Breaking News
Home / ਪੰਜਾਬ / ਪੇਚਾ ਕੇਂਦਰ ਨਾਲ, ਪੰਜਾਬ ਬੰਦ – ਭਾਰਤ ਬੰਦ ਨੂੰ ਪੰਜਾਬ ’ਚ ਭਰਪੂਰ ਹੁੰਗਾਰਾ

ਪੇਚਾ ਕੇਂਦਰ ਨਾਲ, ਪੰਜਾਬ ਬੰਦ – ਭਾਰਤ ਬੰਦ ਨੂੰ ਪੰਜਾਬ ’ਚ ਭਰਪੂਰ ਹੁੰਗਾਰਾ

ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੰਜਾਬ ਵਿਚ ਸਵੇਰ ਤੋਂ ਹੀ ਭਰਪੂਰ ਹੁੰਗਾਰਾ ਮਿਲਿਆ ਹੋਇਆ ਹੈ। ਸਾਰੇ ਪਾਸੇ ਸੜਕੀ ਆਵਾਜਾਈ ਸਮੇਤ ਰੇਲ ਸੇਵਾਵਾਂ ਬੰਦ ਹਨ, ਬਜ਼ਾਰਾਂ ਵਿੱਚ ਚੁੱਪ ਪਸਰੀ ਪਈ ਹੈ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਥਾਂ- ਥਾਂ ਨਾਅਰੇਬਾਜ਼ੀ ਹੋ ਰਹੀ ਹੈ। ਜਨਤਕ ਜਥੇਬੰਦੀਆਂ ਵੱਲੋਂ ਹਕੂਮਤ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਬਾਜ਼ਾਰਾਂ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ। ਬੇਸ਼ੱਕ ਕਮਰਸ਼ੀਅਲ ਬੈਂਕਾਂ ਵਲੋਂ ਇਸ ਹੜਤਾਲ ਵਿੱਚ ਹਮਾਇਤ ਨਹੀਂ ਕੀਤੀ ਗਈ ਹੈ ਪਰ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਵਪਾਰਕ ਮੰਡਲਾਂ ਸਮੇਤ ਹੋਰ ਧਿਰਾਂ ਵਲੋਂ ਸ਼ਹਿਰਾਂ ਵਿਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਬੈਂਕਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।

ਮਾਨਸਾ ਵਿਖੇ ਸੀਪੀਆਈ (ਐੱਮਐਲ) ਲਿਬਰੇਸ਼ਨ ਦੇ ਸੂਬਾਈ ਆਗੂ ਰਾਜਵਿੰਦਰ ਸਿੰਘ ਰਾਣਾ ਦੀ‌ ਅਗਵਾਈ ਹੇਠ ਬੈਂਕਾਂ ਨੂੰ ਬੰਦ ਕਰਵਾਇਆ ਗਿਆ ਹੈ। ਇਸੇ ਦੌਰਾਨ ਹੀ ਕਿਸਾਨ ਜਥੇਬੰਦੀਆਂ ਵਲੋਂ ਥਾਂ ਥਾਂ ਮੁੱਖ ਮਾਰਗਾਂ ਉੱਤੇ ਧਰਨੇ ਦੇ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਬੱਸ ਅਪਰੇਟਰਾਂ ਵੱਲੋਂ ਸਰਕਾਰੀ ਬੱਸਾਂ ਵਾਲਿਆਂ ਨੂੰ ਨਾਲ ਲੈ ਕੇ ਹਰ ਬੱਸ ਸਟੈਂਡ ਵਿਚ ਕੇਂਦਰ ਸਰਕਾਰ ਦੇ ਵਿਰੁੱਧ ਸੱਥਰ ਵਿਛਾਇਆ ਹੋਇਆ ਹੈ।

ਮਾਲਵਾ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਮਾਨਸਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਆਗੂ ਗੋਰਾ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ।

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਅਸਰ ਪਿੰਡਾਂ ਤੱਕ ਵੇਖਣ ਨੂੰ ਮਿਲਿਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਚੋਗਾਵਾਂ ਵਲੋਂ ਪਿੰਡ ਕੱਕੜ, ਬੱਚੀਵਿੰਡ , ਸਾਰੰਗੜਾ ਵਿਖੇ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਕਸਬਾ ਲੌਂਗੋਵਾਲ ਦੇ ਬੱਸ ਸਟੈਂਡ ‘ਤੇ ਲੋਕਾਂ ਨੇ ਆਪ ਮੁਹਾਰੇ ਬੰਦ ਕਰਕੇ ਧਰਨਾ ਦਿੱਤਾ ਗਿਆ ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਪੂੰਜੀਪਤੀਆਂ ਦੇ ਪੱਖ ਵਿਚ ਤੇ ਲੋਕਾਂ ਖਿਲਾਫ ਕਾਨੂੰਨ ਬਣਾਉਂਦੀਆਂ ਆਈਆਂ ਹਨ ,ਜਿਸ ਨੂੰ ਲੈ ਕੇ ਅੱਜ ਕਸਬੇ ਦੇ ਲੋਕਾਂ ਵਲੋਂ ਮੁਕੰਮਲ ਬੰਦ ਰੱਖਿਆ ਗਿਆ।

ਕਿਸਾਨ ਜਥੇਬੰਦੀਆਂ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਦਾ ਕਿਸਾਨਾਂ ਨੇ ਨਾਅਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਪਠਾਨਕੋਟ ਦੇ ਚੱਕੀ ਪੁਲ ਵਿਖੇ ਪਠਾਨਕੋਟ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ‘ਤੇ ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਦੌਰਾਨ ਬਰਾਤ ਲੈ ਕੇ ਜਾ ਰਿਹਾ ਲਾੜਾ ਬਰਾਤੀਆਂ ਸਮੇਤ ਫਸ ਗਿਆ, ਜਿਸ ਤੋਂ ਬਾਅਦ ਲਾੜੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਕਿਸਾਨ ਆਗੂਆਂ ਨੇ ਬਿਨਾਂ ਸ਼ਰਤ ਬਰਾਤ ਨੂੰ ਜਾਣ ਦਿੱਤਾ | ਜਿਸ ਨੂੰ ਦੇਖਦੇ ਹੋਏ ਲਾੜੇ ਵੱਲੋਂ ਕਿਸਾਨਾਂ ਦੇ ਹੱਕ ਵਿਚ ਨਾਅਰੇ ਲਗਾ ਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ |

ਭਾਰਤ ਬੰਦ ਦੌਰਾਨ ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀ ਕੌਮੀ ਤਿਉਹਾਰ ਹੋਲੇ – ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਆਮਦ ਭਾਵੇਂ ਪਹਿਲਾਂ ਨਾਲੋਂ ਘੱਟ ਰਹੀ, ਪਰ ਬੰਦ ਦੌਰਾਨ ਵੀ ਖ਼ਾਲਸਾਈ ਰੰਗ ਬਰਕਰਾਰ ਰਿਹਾ। ਇਸ ਦੌਰਾਨ ਮਾਝੇ, ਦੋਆਬੇ ਦੀ ਸੰਗਤ ਟ੍ਰੈਕਟਰ-ਟਰਾਲੀਆਂ , ਮੋਟਰਸਾਈਕਲਾਂ ਸਮੇਤ ਹੋਰ ਸਾਧਨਾਂ ਰਾਹੀਂ ਅਤੇ ਪੈਦਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੀ ਵੇਖਣ ਨੂੰ ਮਿਲ ਰਹੀ ਹੈ। ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਮਾਰਗ ‘ਤੇ ਵੱਖ-ਵੱਖ ਥਾਵਾਂ ‘ਤੇ ਅਤੁੱਟ ਲੰਗਰ ਵੀ ਵਰਤਾਏ ਜਾ ਰਹੇ ਹਨ।

ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਡਾ ਬਾਗਪੁਰ-ਸਤੌਰ ਵਿਖੇ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਕਿਸਾਨ ਆਗੂ ਸਾਬਕਾ ਸਰਪੰਚ ਗੁਰਮੀਤ ਸਿੰਘ ਬਾਗਪੁਰ ਨੇ ਕਿਹਾ ਕਿ 4 ਮਹੀਨੇ ਤੋਂ ਦਿੱਲੀ ਸਰਹੱਦਾਂ ’ਤੇ ਧਰਨੇ ਲਗਾ ਕੇ ਕਿਸਾਨ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਵਲੋਂ ਆਪਣਾ ਅੜੀਅਲ ਰਵੱਈਆ ਨਹੀਂ ਛੱਡਿਆ ਜਾ ਰਿਹਾ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: