ਸਰਦੂਲ ਸਿਕੰਦਰ 50 ਦੇ ਕਰੀਬ ਮਿਊਜ਼ਿਕ ਐਲਬਮਾਂ ਬਣਾ ਚੁੱਕੇ ਹਨ ਅਤੇ ਪੰਜਾਬੀ ਗਾਇਕੀ ‘ਚ ਉਨ੍ਹਾਂ ਦੀ ਆਪਣੀ ਇੱਕ ਜਗ੍ਹਾ ਸੀ।
“ਸਿਤਾਰੇ ਅੰਬਰਾਂ ਤੋਂ ਨੀ ਉਤਰਦੇ ਹੁੰਦੇ, ਸਿਤਾਰਾ ਹੋਣ ਪਿਛੇ ਜਿਹੜੀ ਮਿਹਨਤ ਲੱਗਦੀ ਹੈ ਤੇ ਜਿਹੜਾ ਸਿਰੜ ਹੁੰਦਾ ਉਸਨੂੰ ਮਿਹਨਤ ਕਰਨ ਵਾਲਾ ਹੀ ਸਮਝ ਸਕਦਾ ਹੈ। ਦੂਜਾ ਬੰਦਾ ਤਾਂ ਸਿਰਫ਼ ਕਿਆਸ ਹੀ ਲਗਾ ਸਕਦਾ ਹੈ।” ਉਹ ਕਿਸੇ ਡੂੰਘੇ ਜਿਹੇ ਮਨ ‘ਚੋ ਬੋਲ ਰਹੇ ਸੀ।
ਸਰਦੂਲ ਬੇਹੱਦ ਹਲੀਮੀ ਨਾਲ ਬੋਲ ਰਹੇ ਸੀ, ਮੈਂ ਨਾਲ ਦੀ ਕੁਰਸੀ ‘ਤੇ ਬੈਠਾ ਸ਼ਿੱਦਤ ਜਿਹੀ ਨਾਲ ਸੁਣ ਰਿਹਾ ਸੀ। ਮੈਂ ਕੁੱਝ ਪਲ ਲਈ ਭੁੱਲ ਗਿਆ ਕਿ ਮੈਂ ਉਹਨਾਂ ਦੀ ਇੰਟਰਵਿਊ ਕਰ ਰਿਹਾ ਹਾਂ।
ਨੂਰੀ ਮੈਡਮ ਵੀ ਨਾਲ ਸੀ। ਨੂਰੀ ਵੀ ਉਹਨਾਂ ਨੂੰ ਓਵੇ ਹੀ ਸੁਣ ਰਹੇ ਸੀ ਜਿਵੇਂ ਮੈਂ।
“ਮੈਨੂੰ ਸ਼ੋਹਰਤ ਤੇ ਦੌਲਤ ਬਹੁਤ ਮਿਹਨਤ ਨਾਲ ਮਿਲੀ ਹੈ, ਖ਼ੁਦਾ ਦਾ ਸ਼ੁਕਰ ਕਰਦਾ ਹਾਂ ਕਿ ਮੇਰੇ ਨਾਲ ਮੇਰੀ ਕਿਸਮਤ ਵੀ ਹੈ। ਨਹੀਂ ਤਾਂ ਮੇਰੇ ਤੋਂ ਵੀ ਅਗਾਂਹ ਦੇ ਗਵੰਤਰੀ ਪਏ ਨੇ, ਕੋਈ ਧੇਲੇ ਵੱਟੇ ਵੀ ਨੀ ਜਾਣਦਾ।”
“ਬਹੁਤ ਔਖੇ ਦਿਨ ਦੇਖੇ ਅਸੀਂ ਸਾਰੇ ਭਰਾਵਾਂ ਨੇ, ਜ਼ਿੰਦਗੀ ਏਦਾਂ ਥਾਲੀ ‘ਚ ਧਰਕੇ ਨਹੀਂ ਦਿੰਦੀ ਕੁੱਝ ਵੀ, ਕਿਸੇ ਨੂੰ ਵੀ ..ਘੱਟੋ-ਘੱਟ ਮੈਨੂੰ ਤਾਂ ਨਹੀ ਦਿੱਤਾ।”
ਅਜਿਹੀਆਂ ਗੱਲਾਂ ਜਦੋਂ ਕੋਈ ਧੁਰ ਅੰਦਰੋਂ ਕਰਦਾ ਤਾਂ ਲੱਗਦਾ ਹੈ ਕਿ ਇਹ ਉਹ ਸਖਸ਼ ਨਹੀ ਬੋਲ ਰਿਹਾ ਜੋ ਤੁਹਾਡੇ ਸਾਹਮਣੇ ਬੈਠਾ ਹੈ ਬਲਕਿ ਉਹ ਬੋਲ ਰਿਹਾ ਹੈ ਜਿਸਨੂੰ ਤੁਸੀਂ ਦੇਖ ਤਾਂ ਰਹੇ ਹੋ, ਪਰ ਪੂਰੀ ਤਰਾਂ ਜਾਣਦੇ ਨਹੀਂ।
“ਨਾਲੇ ਜਦੋਂ ਅਸੀਂ ਜ਼ਿੰਦਗੀ ਦੇ ਜੋ ਮਾਇਨੇ ਲਭਦੇ ਹਾਂ, ਉਹ ਤੁਸੀਂ ਨਾ ਦੱਸ ਸਕਦੇ ਹੋ, ਨਾ ਸਮਝਾ ਸਕਦੇ ਹੋ। ਜ਼ਿੰਦਗੀ ਸਿਰਫ਼ ਜੀਈ ਜਾਣ ਵਾਲੀ ਸ਼ੈਅ ਹੁੰਦੀ ਹੈ, ਸਿਰਫ਼ ਔਰ ਸਿਰਫ਼ ਹੰਡਾਈ ਜਾਣ ਵਾਲੀ ਸ਼ੈਅ ਹੈ, ਇਹ ਫਸਟ ਹੈਂਡ ਤਜੁਰਬਾ ਹੈ, ਡੀਅਰ।”
ਹੌਲੀ ਜਿਹੀ ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਇੱਕ ਸੁਰ ਲਾਇਆ ਤੇ ਗਾਇਆ।
“ਪੱਤਝੜਾਂ ਵਿਚ ਪੱਤਿਆਂ ਦਾ ਹਾਲ ਪੁਛਦੀ ਏਂ ਨੀਂ ਤੂੰ ਜਾਣ ਜਾਣ ਕੇ, ਨੀਂ ਤੂੰ ਜਾਣ ਜਾਣ ਕੇ।”
ਮੈਨੂੰ ਅਗਲਾ ਸਵਾਲ ਹੀ ਭੁੱਲ ਗਿਆ। ਮੇਰੇ ‘ਤੇ ਉਨ੍ਹਾਂ ਦੀਆਂ ਗੱਲਾਂ ਅਸਰ ਕਰ ਰਹੀਆਂ ਸਨ। ਕਿਸੇ ਵੀ ਸ਼ੋਅ ਦੇ ਐਂਕਰ ਵਾਸਤੇ ਇਹ ਕਮਜ਼ੋਰੀ ਮੰਨੀ ਜਾਂਦੀ ਹੈ ਜੇ ਉਹ ਮੋੜਵਾਂ ਸਵਾਲ ਨਹੀਂ ਕਰਦਾ। ਪਰ ਮੇਰੇ ਕੋਲ ਕੋਈ ਸਵਾਲ ਨਹੀਂ ਸੀ। ਮੈਨੂੰ ਹੋਰ ਤਾਂ ਕੁਝ ਸੁਝਿਆ ਨਹੀ, ਮੈਂ ‘ਮਿਲਦੇ ਹਾਂ ਬ੍ਰੇਕ ਤੋਂ ਬਾਅਦ’ ਵਾਲੀ ਸਤਰ ਉੱਤੇ ਆ ਗਿਆ।