Breaking News
Home / ਲੇਖ / ਧਰਮ ਯੁਧ ਮੋਰਚੇ ਦੀ ਤਰਜ ਉਤੇ ਕਿਸਾਨ ਮੋਰਚੇ ਨੂੰ ਖਦੇੜਨ ਦੀ ਤਿਆਰੀ

ਧਰਮ ਯੁਧ ਮੋਰਚੇ ਦੀ ਤਰਜ ਉਤੇ ਕਿਸਾਨ ਮੋਰਚੇ ਨੂੰ ਖਦੇੜਨ ਦੀ ਤਿਆਰੀ

Gurbachan Singh
ਘਟਨਾਵਾਂ ਬੜੀ ਤੇਜੀ ਨਾਲ ਵਾਪਰ ਰਹੀਆਂ ਹਨ। ਮੋਦੀ ਸਰਕਾਰ ਉਹਨਾਂ ਮੁਹਤਬਰ ਸਿਖ ਆਗੂਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨਾਲ ਗੱਲਬਾਤ ਕਰ ਕੇ ਜਾਂ ਗੱਲਬਾਤ ਦਾ ਨਾਟਕ ਕਰ ਕੇ ਸਿਖਾਂ ਨੂੰ ਇਹ ਜਚਾਇਆ ਜਾ ਸਕੇ ਕਿ ਮੋਦੀ ਸਰਕਾਰ ਸਿਖਾਂ ਪ੍ਰਤੀ ਬੜੀ ਸੰਵੇਦਨਸ਼ੀਲ ਹੈ ਅਤੇ ਉਹਨਾਂ ਦੇ ਸਾਰੇ ਧਾਰਮਿਕ ਮਸਲਿਆਂ ਦੇ ਹਲ ਲਈ ਬੜੀ ਉਤਸੁਕ ਹੈ। ਇਸ ਕੰਮ ਲਈ ਆਰ ਐਸ ਐਸ ਵੀ ਉਸਦਾ ਹਥ ਵਟਾ ਰਹੀ ਹੈ।

ਖਬਰਾਂ ਹਨ ਕਿ ਪਿਛੇ ਜਿਹੇ ਆਰ ਐਸ ਐਸ ਦੇ ਕਿਸੇ ਵਡੇ ਆਗੂ ਨੇ ਦਿਲੀ ਵਿਚ ਕੁਝ ਸਿਖ ਚਿੰਤਕਾਂ ਨਾਲ ਗਲਬਾਤ ਕਰ ਕੇ ਬੜੀ ਗੰਭੀਰਤਾ ਨਾਲ ਉਹਨਾਂ ਕੋਲੋ ਸਿਖ ਮਸਲਿਆਂ ਬਾਰੇ ਜਾਣਨ ਦਾ ਯਤਨ ਕੀਤਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹਨਾਂ ਸਿਖ ਚਿੰਤਕਾਂ ਨੂੰ ਪੂਰੀ ਤਰ੍ਹਾਂ ਇਹ ਜਚਾਉਣ ਦਾ ਯਤਨ ਕੀਤਾ ਗਿਆ ਹੈ ਕਿ ਆਰ ਐਸ ਐਸ ਸਿਖਾਂ ਪ੍ਰਤੀ ਬੜੀ ਸੁਹਿਰਦ ਹੈ ਅਤੇ ਉਹ ਕਦੀ ਵੀ ਸਿਖਾਂ ਨਾਲ ਟਕਰਾਅ ਨਹੀਂ ਚਾਹੁੰਦੀ।

ਦੂਜੇ ਪਾਸੇ ਕੇਂਦਰ ਸਰਕਾਰ ਨੇ ਬੜੀ ਕਾਹਲੀ ਵਿਚ ਕਾਨੂੰਨ ਪਾਸ ਕਰ ਕੇ ਦਿਲੀ ਸਰਕਾਰ ਦੀ ਸਾਰੀ ਤਾਕਤ ਗਵਰਨਰ ਦੇ ਹਵਾਲੇ ਕਰ ਦਿਤੀ ਹੈ, ਤਾਂ ਕਿ ਕਿਸਾਨ ਅੰਦੋਲਨ ਨੂੰ ਖਦੇੜਣ ਵੇਲੇ ਪਹਿਲਾਂ ਵਾਂਗ ਕਿਸੇ ਕਿਸਮ ਦੀ ਕੋਈ ਪ੍ਰਬੰਧਕੀ ਰੁਕਾਵਟ ਨਾ ਪਵੇ।

ਇਹ ਵੀ ਖਬਰਾਂ ਧੁਮਾਈਆ ਦਾ ਰਹੀਆ ਹਨ ਕਿ ਕਣਕ ਦੀ ਵਾਢੀ ਕਾਰਨ ਵਡੀ ਗਿਣਤੀ ਵਿਚ ਕਿਸਾਨ ਘਰੋਘਰੀ ਚਲੇ ਗਏ ਹਨ ਅਤੇ ਦਿਲੀ ਧਰਨਿਆਂ ਵਿਚ ਬੈਠੇ ਕਿਸਾਨਾਂ ਦੀ ਗਿਣਤੀ ਬਹੁਤ ਘਟ ਗਈ ਹੈ।

28 ਮਾਰਚ ਦੀ ਅੰਗਰੇਜੀ ਟਿ੍ਰਬਿਊਨ ਦੇ ਪਹਿਲੇ ਸਫੇ ਉਤੇ ਸਰਕਾਰੀ ਏਜੰਸੀਆਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਪਹਿਲਾਂ ਜਿਥੇ ਹਰੇਕ ਟਰਾਲੀ ਵਿਚ 10 ਤੋਂ 15 ਕਿਸਾਨ ਹੁੰਦੇ ਸਨ ਉਥੇ ਹੁਣ ਟਰਾਲੀਆਂ ਵਿਚ ਸਿਰਫ 2ਤੋਂ 5 ਕਿਸਾਨ ਹੀ ਬੈਠੇ ਹਨ। 26 ਜਨਵਰੀ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਦੋਂ ਪਰਦੇਸੀ ਬੈਠੇ ਸਿਖਾਂ ਨੂੰ ਇਹ ਜਾਪਿਆ ਕਿ ਕਿਸਾਨ ਆਗੂ ਸਿਖਾਂ ਨੂੰ ਸਰਕਾਰੀ ਜ ਬ ਰ ਤੋਂ ਬਚਾਉਣ ਦੀ ਹਾਲਤ ਵਿਚ ਨਹੀਂ ਹਨ, ਤਾਂ ਉਹਨਾਂ ਨੇ ਮੋਰਚੇ ਵਿਚ ਬੈਠੇ ਆਪਣੇ ਰਿਸ਼ਤੇਦਾਰ ਨੌਜਵਾਨਾਂ ਅਤੇ ਬੀਬੀਆਂ ਨੂੰ ਘਰੀ ਭੇਜ ਦਿਤਾ। ਇਸ ਹਾਲਤ ਵਿਚ ਸਟੇਜ ਉਤੇ ਹੋਣ ਵਾਲੀ ਰੋਜਾਨਾਂ ਫੰਡ ਦੀ ਉਗਰਾਹੀ ਬਹੁਤ ਘਟ ਗਈ ਹੈ। ਕਿਸਾਨ ਆਗੂ ਪਰਦੇਸੀ ਵਸਦੇ ਸਿਖ ਆਗੂਆਂ ਦੀ ਮੋਰਚੇ ਵਿਚ ਸ਼ਮੂਲੀਅਤ ਕਰਵਾ ਕੇ ਇਸ ਫੰਡ ਦੀ ਪੂਰਤੀ ਕਰਨੀ ਚਾਹੁੰਦੇ ਹਨ।

ਕਿਸਾਨ ਆਗੂਆਂ ਦੀ ਇਸ ਚਾਹਤ ਦਾ ਫਾਇਦਾ ਉਠਾਉਂਦਿਆ ਸਰਕਾਰੀ ਏਜੰਸੀਆਂ ‘ਹਾਊਡੀ ਮੋਦੀ’ ਵੇਲੇ ਆਪਣੇ ਅਜਮਾਏ ਸਿਖ ਸਰੂਪ ਵਿਚ ਵਿਚਰਦੇ ਕੁਝ ਲੋਕਾਂ ਦੀ ਸਿਖ ਆਗੂਆਂ ਵਜੋਂ ਮੋਰਚੇ ਵਿਚ ਘੁ ਸ ਪੈ ਠ ਕਰਵਾਉਣ ਦੇ ਯਤਨ ਕਰ ਰਹੀਆ ਹਨ, ਤਾਂ ਕਿ ਮੌਕਾ ਆਉਣ ਉਤੇ ਅੰਦਰੋਂ ਤੇ ਬਾਹਰੋਂ ਇਕੋ ਵੇਲੇ ਮੋਰਚੇ ਉਤੇ ਹ ਮ ਲਾ ਕੀਤਾ ਜਾ ਸਕੇ।

ਮੋਰਚੇ ਨੂੰ ਖਦੇੜਨ ਦੀ ਇਹ ਸਾਰੀ ਤਿਆਰੀ 5 ਸੂਬਿਆਂ ਦੀਆਂ ਹੋ ਰਹੀਆ ਚੋਣਾਂ ਦੇ 2 ਮਈ ਨੂੰ ਨਿਕਲਣ ਵਾਲੇ ਨਤੀਜਿਆਂ ਨੂੰ ਮੁਖ ਰਖ ਕੇ ਕੀਤੀ ਜਾ ਰਹੀ ਹੈ। ਇਹਨਾਂ ਚੋਣਾਂ ਦੇ ਨਿਕਲਣ ਵਾਲੇ ਨਤੀਜਿਆਂ ਨੇ ਨਾ ਸਿਰਫ ਮੋਦੀ-ਸ਼ਾਹ ਜੋੜੀ ਦੇ ਦੇਸ ਵਿਚਲੇ ਰਾਜਸੀ ਭਵਿਖ ਨੂੰ ਤਹਿ ਕਰਨਾ ਹੈ ਬਲਕਿ ਭਾਜਪਾ ਦੇ ਅੰਦਰ ਵੀ ਇਹਨਾਂ ਦੇ ਭਵਿਖ ਦਾ ਫੈਸਲਾ ਕਰਨਾ ਹੈ।

ਮੋਦੀ-ਸ਼ਾਹ ਵਿਰੋਧੀ ਭਾਜਪਾ ਅੰਦਰਲੇ ਵਿਰੋਧ ਨੂੰ ਕਾਬੂ ਕਰਨ ਲਈ ਹੀ ਆਰ ਐਸ ਐਸ ਦੀ ਆਗੂ ਟੀਮ ਵਿਚ ਤਬਦੀਲੀ ਕੀਤੀ ਗਈ ਹੈ। ਕਿਸਾਨ ਮੋਰਚੇ ਦਾ ਦਾਰੋਮਦਾਰ ਹੁਣ ਇਹਨਾਂ ਚੋਣ ਨਤੀਜਿਆਂ ਉਤੇ ਨਿਰਭਰ ਕਰਦਾ ਹੈ। ਚੀਨ ਤੇ ਪਾਕਿਸਤਾਨ ਦੇ ਹੋਏ ਯੁਧਨੀਤਕ ਗਠਜੋੜ ਨੇ ਮੋਦੀ-ਸ਼ਾਹ ਜੋੜੀ ਦੀ ਪਾਕਿਸਤਾਨ ਤੇ ਮੁਸਲਮਾਨ ਵਿਰੋਧੀ ਮਨੂਵਾਦੀ ਚੋਣ ਰਾਜਨੀਤੀ ਦੀ ਫੂਕ ਕਢ ਦਿਤੀ ਹੈ। ਇਸ ਹਾਲਤ ਵਿਚ ਇੁਹ ਜੋੜੀ ਇਕ ਵਾਰ ਫਿਰ ਇੰਦਰਾਂ ਗਾਂਧੀ ਦੀ ਤਰਜ ਉਤੇ ਸਿਖਾਂ ਨੂੰ ਬਲੀ ਦਾ ਬਕਰਾ ਬਣਾ ਕੇ ‘ਖਾਲਿਸਤਾਨ’ ਵਿਰੋਧੀ ਰਾਜਨੀਤੀ ਦਾ ਬਿਰਤਾਂਤ ਸਿਰਜਣ ਦਾ ਯਤਨ ਕਰ ਰਹੀ ਹੈ।

ਕਿਸਾਨ ਆਗੂਆਂ ਨੂੰ ਇਕ ਸਚਾਈ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਇਹ ਮੋਰਚਾ ਕਿਸੇ ਟ੍ਰੇਡ ਯੂਨੀਅਨ ਸੰਘਰਸ਼ ਦਾ ਵਿਸਥਾਰ ਨਹੀਂ ਹੈ ਬਲਕਿ ਦੋ ਵਿਰੋਧੀ ਰਾਜਸੀ ਤਾਕਤਾਂ ਦੀ ਜਿੰਦਗੀ ਮੌਤ ਦੀ ਲੜਾਈ ਹੈ। ਇਹ ਮਲਿਕ ਭਾਗੋਆਂ ਦੇ ਮਾਇਆ ਦੇ ਹੋਰ ਵਡੇ ਅੰਬਾਰ ਲਾਉਣ ਅਤੇ ਭਾਈ ਲਾਲੋਆਂ ਦੀ ਰੋਟੀ ਦੀ ਬੁਰਕੀ ਬਚਾਉਣ ਦੀ ਲੜਾਈ ਹੈ। ਹੁਣ ਤਕ ਇਹ ਲੜਾਈ ਅਕਸਰ ਮਲਿਕ ਭਾਗੋਂ ਜਿਤਦੇ ਆ ਰਹੇ ਹਨ ਅਤੇ ਜੇ ਕਦੀ ਭਾਈ ਲਾਲੋਆਂ ਦੀ ਜਿਤ ਹੋਈ ਵੀ ਹੈ ਤਾਂ ਇਹ ਜਿਤ ਥੋੜਚਿਰੀ ਰਹੀ ਹੈ। ਇਸ ਲਈ ਸੌਖੇ ਕੀਤਿਆਂ ਮੋਦੀਕੇ ਕਦੀ ਵੀ ਪੂਰਨ ਰੂਪ ਵਿਚ ਇਹ ਬਿਲ ਵਾਪਸ ਲੈ ਕੇ ਭਾਈ ਲਾਲੋਆਂ ਨੂੰ ਜਿਤ ਦਾ ਅਹਿਸਾਸ ਨਹੀਂ ਹੋਣ ਦੇਣਗੇ।

ਹੁਣ ਤਕ ਸਾਡੇ ਦੇਸ ਦੇ ਆਲੇਦੁਆਲੇ ਵਾਪਰ ਰਹੀਆਂ ਘਟਨਾਵਾਂ ਨੇ ਕਿਸਾਨ ਅੰਦੋਲਨ ਨੂੰ ਖਦੇੜਣ ਲਈ ਉਹਨਾਂ ਦਾ ਰਾਹ ਰੋਕੀ ਰਖਿਆ ਹੈ। ਪਰ ਹੁਣ 2 ਮਈ ਦੇ ਚੋਣ ਨਤੀਜਿਆਂ ਨੇ ਇਸ ਮੋਰਚੇ ਦਾ ਫੈਸਲਾ ਕਰ ਦੇਣਾ ਹੈ। ਜੇ ਤਾਂ ਮੋਦੀਕੇ ਆਸਾਮ ਅਤੇ ਬੰਗਾਲ ਵਿਚ ਚੋਣਾਂ ਜਿਤਦੇ ਹੋਏ ਤਾਂ ਉਹ ਆਪਣੀ ਇਸ ਰਾਜਸੀ ਜਿਤ ਨੂੰ ਹੋਰ ਵਡਾ ਕਰਨ ਲਈ 2 ਮਈ ਤੋਂ ਬਾਅਦ ਕਿਸਾਨ ਮੋਰਚੇ ਨੂੰ ਜਬਰੀ ਖਦੇੜਨ ਦਾ ਯਤਨ ਕਰਨਗੇ ਅਤੇ ਜੇ ਉਹ ਇਹਨਾਂ ਸੂਬਿਆਂ ਵਿਚ ਚੋਣਾਂ ਹਾਰਦੇ ਹੋਏ ਤਾਂ ਉਹ 2 ਮਈ ਤੋਂ ਪਹਿਲਾਂ ਇਸ ਮੋਰਚੇ ਨੂੰ ਖਦੇੜ ਕੇ ਆਪਣੀ ਹਾਰ ਦੀ ਨਮੋਸ਼ੀ ਕਿਸਾਨ ਮੋਰਚੇ ਨੂੰ ਜਬਰੀ ਖਦੇੜਣ ਕਾਰਨ ਪੈਣ ਵਾਲੇ ਰੌਲੇ ਹੇਠ ਲੁਕਾਉਣ ਦੇ ਯਤਨ ਕਰਨਗੇ।

ਇੰਦਰਾਂ ਗਾਂਧੀ ਵਲੋਂ ਧਰਮ ਯੁਧ ਮੋਰਚੇ ਨੂੰ ਕੁਚਲਣ ਵੇਲੇ ਐਨ ਇਸੇ ਤਰ੍ਹਾਂ ਅਕਾਲੀਆਂ ਨਾਲ ਗਲਬਾਤ ਦੇ ਕਈ ਦੌਰ ਚਲਾਏ ਗਏ ਸਨ। ਭਾਰਤ ਦੀ ਸਰਬ ਉਚ ਖੁਫੀਆ ਏਜੰਸੀ ਰਾਅ ਦੇ ਸਾਬਕਾ ਵਿਸ਼ੇਸ਼ ਸਕਤਰ ਤੇ ਮਨੂੰਵਾਦੀ ਰਾਸ਼ਟਰਵਾਦ ਦੀ ਗੁੜ੍ਹਤੀ ਨਾਲ ਪਲੇ ਸਾਬਕਾ ਕੇਂਦਰੀ ਰਖਿਆ ਮੰਤਰੀ ਸ੍ਰ. ਸਵਰਨ ਸਿੰਘ ਦੇ ਜਵਾਈ ਜੀ ਬੀ ਐਸ ਸਿਧੂ ਦੀ ਕਿਤਾਬ ‘ਖਾਲਿਸਤਾਨ ਇਕ ਸਾਜਿਸ਼’ ਵਿਚ ਇਕ ਪੂਰਾ ਚੈਪਟਰ ਹੀ ਕੇਂਦਰ ਸਰਕਾਰ ਤੇ ਅਕਾਲੀ ਆਗੂਆਂ ਦਰਮਿਆਨ 4 ਸਾਲ ਹੁੰਦੀ ਰਹੀ ਲੰਬੀ ਗੱਲਬਾਤ ਬਾਰੇ ਹੈ ਕਿ ਕਿਵੇਂ ਹਰੇਕ ਵਾਰ ਸਿਰੇ ਲਗੀ ਗਲਬਾਤ ਨੂੰ ਇੰਦਰਾਂ ਗਾਂਧੀ ਨੇ ਤਾਰਪੀਡੋ ਕਰ ਦਿਤਾ।

ਹਰਕਿਸ਼ਨ ਸਿੰਘ ਸੁਰਜੀਤ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਸਿਰਫ 6 ਮਹੀਨਿਆਂ ਵਿਚ ਇੰਦਰਾਂ ਗਾਂਧੀ ਤਿੰਨ ਵਾਰ ਸਮਝੌਤੇ ਤੋਂ ਮੁਕਰੀ। ਦਿਲੀ ਵਿਚ ਆਪਣੇ ਘਰ ਠਹਿਰੇ ਸਵਰਨ ਸਿੰਘ ਨਾਲ ਸਿਰੇ ਲਗੀ ਗਲਬਾਤ ਕਿਵੇਂ ਤਾਰਪੀਡੋ ਕੀਤੀ ਗਈ, ਉਸ ਦਾ ਪੂਰਾ ਵੇਰਵਾ ਸਿਧੂ ਨੇ ਆਪਣੀ ਕਿਤਾਬ ਵਿਚ ਦਿਤਾ ਹੈ।

26 ਮਈ 1984 ਨੂੰ ਦਿਲੀ ਵਿਚ ਬਾਦਲ, ਟੌਹੜੇ ਅਤੇ ਬਰਨਾਲੇ ਨਾਲ ਪੀ ਵੀ ਨਰਸਿਮਹਾ ਰਾਓ, ਪਰਨਾਬ ਮੁਖਰਜੀ ਤੇ ਪੀ ਸ਼ਿਵ ਸ਼ੰਕਰ ਦੀ ਹੋਈ ਆਖਰੀ ਗਲਬਾਤ ਬਾਰੇ ਕਿਤਾਬ ਵਿਚ ਦਰਜ ਹੈ, ‘‘ਕੁਲਦੀਪ ਨਈਅਰ ਨੂੰ ਸਦਮਾ ਲਗਾ ਪਰ ਹੈਰਾਨੀ ਨਹੀਂ ਹੋਈ, ਜਦੋਂ 3 ਜੂਨ ਨੂੰ ਦਰਬਾਰ ਸਾਹਿਬ ਵਿਚ ਫੌਜ ਵਾੜ ਦਿਤੀ ਗਈ। ਪੰਜਾਬ ਗਰੁਪ ਦੇ ਮੈਂਬਰ ਹੋਣ ਨਾਤੇ ਉਸ ਨੇ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕੀਤਾ। ਕਿਉਂਕਿ ਰਾਓ ਨੇ ਉਹਨਾਂ ਨੂੰ 10 ਦਿਨ ਪਹਿਲਾਂ ਅਕਾਲੀਆਂ ਨਾਲ ਸਮਝੌਤਾ ਹੋਣ ਦਾ ਯਕੀਨ ਦਿਵਾਇਆ ਸੀ। ਜਦੋਂ ਨਈਅਰ ਨੇ ਮੇਜਰ ਜਨਰਲ ਕੇ ਐਸ ਬਰਾੜ ਕੋਲੋ ਉਪਰੇਸ਼ਨ ਬਲਿਊ ਸਟਾਰ ਬਾਰੇ ਜਾਣਕਾਰੀ ਲਈ ਤਾਂ ਪਤਾ ਲਗਾ ਕਿ ਫੌਜ ਨੂੰ ਇਹ ਜਿੰਮੇਵਾਰੀ 15 ਦਿਨ ਪਹਿਲਾਂ ਹੀ ਸੌਂਪ ਦਿਤੀ ਗਈ ਸੀ।

ਇਸ ਦਾ ਮਤਲਬ ਸੀ ਕਿ ਰਾਓ ਵਲੋਂ ਉਹਨਾਂ ਨੂੰ ਯਕੀਨ ਦਿਵਾਉਣ ਤੋਂ ਪਹਿਲਾ ਸਰਕਾਰ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਨ ਦਾ ਮਨ ਬਣਾ ਲਿਆ ਸੀ। ਕੁਦਰਤੀ ਤੌਰ ਉਤੇ ਨਈਅਰ ਹੈਰਾਨ ਹੋਇਆ ਕਿ ਰਾਓ ਨੇ ਉਹਨਾਂ ਕੋਲੋ ਇਹ ਸਚਾਈ ਕਿਉਂ ਲੁਕਾਈ ਸੀ।’’

ਲੇਖਕ ਦੀ ਇਸ ਸਾਰੇ ਕੁਝ ਬਾਰੇ ਆਪਣੀ ਟਿਪਣੀ ਹੈ, ‘‘ਇਸ ਤਰ੍ਹਾਂ ਅਕਾਲੀਆਂ ਨਾਲ ਗਲਬਾਤ ਰਾਹੀਂ ਪੰਜਾਬ ਸਮਝੌਤੇ ਦਾ ਸ਼ਾਤਮਈ ਹਲ ਲਭਣ ਦੀ ਲੰਬੀ ਬੁਝਾਰਤ ਦਾ ਅੰਤ ਹੋਇਆ। ਗਲਬਾਤ ਦੇ ਇਹ ਸਾਰੇ ਦੌਰ ਸਿਰਫ 1 ਅਕਬਰ ਰੋਡ ਗਰੁਪ (ਤੀਜੀ ਏਜੰਸੀ) ਦੇ ਮੰਤਵ ਨੂੰ ਪੂਰਾ ਕਰਨ ਲਈ ਸਨ ਅਤੇ ਜਿਨ੍ਹਾਂ ਦੀ ਹੁਣ ਲੋੜ ਨਹੀਂ ਸੀ ਰਹੀ। ਬਲਕਿ ਉਪਰੇਸ਼ਨ-2 ਦੀ ਯੋਜਨਾ ਅਨੁਸਾਰ ਪੰਜਾਬ ਸਮਸਿਆ ਦਾ ‘ਅੰਤਿਮ ਹਲ’ ਕਰਨ ਦਾ ਸਮਾ ਆ ਗਿਆ ਸੀ, ਜਿਸ ਦੀ ਉਹਨਾਂ ਨੇ 4 ਸਾਲ ਲੰਬੀ ਉਡੀਕ ਕੀਤੀ ਸੀ।’’
ਇਹ ਹੈ ਮਲਿਕ ਭਾਗੋਆਂ ਅਤੇ ਭਾਈ ਲਾਲੋਆਂ ਵਿਚਕਾਰ ਹੋ ਰਹੀ ਅਤੇ ਹੁੰਦੀ ਰਹੀ ਗਲਬਾਤ ਦਾ ਵੇਰਵਾ। ਸਿਖ ਸਰੂਪ ਵਿਚ ਵਿਚਰਦੇ ਮਲਿਕ ਭਾਗੋ ਹਮੇਸ਼ਾਂ ਭਾਈ ਲਾਲੋਆਂ ਨਾਲ ਧੋਖਾ ਕਰਦੇ ਆਏ ਹਨ। ਹੁਣ ਵੀ ਇਹੀ ਕੁਝ ਹੋ ਰਿਹਾ ਹੈ। ਥੁਕਿਆ ਚਟ ਕੇ ਅਮਰਿੰਦਰ ਸਿੰਘ ਤੇ ਬਾਦਲਕਿਆਂ ਨਾਲ ਮੋਦੀ-ਸ਼ਾਹ ਜੋੜੀ ਨੇ ਸਮਝੌਤਾ ਕਰ ਲਿਆ ਹੈ ਅਤੇ ਇਹ ਦੋਵੇਂ ਹੁਣ ਕਿਸਾਨ ਮੋਰਚੇ ਨੂੰ ਕੁਚਲਣ ਲਈ ਮੋਦੀ ਨਾਲ ਖੜੇ ਹਨ।

ਸਮੂਹ ਸਿਖਾਂ, ਭਾਈ ਲਾਲੋਆਂ ਤੇ ਪੰਜਾਬ ਪਖੀ ਲੋਕਾਂ ਨੂੰ ਹੁਣ ਤੋਂ ਹੀ ਚੌਕਸ ਹੋ ਕੇ ਮੋਦੀ-ਸ਼ਾਹ ਜੋੜੀ ਦੇ ਇਸ ਆਉਣ ਵਾਲੇ ਹਮਲੇ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ। ਇਸ ਲਈ ਕਿਸਾਨ ਆਗੂਆਂ ਵਲੋਂ ਹਰੇਕ ਪਿੰਡ ਵਿਚ 21 ਮੈਂਬਰੀ ਕਿਸਾਨ ਕਮੇਟੀਆਂ ਬਣਾਉਣ ਦਾ ਦਿਤਾ ਸੱਦਾ ਬੜਾ ਅਹਿਮ ਹੈ ਤੇ ਇਸ ਨੂੰ ਫੌਰੀ ਅਮਲ ਵਿਚ ਲਿਆਉਣ ਦੀ ਲੋੜ ਹੈ। (ਗੁਰਬਚਨ ਸਿੰਘ, ਦੇਸ ਪੰਜਾਬ)

About admin

Check Also

ਕਿਸਾਨੀ ਤੇ ਸਮਾਜ ਤੇ ਕਾਰਪੋਰੇਟ ਘਰਾਣੇ ਕਾਬਜ ਹੋਣ ਨੂੰ ਕਿਉਂ ਕਾਹਲੇ ਨੇ ?

ਕਾਰਪੋਰੇਟ ਮਾਡਲ ਦਾ ਸੱਚ। ਕਾਰਪੋਰੇਟ ਦਾ ਮੁੱਖ ਟੀਚਾ ਤੁਹਾਨੂੰ ਤੁਹਾਡੀ ਖੁਦਮੁਖਤਿਆਰੀ ਤੋਂ ਹੀਣੇ ਕਰਨਾ ਏ। …

%d bloggers like this: