ਕੋਰੋਨਾ ਮਹਾਮਾਰੀ ਕਾਰਨ ਵੱਡੀ ਗਿਣਤੀ ‘ਚ ਰੋਜ਼ਗਾਰ ਗੁਆ ਚੁੱਕਣ ਦੇ ਚਲਦਿਆਂ ਮਾੜੇ ਹੋਏ ਵਿੱਤੀ ਹਾਲਾਤਾਂ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲਾਂ ਵਲੋਂ ਮਨਮਾਨੇ ਢੰਗ ਨਾਲ ਸਕੂਲ ਫੀਸਾਂ, ਸਲਾਨਾ ਫੀਸਾਂ ਤੇ ਹੋਰ ਖਰਚੇ ਮੰਗਣ ਦੇ ਰੋਸ ਵਜੋਂ ਅੱਜ ਸਥਾਨਕ ਬੱਸ ਸਟੈਂਡ ਬੱਤੀ ਵਾਲਾ ਚੌਂਕ ‘ਚ ਪੇਰੈਂਟਸ ਗਰੁੱਪ ਪਟਿਆਲਾ ਵਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਸਹਿਯੋਗ ਨਾਲ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਗਈ ਕਿ ਉਹ ਆਪਣਾ ਸਟੈਂਡ ਕਲੀਅਰ ਕਰਨ ਤੇਮਾਪਿਆਂ ਦੀ ਮਜ਼ਬੂਰੀ ਨੂੰ ਆਪਣੀ ਮਜ਼ਬੂਰੀ ਸਮਝਦਿਆਂ ਫੀਸਾਂ ਮੁਆਫ ਕੀਤੇ ਜਾਣ ਦਾ ਠੋਸ ਫ਼ੈਸਲਾ ਲੈਣ।
ਪੇਰੈਂਟਸ ਗਰੁੱਪ ਪਟਿਆਲਾ ਦੇ ਜ਼ਿਲਾ ਪ੍ਰਧਾਨ ਜੈਦੀਪ ਗੋਇਲ, ਅਮਨਦੀਪ ਸਿੰਘ ਚੇਅਰਮੈਨ, ਪ੍ਰਵੀਨ ਕੁਮਾਰ ਵਾਈਸ ਪ੍ਰੈਜ਼ੀਡੈਂਟ, ਅਨੀਤਾ ਗਿੱਲ ਸੀਨੀਅਰ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਮਨਜੀਤ ਸਿੰਘ ਗੋਰਾਇਆ ਤੇ ਸਹਿਯੋਗੀਆਂ ਨੇ ਧਰਨੇ ਦੌਰਾਨ ਨਾਅਰੇਬਾਜੀ ਕਰਦਿਆਂ ਕਿਹਾ ਕਿ ਜੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਿੰਗਲ ਬੈਂਚ ਵਲੋਂ ਫੀਸਾਂ ਸਮੇਤ ਦਾਖਲਾ ਫੀਸਾਂ ਦੇਣ ਦਾ ਫ਼ੈਸਲਾ ਦਿੱਤਾ ਗਿਆ ਸੀ ਦੇ ਖਿਲਾਫ਼ ਪੇਰੈਂਟਸ ਗਰੁੱਪ ਪਟਿਆਲਾ ਵਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਕੋਲ ਹਾਲੇ ਕੇਸ ਪੈਂਡਿੰਗ ਹੈ ਤੇ ਇਸ ਬੈਂਚ ਵਲੋਂ ਆਪਣਾ ਫ਼ੈਸਲਾ 21 ਸਤੰਬਰ ਨੂੰ ਦਿੱਤਾ ਜਾਣਾ ਹੈ।
ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਵਲੋਂ ਵੀ ਫ਼ੈਸਲਾ ਸਕੂਲਾਂ ਦੇ ਹੱਕ ‘ਚ ਅਤੇ ਮਾਪਿਆਂ ਵਿੱਤੀ ਹਾਲਤ ਦੇ ਖਿਲਾਫ਼ ਆਇਆ ਤਾਂ ਪੇਰੈਂਟਸ ਗਰੁੱਪ ਪਟਿਆਲਾ ਵਲੋਂ ਮਾਨਯੋਗ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਜਾਵੇਗੀ ਤੇ ਆਪਣਾ ਹੱਕ ਮੰਗਿਆ ਜਾਵੇਗਾ।
ਉਪਰੋਕਤ ਆਗੂਆਂ ਨੇ ਧਰਨੇ ਦੌਰਾਨ ਜਿਥੇ ਨਾਅਰੇਬਾਜੀ ਕੀਤੀ, ਉਥੇ ਸੜਕ ‘ਤੇ ਲਿਟ ਕੇ ਸਰਕਾਰ ਤੇ ਸਿੱਖਿਆ ਮੰਤਰੀ ਨੂੰ ਜੰਮ ਕੇ ਕੋਸਿਆ ਤੇ ਕਿਹਾ ਕਿ ਜੋ ਸਟੈਂਡ ਤੇ ਫ਼ੈਸਲਾ ਸਰਕਾਰ ਨੂੰ ਤੁਰੰਤ ਬਾਕੀ ਕਈ ਸੂਬਿਆਂ ਵਾਂਗ ਲੈ ਲੈਣਾ ਚਾਹੀਦਾ ਸੀ ਨੂੰ ਐਨਾਂ ਸਮਾਂ ਬੀਤਣ ‘ਤੇ ਵੀ ਨਾ ਲੈਣਾ ਸਰਕਾਰ ਤੇ ਉਸਦੀ ਨੀਤੀ ਦੀ ਨੀਅਤ ਨੂੰ ਸਪੱਸ਼ਟ ਕਰਦਾ ਹੈ।