮਾਣ-ਤਾਣ ਕੀਤਾ ਜਾ ਰਿਹਾ ਹੈ। ਕਿਉਂਕਿ ਉਨ੍ਹਾਂ ਵਿਚ ਉਹ ਸਾਰੀਆਂ ਯੋਗਤਾਵਾਂ ਹਨ, ਜੋ ਇੱਕ ਚੰਗੇ ਆਗੂ ਅਤੇ ਬੁਲਾਰੇ ਵਿਚ ਹੋਣੀਆਂ ਚਾਹੀਦੀਆਂ ਹਨ। ਸਿੱਖ ਕੌਮ ਵੀ ਆਪਣੇ ਮੱਥੇ ਤੇ ਇਹ ਕਲੰਕ ਨਹੀਂ ਚਾਹੁੰਦੀ ਕਿ ਨਕਲੀ ਕਾਮਰੇਡ ਆਗੂਆਂ ਵਾਂਗ ਮਹਾਨ ਸ਼ਹੀਦ ਨਵਰੀਤ ਦੀ ਸ਼ਹੀਦੀ ਨੂੰ ਅਣਗੌਲਿਆ ਅਤੇ ਬਣਦਾ ਮਾਣ-ਤਾਣ ਨਹੀਂ ਦਿੱਤਾ ਗਿਆ।
ਜਿੰਨੀ ਬਾਬਾ ਜੀ ਦੀ ਉਮਰ ਹੈ, ਡਾਕਟਰਾਂ ਦੀ ਤਾਂ ਸਲਾਹ ਹੁੰਦੀ ਹੈ ਕਿ ਘਰੇ ਬੈਠੋ ਅਤੇ ਸਾਧਾ ਖਾਣਾ ਖਾਓ। ਪਰ ਬਾਬਾ ਜੀ ਨਵਰੀਤ ਦੀ ਸ਼ਹੀਦੀ ਤੋਂ ਬਾਅਦ ਇੱਕ ਦਿਨ ਵੀ ਘਰੇ ਨਹੀਂ ਬੈਠੇ, ਲਗਾਤਾਰ 4 ਰਾਜਾਂ (ਪੰਜਾਬ, ”ਦਿੱਲੀ”, ਉੱਤਰਾਖੰਡ, ਹਰਿਆਣਾ) ਵਿਚ ਸਫ਼ਰ ਕਰ ਕੇ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਬਾਹਰਲਾ ਖਾਣਾ ਖਾ ਰਹੇ ਹਨ।
ਸੋ, ਕਹਿਣ ਤੋਂ ਭਾਵ, ਜੇ ਬਾਬਾ ਜੀ ਅੱਜ ਸਾਡੇ ਵਿਚ ਹਨ ਤਾਂ ਆਪਣੇ ਸ਼ਾਂਤ ਸੁਭਾਅ ਕਰਕੇ ਹੀ ਹਨ। ਜੇ ਉਹ ਵੀ ਨਕਲੀ ਕਾਮਰੇਡਾਂ ਵਾਂਗ ਸਟੇਜਾਂ ਤੋਂ ਅਸ਼ਾਂਤ ਹੋ ਕੇ ”ਪੰਜਾਬ ਦੇ ਕਾਮਰੇਡ ਗ਼ੱਦਾਰ” ਬੋਲਦੇ ਹੁੰਦੇ ਤਾਂ ਹੁਣ ਤੱਕ ਮੰਦਭਾਗੀ ਘਟਨਾ ਵਾਪਰ ਚੁੱਕੀ ਹੋਣੀ ਸੀ। ਸਾਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਕਿਸਾਨੀ ਸੰਘਰਸ਼ ਦੌਰਾਨ 300 ਤੋਂ ਵੱਧ ਮੌਤਾਂ ਵਿਚ ਬਹੁਤੀਆਂ ਦਿਲ ਦੇ ਦੌਰੇ ਕਰਕੇ ਹੋਈਆਂ ਹਨ।
ਸੋ ਆਖ਼ਰ ਵਿਚ ਅਸੀਂ ਬਾਬਾ ਜੀ ਦੀ ਲੰਬੀ ਉਮਰ ਦੇ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ, ਬਾਬਾ ਜੀ ਨੂੰ ਸਿਹਤਯਾਬ ਅਤੇ ਚੜ੍ਹਦੀ ਕਲਾ ਵਿਚ ਰੱਖਣ।