Breaking News
Home / ਸਾਹਿਤ / 26 ਜਨਵਰੀ ਨੂੰ ਲੋਕਾਂ ਨੇ ਲਾਲ ਕਿਲੇ ’ਤੇ ਆਪਣੇ ਝੰਡੇ ਝੁਲਾਏ ਕਿਸਾਨੀ ਦੀ ਤਾਕਤ ਨੇ ਦਿੱਲੀ ’ਚ ਜਲਵੇ ਵਿਖਾਏ

26 ਜਨਵਰੀ ਨੂੰ ਲੋਕਾਂ ਨੇ ਲਾਲ ਕਿਲੇ ’ਤੇ ਆਪਣੇ ਝੰਡੇ ਝੁਲਾਏ ਕਿਸਾਨੀ ਦੀ ਤਾਕਤ ਨੇ ਦਿੱਲੀ ’ਚ ਜਲਵੇ ਵਿਖਾਏ

(ਸੁਰਖ ਰੇਖਾ ਪੰਜਾਬ ਦੀਆਂ ਚੋਣਵੀਆਂ ਖੱਬੀਆਂ ਧਿਰਾਂ ਵਿੱਚੋਂ ਇੱਕ ਹੈ, ਜਿਸਨੇ ਲਾਲ ਕਿਲਾ ਘਟਨਾ ਵਿੱਚ ਸਹੀ ਪਹੁੰਚ ਦਿਖਾਈ ਹੈ। ਪੂਰਾ ਲੇਖ——
====26 ਜਨਵਰੀ ਨੂੰ ਲੋਕਾਂ ਨੇ ਲਾਲ ਕਿਲੇ ’ਤੇ ਆਪਣੇ ਝੰਡੇ ਝੁਲਾਏ ਕਿਸਾਨੀ ਦੀ ਤਾਕਤ ਨੇ ਦਿੱਲੀ ’ਚ ਜਲਵੇ ਵਿਖਾਏ===
26 ਜਨਵਰੀ 2021 ਬਾਅਦ ਦੁਪਹਿਰ ਤੋਂ ਅੱਧੀ ਰਾਤ ਤੱਕ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲੇ ’ਤੇ ਲੋਕਾਂ ਦੇ ਆਪਣੇ ਝੰਡੇ ਝੂਲਦੇ ਰਹੇ। ਇਹ ਲੋਕਾਂ ਦੀ ਇੱਕ ਗੁੱਝੀ ਸ਼ਕਤੀ ਸੀ, ਜਿਸ ਨੇ ਦਿੱਲੀ ਵਿੱਚ ਆਪਣੀ ਤਾਕਤ ਦੇ ਕੌਤਕ ਵਿਖਾਏ। ਇਹ ਇੱਕ ਅਜਿਹਾ ਨਜ਼ਾਰਾ ਸੀ, ਜਿਸ ਨੂੰ ਨਾ ਸਿਰਫ ਦਿੱਲੀ ਦੇ ਲੱਖਾਂ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਬਲਕਿ ਟੀ.ਵੀ. ਚੈਨਲਾਂ, ਮੋਬਾਈਲ ਫੋਨਾਂ ਅਤੇ ਅਖਬਾਰਾਂ ਆਦਿ ’ਤੇ ਕਰੋੜਾਂ ਹੀ ਨਹੀਂ ਦੁਨੀਆਂ ਦੇ ਅਰਬਾਂ ਲੋਕਾਂ ਨੇ ਆਪਣੀਆਂ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਿਆ। ਇਹ ਹਸਰਤ ਐਵੇਂ ਕੋਈ ਹੋਛੀ ਜਿਹੀ ਟਿੱਪਣੀ ਨਹੀਂ ਸੀ ਬਲਕਿ ਉਸ ਤਾਂਘ ਦਾ ਸਿਖਰ ਸੀ ਜਿਸ ਦੀ ਸੰਭਾਵਨਾ ਕਾਫੀ ਪਹਿਲਾਂ ਬਣ ਚੁੱਕੀ ਸੀ, ‘‘ਇੱਕ ਸੰਘਰਸ਼ਸ਼ੀਲ ਹਰਿਆਣਵੀ ਦੇ ਸ਼ਬਦਾਂ ਵਿੱਚ ਦਿੱਲੀ ਜਾਣ ਦਾ ਮਤਲਬ ਲਾਲ ਕਿਲੇ ਉਤੇ ਜਾਂ ਫੇਰ ਪਾਰਲੀਮੈਂਟ ਹਾਊਸ ਜਾਣਾ ਬਣਦਾ ਹੈ। ਲਾਲ ਕਿਲੇ ਦੀ ਸਿਆਸੀ ਇਤਿਹਾਸਕ ਮਹੱਤਤਾ ਹੈ ਅਤੇ ਪਾਰਲੀਮਾਨੀ ਕਾਨੂੰਨ ਪਾਸ ਕਰਨ ਦੀ ਸੰਸਥਾ- ਜਿਸ ਨੂੰ ਘੇਰ ਕੇ ਭਾਜਪਾਈ ਹਾਕਮਾਂ ਦੇ ਨਾਸੀਂ ਧੂੰਆਂ ਲਿਆਉਣਾ ਹੈ।’’

ਲੋਕਾਂ ਦੇ ਮਨਾਂ ਵਿੱਚ ਕੀ ਕੁੱਝ ਰਿੱਝ-ਪੱਕ ਰਿਹਾ ਸੀ, ਇਸ ਦੀ ਪੂਰੀ ਸੰਭਾਵਨਾ ਦਿੱਲੀ ਦੇ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੀਆਂ ਬਹੁਤੀਆਂ ਜਥੇਬੰਦੀਆਂ ਨੂੰ ਨਹੀਂ ਸੀ। ਉਹਨਾਂ ਨੂੰ ਇਹ ਭਰਮ ਸੀ ਕਿ ਸ਼ਾਇਦ ਉਹਨਾਂ ਦੀ ਕੀਲ-ਪਟਾਰੀ ਵਿੱਚ ਹੀ ਕੈਦ ਹੋਏ ਰਹਿ ਜਾਣਗੇ। ਸਾਂਝੇ ਕਿਸਾਨ ਮੋਰਚੇ ਦੀ ਭਾਰੂ ਲੀਡਰਸ਼ਿੱਪ ਨੇ ਭਾਵੇਂ ਪਹਿਲਾਂ ਹੀ ਹਾਕਮਾਂ ਦੇ ਦਬਾਅ ਤਹਿਤ ਲਾਲ ਕਿਲੇ ’ਤੇ ਜਾਣ ਦੀ ਥਾਂ ਦਿੱਲੀ ਦੇ ਬਾਹਰੀ ਰਿੰਗ-ਰੋਡ ’ਤੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ। ਇੱਕ ਹਫਤਾ ਇਸੇ ਹੀ ਰੂਟ ਦੀ ਰਟ ਲਾਈ ਰੱਖੀ ਪਰ ਜਦੋਂ ਹਕੂਮਤੀ ਘੁਰਕੀ ਮਿਲੀ ਤਾਂ ਇਸ ਨੇ ਸਰਕਾਰੀ ਹੁਕਮਾਂ ਅੱਗੇ ਸਿਰ ਨਿਵਾਉਣਾ ਸਵਿਕਾਰ ਕਰ ਲਿਆ। ਪਰ ਲੋਕਾਂ ਵਿੱਚ ਆਪਣਾ ਹੀ ਗੁੱਸਾ ਅਤੇ ਰੋਹ ਸੀ। ਉਸ ਨੇ ਫੁੱਟਣਾ ਹੀ ਫੁੱਟਣਾ ਸੀ, ਉਹ ਫੁੱਟ ਪਿਆ। ਬੇਸ਼ੱਕ ਸਤਨਾਮ ਸਿੰਘ ਪੰਨੂੰ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਲੋਕਾਂ ਦੀ ਨਬਜ਼ ਨੂੰ ਪਛਾਣਦਿਆਂ 26 ਜਨਵਰੀ ਨੂੰ ਰਾਜਪਥ ’ਤੇ ਜਾਣ ਦੇ ਐਲਾਨ ਕੀਤੇ ਸਨ। ਪਰ ਫੇਰ ਆਮ ਜਥੇਬੰਦੀਆਂ ਦੀ ਰਾਇ ਨੂੰ ਦੇਖਦਿਆਂ ਉਸ ਨੇ ਵੀ ਬਾਹਰੀ ਰਿੰਗ ਰੋਡ ’ਤੇ ਜਾਣ ਦਾ ਫੈਸਲਾ ਕਰ ਲਿਆ। ਜਦੋਂ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਬਾਹਰੀ ਰਿੰਗ ਰੋਡ ’ਤੇ ਹਕੂਮਤੀ ਫੁਰਮਾਨਾਂ ਤਹਿਤ ਟਰੈਕਟਰ ਪਰੇਡ ਕਰਨ ਤੋਂ ਪਿੱਛੇ ਹਟ ਗਈਆਂ ਤਾਂ ਇਸ ਜਥੇਬੰਦੀ ਨੇ ਇਹ ਕਹਿੰਦੇ ਹੋਏ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨ ਲਈ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਕਿ ‘‘ਉਹ ਆਪਣੇ ਲੋਕਾਂ ਕੋਲੋਂ ਛਿੱਤਰ ਨਹੀਂ ਖਾ ਸਕਦੇ, ਦੁਸ਼ਮਣ ਕੋਲੋਂ ਹਿੱਕਾਂ ਵਿੱਚ ਗੋਲੀਆਂ ਖਾ ਸਕਦੇ ਹਨ।’’

ਜਦੋਂ 24 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨ ਦਾ ਆਪਣਾ ਫੈਸਲਾ ਮੁੜ ਦ੍ਰਿੜਾਇਆ ਤਾਂ ਇਸ ਨੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਸਫਾਂ ਵਿੱਚ ਆਸ ਦੀ ਕੋਈ ਕਿਰਨ ਜਗਾਈ ਕਿ ਕਿਸੇ ਜਥੇਬੰਦੀ ਨੇ ਤਾਂ ਹਕੂਮਤੀ ਫੁਰਮਾਨਾਂ ਨੂੰ ਠੁਕਰਾਉਣ ਦਾ ਹੀਆ ਕੀਤਾ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣੇ ਕੀਤੇ ਫੈਸਲੇ ਤੋਂ ਪਿੱਛੇ ਮੁੜ ਗਈਆਂ, ਉਹਨਾਂ ਦੀਆਂ ਸਫਾਂ ਵਿੱਚ ਅਤੇ ਇਸ ਮੋਰਚੇ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਅਤੇ ਆਮ ਲੋਕਾਂ ਵਿੱਚ ਗੁੱਸੇ ਤੇ ਰੋਹ ਦੀਆਂ ਤਰੰਗਾਂ ਉੱਠੀਆਂ। ਉਹਨਾਂ ਨੇ ਘੇਰ ਘੇਰ ਕੇ ਆਗੂਆਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਸਾਂਝੇ ਮੋਰਚੇ ਦੀ ਲੀਡਰਸ਼ਿੱਪ ਨੇ ਲੋਕਾਂ ਦੇ ਵਧਦੇ ਦਬਾਅ ਨੂੰ ਠੰਢਾ ਪਾਉਣ ਲਈ ਇਹ ਐਲਾਨ ਕੀਤਾ ਕਿ ਉਹ 1 ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਕਰਨਗੇ। ਪਰ ਲੋਕ ਸਾਂਝੇ ਮੋਰਚੇ ਦੀ ਲੀਡਰਸ਼ਿੱਪ ਦੇ ਫੈਸਲੇ ਨੂੰ ਮੰਨਣ ਤੋਂ ਨਾਬਰ ਹੋ ਗਏ। ਲੋਕਾਂ ਦੇ ਮਨ-ਮਸਤਕ ਵਿੱਚ ਕੀ ਕੁੱਝ ਗੁਜ਼ਰ ਰਿਹਾ ਹੈ, ਇਸ ਨੂੰ ਸਮਝਣ ’ਚ ਸਾਂਝੇ ਮੋਰਚੇ ਦੀ ਭਾਰੂ ਲੀਡਰਸ਼ਿੱਪ ਬੁਰੀ ਤਰ੍ਹਾਂ ਨਾਕਾਮ ਰਹੀ। ‘ਠੋਸ ਹਾਲਤ ਦਾ ਠੋਸ ਵਿਸ਼ਲੇਸ਼ਣ’ ਕਰਨ ਦੇ ਅਨੇਕਾਂ ਦਾਅਵੇਦਾਰ ਠੋਸ ਹਾਲਤ ਦੇ ਮੱਦੇਨਜ਼ਰ ਬੁਰੀ ਤਰ੍ਹਾਂ ਪਿਟ ਗਏ। ਉਹਨਾਂ ਦਾ ਭਰਮ ਸੀ ਕਿ ਸ਼ਾਇਦ ਲੋਕ ਮਾੜੀ ਮੋਟੀ ਬੁੜਬੁੜ ਕਰਕੇ ਚੁੱਪ ਕਰ ਰਹਿਣਗੇ। ਪਰ ਲੋਕਾਂ ਨੇ ਇਸ ਲੀਡਰਸ਼ਿੱਪ ਨੂੰ ਘੇਰ ਕੇ ਸਬਕ ਸਿਖਾਉਣ ਦਾ ਮਨ ਬਣਾ ਲਿਆ ਸੀ।

25 ਜਨਵਰੀ ਦੀ ਰਾਤ ਨੂੰ ਸਿੰਘੂ ਬਾਰਡਰ ’ਤੇ 50-60 ਨੌਜਵਾਨਾਂ ਦਾ ਇੱਕ ਜੱਥਾ ਸ਼ਾਮ ਨੂੰ 7 ਵਜੇ ਦੇ ਕਰੀਬ ਸਟੇਜ ਵੱਲ ਜ਼ੋਰਦਾਰ ਨਾਹਰੇਬਾਜ਼ੀ ਕਰਦਾ ਜਾ ਰਿਹਾ ਸੀ ਕਿ ਉਹ ਟਰੈਕਟਰ ਪਰੇਡ ਰਿੰਗ ਰੋਡ ’ਤੇ ਹੀ ਕਰਨਗੇ। ਉਹਨਾਂ ਨੇ ਜਾ ਕੇ ਸਟੇਜ ਸਕੱਤਰ ’ਤੇ ਸਵਾਲ ਕਰਨੇ ਸ਼ੁਰੂ ਕੀਤੇ। ਸਟੇਜ ਸਕੱਤਰ ਨੇ ਵਾਰ ਵਾਰ ਆਪਣੇ ਆਗੂਆਂ ਨੂੰ ਸਟੇਜ ’ਤੇ ਆ ਕੇ ਇਹਨਾਂ ਨੌਜਵਾਨਾਂ ਦੇ ਸਵਾਲਾਂ ਦੇ ਜੁਆਬ ਦੇਣ ਦੀਆਂ ਬੇਨਤੀਆਂ ਕੀਤੀਆਂ। ਪਰ ਸਾਂਝੇ ਮੋਰਚੇ ਦੇ ਕਿਸੇ ਵੀ ਲੀਡਰ ਨੇ ਸਟੇਜ ’ਤੇ ਜਾ ਕੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਉਹ ਨੌਜਵਾਨ ਲਲਕਾਰ ਰਹੇ ਸਨ ਕਿ ਸਾਂਝੇ ਮੋਰਚੇ ਦੇ ਲੀਡਰ ਆਪਣੀਆਂ ਮਨਮਾਨੀਆਂ ਕਰ ਰਹੇ ਹਨ, ਉਹ ਲੋਕਾਂ ਨਾਲ ਕੋਈ ਵੀ ਸਲਾਹ-ਮਸ਼ਵਰੇ ਤੋਂ ਬਿਨਾ ਹੀ ਆਪਣੇ ਫੈਸਲੇ ਉਲਟਾਉਂਦੇ ਰਹਿੰਦੇ ਹਨ। ਇਹ ਜਿਹੜੇ ਇਸ ਸਮੇਂ ਲੀਡਰ ਸਜੇ ਬੈਠੇ ਹਨ, ਇਹ ਤਾਂ ਹਰਿਆਣੇ ਦੀ ਸਰਹੱਦ ਤੋਂ ਹੀ ਪਿੱਛੇ ਮੁੜਨ ਵਾਲੇ ਸਨ। ਜੇਕਰ ਲੋਕ ਇਹਨਾਂ ਨੂੰ ਇੱਥੇ ਲਿਆ ਸਕਦੇ ਹਨ ਤਾਂ ਫੇਰ ਇਹ ਲੋਕ ਹੀ ਅੱਗੇ ਰਿੰਗ ਰੋਡ ’ਤੇ ਵੀ ਜਾ ਸਕਦੇ ਹਨ। ਰਾਤ ਨੂੰ ਅੱਧੀ ਰਾਤ ਤੱਕ ਸਾਂਝੇ ਮੋਰਚੇ ਦਾ ਕੋਈ ਵੀ ਆਗੂ ਸਟੇਜ ’ਤੇ ਨਾ ਬਹੁੜਿਆ। ਅਨੇਕਾਂ ਨੌਜਵਾਨਾਂ ਨੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਭਾਲਣ ਦੇ ਯਤਨ ਵੀ ਕੀਤੇ। ਪਰ ਅਜਿਹੇ ਲੀਡਰ ਲੋਕ ਰੋਹ ਤੋਂ ਦੜ ਵੱਟ ਗਏ। ਲੋਕਾਂ ਵਿੱਚ ਆਪ-ਮੁਹਾਰਤਾ ਵਧਦੀ ਜਾ ਰਹੀ ਸੀ। ਉਹਨਾਂ ਵਿੱਚੋਂ ਅਨੇਕਾਂ ਨੇ ਦਿੱਲੀ ਵੱਲ ਜਾਣ ਦੇ ਐਲਾਨ ਵੀ ਕੀਤੇ।

ਅਨੇਕਾਂ ਹੀ ਨੌਜਵਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਵੀ ਸਵਾਲ ਕੀਤੇ। ਉਹਨਾਂ ਨੇ ਆਪਣਾ ਸਪੱਸ਼ਟ ਫੈਸਲਾ ਦੱਸਿਆ ਕਿ ਉਹ ਟਰੈਕਟਰ ਪਰੇਡ ਬਾਹਰੀ ਰਿੰਗ ਰੋਡ ’ਤੇ ਹੀ ਕਰਨਗੇ। ਇਹਨਾਂ ਆਗੂਆਂ ਵਿੱਚ ਸਪੱਸ਼ਟਤਾ ਸੀ, ਇਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਸਨ ਤੇ ਉਹਨਾਂ ਨੇ ਦਿੱਤੇ ਵੀ। ਉਹਨਾਂ ਦੀ ਸਟੇਜ ’ਤੇ ਉਹੋ ਜਿਹਾ ਹੋ-ਹੱਲਾ ਨਹੀਂ ਮੱਚਿਆ, ਜਿਹੋ ਜਿਹਾ ਸਾਂਝੇ ਮੋਰਚੇ ਦੀ ਸਟੇਜ ’ਤੇ ਮੱਚਿਆ ਸੀ। ਨੌਜਵਾਨਾਂ ਦੇ ਕਾਫਲੇ ਨਾਹਰੇ ਮਾਰਦੇ ਕਦੇ ਇੱਧਰ ਕਦੇ ਉੱਧਰ ਘੁੰਮਦੇ ਰਹੇ। ਉਹ ਦਿਨ ਚੜ੍ਹਨ ਦੀ ਉਡੀਕ ਕਰਦੇ ਰਹੇ ਕਿ ਕਦੋਂ ਤੁਰਿਆ ਜਾਵੇ। ਸਿੰਘੂ ਬਾਰਡਰ ’ਤੇ ਲੋਕਾਂ ਦੀ ਹਲਚੱਲ ਸਾਰੀ ਰਾਤ ਬਣੀ ਰਹੀ। ਧਮਕਾਂ ਪਾਉਂਦੇ ਡੈੱਕ ਟਰੈਕਟਰਾਂ ’ਤੇ ਗੂੰਜਦੇ ਰਹੇ।
ਆਪਣੇ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਵੇਰੇ 7 ਵਜੇ ਕਰੀਬ ਆਪਣੀ ਸਟੇਜ ਸੰਭਾਲੀ। ਸਭ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਨੇ ਆਪਣੇ ਰੂਟ ਦੀ ਰੂਪ-ਰੇਖਾ ਰੱਖੀ ਜਿਸ ਅਨੁਸਾਰ ਨੌਂ ਵਜੇ ਦੇ ਕਰੀਬ ਟਰੈਕਟਰ ਪਰੇਡ ਕੱਢੀ ਜਾਣੀ ਸੀ। ਓਨੇ ਸਮੇਂ ਲਈ ਉਸ ਨੇ ਆਖਿਆ ਕਿ ਲੰਗਰਾਂ ’ਚ ਅੰਨ-ਪਾਣੀ ਛਕ ਲਿਆ ਜਾਵੇ, ਫੇਰ ਸਾਰਾ ਦਿਨ ਚੱਲ ਸੋ ਚੱਲ ਬਣੀ ਰਹਿਣੀ ਹੈ। ਰਸਤੇ ਵਿੱਚ ਵੀ ਆਪਣੇ ਨਾਲ ਲਿਜਾਣ ਦੀ ਖਾਤਰ ਕੁੱਝ ਨਾ ਕੁੱਝ ਖਾਧ ਪਦਾਰਥ ਲਿਜਾਣ ਲਈ ਆਖਿਆ ਜਾ ਰਿਹਾ ਸੀ। ਸਾਢੇ ਕੁ ਸੱਤ ਵਜੇ ਤੋਂ ਬਾਅਦ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੂੰ ਸਟੇਜ ’ਤੇ ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਦੀ ਵਿਆਖਿਆ ਕਰਦੇ ਨੂੰ ਹਾਲੇ 5-7 ਮਿੰਟ ਹੀ ਬੀਤੇ ਹੋਣੇ ਨੇ ਜਦੋਂ ਨੂੰ ਲੋਕਾਂ ਦਾ ਇੱਕ ਬਹੁਤ ਵੱਡਾ ਕਾਫਲਾ ਸਿੰਘੂ ਬਾਰਡਰ ਦੀ ਸਾਂਝੇ ਮੋਰਚੇ ਦੀ ਸਟੇਜ ਵਾਲੇ ਪਾਸਿਉਂ ਇੱਕ ਹੜ੍ਹ ਦੀ ਤਰ੍ਹਾਂ ਇਸ ਸਟੇਜ ਦੇ ਦੋਵੇਂ ਪਾਸੀਂ ਵਹਿ ਤੁਰਿਆ। ਉਂਝ ਲੋਕਾਂ ਦਾ ਵਹਾਅ ਤਾਂ ਸੱਤ ਵਜੇ ਤੋਂ ਕਾਫੀ ਵਧਦਾ ਜਾ ਰਿਹਾ ਸੀ, ਬਾਅਦ ਵਿੱਚ ਪਤਾ ਲੱਗਿਆ ਕਿ ਅਨੇਕਾਂ ਲੋਕ ਤਾਂ ਸਵੇਰੇ ਸੁਵੱਖਤੇ ਹੀ ਵਹੀਰਾਂ ਘੱਤ ਚੁੱਕੇ ਸਨ। ਸਾਂਝੇ ਮੋਰਚੇ ਦੀ ਸਟੇਜ ਵਾਲਿਆਂ ਵਿੱਚੋਂ ਅਨੇਕਾਂ ਨੇ ਆਪਣੇ ਟਰੈਕਟਰ ਵੀ ਚੋਰ-ਮੋਰੀਆਂ ਰਾਹੀਂ ਸਿੰਘੂ ਬਾਰਡਰ ਤੋਂ ਕਿਤੇ ਅੱਗੇ ਲਿਜਾ ਕੇ ਖੜ੍ਹੇ ਕੀਤੇ ਹੋਏ ਸਨ। ਸਾਢੇ ਸੱਤ ਵਜੇ ਤੋਂ ਬਾਅਦ ਜਦੋਂ ਲੋਕਾਂ ਦਾ ਵੱਡਾ ਕਾਫਲਾ ਪੈਦਲ ਹੀ ਸਿੰਘੂ ਬਾਰਡਰ ਨੂੰ ਪਾਰ ਕਰਕੇ ਅੱਗੇ ਵਧ ਗਿਆ ਤਾਂ ਸਤਨਾਮ ਸਿੰਘ ਪੰਨੂੰ ਨੇ ਵੀ ਐਲਾਨ ਕਰ ਦਿੱਤਾ ਕਿ ਹੁਣ ਲੰਗਰ ਨਾ ਉਡੀਕੇ ਜਾਣ ਬਲਕਿ ਆਪ-ਮੁਹਾਰੇ ਅੱਗੇ ਵਧ ਚੁੱਕੇ ਲੋਕਾਂ ਦੇ ਅੱਗੇ ਆਪਣੇ ਟਰੈਕਟਰ ਲਾ ਲਏ ਜਾਣ।

ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਇਛਾਵਾਂ ਕੀ ਸਨ, ਉਹ ਆਪਣੀ ਥਾਂ ’ਤੇ ਸਨ, ਪਰ ਲੋਕਾਂ ਦੀ ਤਮੰਨਾ ਕੀ ਸੀ? ਇਹ ਉਹਨਾਂ ਦੇ ਕਾਫਲੇ ਜਾਣਦੇ ਸਨ। ਜਦੋਂ ਨੂੰ ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਟਰੈਕਟਰ ਤੁਰਦੇ- ਲੋਕਾਂ ਦੇ ਕਾਫਲੇ ਪੈਦਲ ਹੀ ਕਿਤੇ ਦੂਰ ਕਈ ਕਈ ਕਿਲੋਮੀਟਰ ਅੱਗੇ ਜਾ ਪਹੁੰਚੇ ਸਨ। ਦਿੱਲੀ ਦੀ ਪੁਲਸ ਨੇ ਅਨੇਕਾਂ ਥਾਈਂ ਹੋਰ ਬੈਰੀਕੇਡ ਲਾ ਕੇ ਲੋਕਾਂ ਦੇ ਵਧਦੇ ਕਾਫਲਿਆਂ ਨੂੰ ਰੋਕਣ ਦੇ ਯਤਨ ਕੀਤੇ, ਪਰ ਲੋਕਾਂ ਨੇ ਪੁਲਸ ਵੱਲੋਂ ਲਿਆਂਦੀਆਂ ਜੇ.ਬੀ.ਸੀ. ਮਸ਼ੀਨਾਂ ਦੇ ਡਰਾਇਵਰਾਂ ਨੂੰ ਚੇਤਾਵਨੀਆਂ ਦੇ ਕੇ ਇਹਨਾਂ ਦੇ ਮੂੰਹ ਦਿੱਲੀ ਦੇ ਹਾਕਮਾਂ ਵੱਲ ਨੂੰ ਕਰਨ ਲਈ ਕਿਹਾ ਤਾਂ ਕਿ ਖੁਦ ਇਹਨਾਂ ਦੇ ਨਾਲ ਰਸਤੇ ਦੀਆਂ ਰੋਕਾਂ ਨੂੰ ਦੂਰ ਕੀਤਾ ਜਾ ਸਕੇ। ਜਦੋਂ ਨੂੰ ਕਿਸਾਨ ਆਗੂ ਸਿੰਘੂ ਬਾਰਡਰ ਤੋਂ ਅੱਗੇ ਬਾਹਰੀ ਰਿੰਗ ਰੋਡ ਦੇ ਕਰਨਾਲ ਬਾਈਪਾਸ ’ਤੇ ਪਹੁੰਚਦੇ ਉਦੋਂ ਤੱਕ ਹਜ਼ਾਰਾਂ, ਦਹਿ-ਹਜ਼ਾਰਾਂ ਲੋਕ ਉੱਥੇ ਪਹੁੰਚ ਕੇ ਦਿੱਲੀ ਪੁਲਸ ਵੱਲੋਂ ਬਾਹਰੀ ਰਿੰਗ ਰੋਡ ’ਤੇ ਲਾਏ ਬੈਰੀਕੇਡਾਂ, ਜਲ-ਤੋਪਾਂ, ਵੱਡੇ ਵੱਡੇ ਟਿੱਪਰਾਂ ਅਤੇ ਪੁਲਸ ਵੱਲੋਂ ਬੱਸਾਂ ਨਾਲ ਲਾਈਆਂ ਰੋਕਾਂ ਨੂੰ ਪਾਰ ਕਰਨ ਲਈ ਜ਼ੋਰ-ਅਜ਼ਮਾਈ ਕਰਦੇ ਹੋਏ ਗੁਥਮ-ਗੁੱਥਾ ਹੋ ਰਹੇ ਸਨ।
ਦਿੱਲੀ ਦੀ ਪੁਲਸ ਵਾਰ ਵਾਰ ਅਨਾਊਂਸਮੈਂਟ ਕਰਕੇ ਇਹ ਦੱਸ ਰਹੀ ਸੀ ਕਿ ਕਿਸਾਨਾਂ ਲਈ ਤਹਿ ਰੂਟ ਬਾਹਰੀ ਰਿੰਗ ਰੋਡ ਨਹੀਂ ਬਲਕਿ ਸੱਜੇ ਹੱਥ ਜਾਣ ਵਾਲਾ ਹੈ। ਪਰ ਲੋਕਾਂ ਦੇ ਕਾਫਲੇ ਉੱਧਰ ਨੂੰ ਮੂੰਹ ਹੀ ਨਹੀਂ ਸਨ ਕਰ ਰਹੇ। ਲੋਕਾਂ ਦੇ ਨਾਹਰੇ-ਜੈਕਾਰੇ ‘ਕਿਸਾਨ ਮਜ਼ਦੂਰ ਏਕਤਾ- ਜ਼ਿੰਦਾਬਾਦ’, ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’’ ਉਹਨਾਂ ਦੇ ਵਧਦੇ ਕਾਫਲਿਆਂ ਨਾਲ ਹੋਰ ਬੁਲੰਦ ਹੋਈ ਜਾ ਰਹੇ ਸਨ। ਇਉਂ ਜਾਪਦਾ ਸੀ ਜਿਵੇਂ ਕਿਤੇ ਕਿਸੇ ਵੱਡੇ ਦਰਿਆ ਵਿੱਚ ਆਇਆ ਹੜ੍ਹ ਕਿਨਾਰਿਆਂ ਨੂੰ ਭੰਨਦਾ-ਖੋਰਦਾ ਉੱਪਰ ਹੀ ਉੱਪਰ ਵੱਲ ਨੂੰ ਵਧਦਾ ਜਾ ਰਿਹਾ ਸੀ। ਫੇਰ ਇੱਕ ਸਮਾਂ ਅਜਿਹਾ ਆਇਆ, ਜਦੋਂ ਲੋਕਾਂ ਦੇ ਕਾਫਲਿਆਂ ਨੇ ਪੁਲਸੀ ਰੋਕਾਂ, ਬੈਰੀਕੇਡਾਂ ਉੱਪਰ ਚੜ੍ਹਨਾ ਸ਼ੁਰੂ ਕੀਤਾ। ਪਾਣੀ ਵਾਲੀਆਂ ਤੋਪਾਂ ਦੇ ਦੁਆਲੇ ਚੜ੍ਹੇ ਲੋਕਾਂ ਨੇ ਮੁਲਾਜ਼ਮਾਂ ਨੂੰ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਕੋਈ ਜਲ-ਤੋਪ ਚਲਾਈ ਤਾਂ ਉਹਨਾਂ ਦੀ ਖੈਰ ਨਹੀਂ। ਜਲ-ਤੋਪਾਂ ਦੇ ਮੁਲਾਜ਼ਮਾਂ ਨੇ ਵੀ ‘ਰੱਬ ਨੇੜੇ ਕਿ ਘਸੁੰ ਨ’ ਵਿੱਚੋਂ ਘ ਸੁੰ ਨ ਨੂੰ ਨੇੜੇ ਸਮਝਦੇ ਹੋਏ ਸ਼ਾਂਤ ਖੜ੍ਹੇ ਰਹਿਣ ਨੂੰ ਤਰਜੀਹ ਦਿੱਤੀ। ਲੋਕਤਾ ਦੇ ਹੜ੍ਹ ਦੀ ਛੱਲ ਇੱਕ ਸੁਨਾਮੀ ਦੀ ਤਰ੍ਹਾਂ ਸਾਰੇ ਬੈਰੀਕੇਡਾਂ, ਟਿੱਪਰਾਂ, ਬੱਸਾਂ ਦੀਆਂ ਰੋਕਾਂ ਨੂੰ ਪਾਰ ਕਰਦੀ ਅੱਗੇ ਹੀ ਅੱਗੇ ਵਧਦੀ ਗਈ। ਟਰੈਕਟਰਾਂ ਨੇ ਕਦੋਂ ਨੂੰ ਰੋਕਾਂ ਤੋੜਨੀਆਂ ਸਨ, ਜਨਤਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਤੇ ਅੱਗੇ ਨਿਕਲ ਗਈ। ਜਦੋਂ ਲੋਕਾਂ ਦੇ ਕਾਫਲੇ ਅੱਗੇ ਵਧਣ ਲੱਗੇ ਤਾਂ ਪੁਲਸ ਨੇ ਅੱਗੇ ਵਧੇ ਕਾਫਲਿਆਂ ’ਤੇ ਲਾਠੀਚਾਰਜ ਕਰਕੇ ਉਹਨਾਂ ਨੂੰ ਪਿੱਛੇ ਧੱਕਣ ਦੇ ਯਤਨ ਕੀਤੇ। ਵਕਤੀ ਤੌਰ ’ਤੇ ਨੌਜਵਾਨਾਂ ਦੇ ਕਾਫਲੇ ਪਿੱਛੇ ਨੂੰ ਹਟੇ ਅਤੇ ਫੇਰ ਜਦੋਂ ਲੋਕਾਂ ਦੀ ਛੱਲ ਵੱਡੀ ਹੋਈ ਉਹਨਾਂ ਨੇ ਪਥਰਾਅ ਕਰਦੇ ਹੋਏ ਪੁਲਸ ਨੂੰ ਮੂਹਰੇ ਲਾ ਲਿਆ। ਪੁਲਸ ਨੇ ਅੱਗੇ ਵਧਦੇ ਕਾਫਲਿਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕੀਤੇ। ਨੌਜਵਾਨ ਵਕਤੀ ਤੌਰ ’ਤੇ ਪਿੱਛੇ ਹਟੇ। ਫੇਰ ਹੋਰ ਵੱਡੀ ਛੱਲ ਦੇ ਰੂਪ ਵਿੱਚ ਪਥਰਾਓ ਕਰਦੇ ਅੱਗੇ ਵਧਦੇ ਗਏ। ਐਨੀ ਦੇਰ ਤੱਕ ਨਿਹੰਗ-ਸਿੰਘਾਂ ਦੇ ਘੋੜੇ ਵੀ ਆਉਣੇ ਸ਼ੁਰੂ ਹੋ ਗਏ। ਪਤਾ ਲੱਗਾ ਕਿ ਪੁਲਸੀ ਕਾਰਵਾਈ ਦੌਰਾਨ ਨਿਹੰਗਾਂ ਦਾ ਇੱਕ ਘੋੜਾ ਡਿਗ ਕੇ ਮਰ ਗਿਆ। ਇਸ ਤੋਂ ਨਿਰੰਗਾਂ ਦਾ ਗੁੱਸਾ ਸੱਤਵੇਂ ਅਸਮਾਨ ਜਾ ਚੜਿ੍ਹਆ। ਉਹਨਾਂ ਪੁਲਸੀ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ। ਘੋੜਿਆਂ ਰਾਹੀਂ ਪੁਲਸ ਨੂੰ ਭਜਾਅ ਭਜਾਅ ਕੇ ਕੁੱ ਟਿ ਆ, ਪੁਲਸ ਨੂੰ ਭੱਜਣ ਅਤੇ ਲੁਕਣ ਲਈ ਕੋਈ ਥਾਂ ਨਾ ਥਿਆਵੇ। ਇੱਥੇ ਹਾਜ਼ਰ ਲੋਕਾਂ ਵਿੱਚੋਂ ਅੱਥਰੂ ਗੈਸ, ਲਾਠੀਚਾਰਜ ਜਾਂ ਪਥਰਾਓ ਦੀ ਮਾਰ ਵਿੱਚ ਕੋਈ ਵੀ ਆ ਸਕਦਾ ਸੀ, ਅਨੇਕਾਂ ਹੀ ਜਖਮੀ ਵੀ ਹੋਏ, ਪਰ ਲੋਕਾਂ ਦੇ ਕਾਫਲੇ ਵਧਦੇ ਹੀ ਗਏ। ਪੁਲਸ ’ਤੇ ਕੀਤੇ ਪਥਰਾਓ ਨੇ ਅਤੇ ਨਿਹੰਗਾਂ ਦੇ ਵਰ੍ਹਦੇ ਘੋਟਣਿਆਂ ਨੇ ਦਿੱਲੀ ਪੁਲਸ ਹੁਣ ਅੱਗੇ ਲਾਈ ਹੋਈ ਸੀ। ਜੇਕਰ ਦਿੱਲੀ ਦੀ ਪੁਲਸ ਭੱਜ ਭੱਜ ਕੇ ਆਪਣੀ ਜਾਨ ਨਾ ਬਚਾਉਂਦੀ ਤਾਂ ਇਸ ਨੂੰ ਮਾਰ ਖਾਣ ਤੋਂ ਬਚਣ ਲਈ ਗੋਲੀ ਚਲਾਉਣੀ ਪੈਣੀ ਸੀ, ਪਰ ਕਿਸਾਨਾਂ ਦੇ ਭੜਕਣ ਵਾਲੇ ਬਾਰੂਦ ਤੋਂ ਤ੍ਰਹਿੰਦੇ ਭਾਜਪਾਈ ਹਾਕਮਾਂ ਨੇ ਗੋਲੀ ਨਾ ਚਲਾਉਣ ਦੇ ਹੁਕਮ ਦੇਣ ਨੂੰ ਹੀ ਤਰਜੀਹ ਦਿੱਤੀ। ਜਦੋਂ ਨੂੰ ਟਰੈਕਟਰਾਂ ਦੇ ਨਾਲ ਬੈਰੀਕੇਡ ਹਟਾਏ ਜਾਂਦੇ ਲੋਕਾਂ ਦੇ ਕਾਫਲੇ ਭੱਜ ਭੱਜ ਕੇ ਹੀ ਅਜਾਦਪੁਰ ਮੰਡੀ ਨੇੜੇ ਪਹੁੰਚ ਚੁੱਕੇ ਸਨ। ਟਿੱਪਰ ਚਲਾਉਣ ਦੇ ਮਾਹਰ ਅਨੇਕਾਂ ਨੌਜਵਾਨਾਂ ਨੇ ਟਿੱਪਰਾਂ ਦੀਆਂ ਤਾਰਾਂ ਤੋੜ ਕੇ ਉਹਨਾਂ ਦੇ ਸਿੱਧੇ ਕੁਨੈਕਸ਼ਨ ਜੋੜ ਕੇ ਉਹਨਾਂ ਨੂੰ ਸਟਾਰਟ ਕਰ ਲਿਆ ਤੇ ਆਪਣੇ ਕਾਫਲਿਆਂ ਦੇ ਨਾਲ ਹੀ ਉਹਨਾਂ ਨੂੰ ਵੀ ਨਾਲ ਲੈ ਤੁਰੇ। ਲਾਠੀਚਾਰਜ ਦੀਆਂ ਡਾਂਗਾਂ ਖਾਣ ਵਾਲੇ ਅਨੇਕਾਂ ਨੌਜਵਾਨਾਂ ਦਾ ਗੁੱਸਾ ਪੁਲਸ ਦੀਆਂ ਬੱਸਾਂ ਭੰਨਣ ਵਿੱਚ ਵੀ ਨਿਕਲਿਆ। ਲੋਕਾਂ ਦੇ ਕਾਫਲੇ ਕਿੰਨੇ ਕੁ ਹਨ, ਅਤੇ ਇਹ ਕੀ ਕੁੱਝ ਕਰ ਸਕਦੇ ਹਨ, ਇਸ ਸਬੰਧੀ ਜਾਣਕਾਰੀ ਲੈਣ ਲਈ ਭਾਰਤੀ ਹਾਕਮਾਂ ਦੇ ਡਰੋਨ ਕੈਮਰੇ ਅਤੇ ਹੈਲੀਕਾਪਟਰ ਅਸਮਾਨ ਵਿੱਚ ਚੱਕਰ ’ਤੇ ਚੱਕਰ ਕੱਟ ਰਹੇ ਸਨ। ਲੋਕਾਂ ਦੇ ਰੋਹ ਤੋਂ ਡਰਦੇ ਹਾਕਮਾਂ ਨੇ ਦਿੱਲੀ ਪੁਲਸ ਨੂੰ ਨਾਕਿਆਂ ਤੋਂ ਦੂਰ ਹਟਣ ਲਈ ਕਹਿ ਕੇ ਇਸ ਦਾ ਬਚਾਅ ਕਰਨ ਵਿੱਚ ਆਪਣਾ ਭਲਾ ਚਾਹਿਆ।

ਜਦੋਂ ਅਜ਼ਾਦਪੁਰ ਮੰਡੀ ਦੇ ਨਾਕਿਆਂ ’ਤੇ ਤਾਇਨਾਤ ਪੁਲਸੀ ਬਲਾਂ ਨੂੰ ਕਰਨਾਲ ਬਾਈਪਾਸ ਦੇ ਤੋੜੇ ਗਏ ਨਾਕਿਆਂ ਦੀ ਖਬਰ ਮਿਲੀ ਤਾਂ ਉਸਨੇ ਸੜਕਾਂ ’ਤੇ ਟੇਢੀਆਂ ਕਰਕੇ ਲਾਈਆਂ ਬੱਸਾਂ ਨੂੰ ਪਾਸੇ ਕਰਕੇ ਆਪਣੀ ਜਾਨ ਦੀ ਸਲਾਮਤੀ ਕੀਤੀ। ਇਹ ਜਾਨਣ ਦੀ ਇੱਛਾ ਕਿ ਲਾਲ ਕਿਲੇ ਜਾਣ ਵਾਲੇ ਪਾਸੇ ਅੱਗੇ ਕਿਹੜੇ ਬੈਰੀਕੇਡਾਂ ਨੂੰ ਉਲੰਘੇਗੀ ਅਨੇਕਾਂ ਹੀ ਪੱਤਰਕਾਰਾਂ ਅਤੇ ਪਰੇਡ ਵਿੱਚ ਸ਼ਾਮਲ ਲੋਕਾਂ ਨੂੰ ਅੱਗੇ ਕਿੰਗਜ਼ ਵੇਅ ਕੈਂਪ ਵੱਲ ਲੈ ਗਈ। ਪਰ ਟਰੈਕਟਰ ਪਰੇਡ ਦਾ ਮੋੜਾ ਹੁਣ ਬਾਹਰੀ ਰਿੰਗ ਰੋਡ ’ਤੇ ਪੈ ਚੁੱਕਾ ਸੀ। ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ, ਨਜ਼ਾਰਾ ਵੇਖਣ ਵਾਲਿਆਂ ਨੂੰ ਝੂਮਣ ਲਾਈ ਜਾ ਰਹੀ ਸੀ। ਖੜ੍ਹੇ ਪੈਰ ਹੀ ਦਿੱਲੀ ਵਾਸੀਆਂ ਨੇ ਕਿਸਾਨਾਂ ਲਈ ਪਾਣੀ ਦੀਆਂ ਬੋਤਲਾਂ, ਚਾਹ, ਬਿਸਕੁੱਟ, ਬਰੈਡ, ਕੇਲੇ ਅਤੇ ਫਲ-ਫਰੂਟਾਂ ਦਾ ਅਜਿਹਾ ਇੰਤਜ਼ਾਮ ਕੀਤਾ ਕਿ ਚੱਲਦੇ ਕਾਫਲਿਆਂ ਵਿੱਚੋਂ ਸ਼ਾਇਦ ਹੀ ਕੋਈ ਭੁੱਖਾ ਰਿਹਾ ਹੋਵੇਗਾ। ਨੌਜਵਾਨ ਮੁੰਡੇ-ਕੁੜੀਆਂ ਨੇ ਭੱਜ ਭੱਜ ਕੇ ਚੱਲਦੇ ਟਰੈਕਟਰਾਂ ’ਤੇ ਬੈਠੇ ਲੋਕਾਂ ਨੂੰ ਲੰਗਰ ਫੜਾਏ। ਦਿੱਲੀ ਵਾਸੀਆਂ ਨੂੰ ਟਰੈਕਟਰ ਪਰੇਡ ਕਰਨ ਵਾਲਿਆਂ ’ਤੇ ਵਿਆਹ ਦੇ ਮੇਲੀਆਂ ਵਾਂਗ ਮਾਣ ਹੋ ਰਿਹਾ ਸੀ। ਟਰੈਕਟਰਾਂ ’ਤੇ ਚੜ੍ਹੀ ਕਿਸਾਨੀ ਅਤੇ ਜਵਾਨੀ ਆਪਣੇ ਆਪ ਨੂੰ ਟੈਂਕਾਂ ’ਤੇ ਚੜ੍ਹੀ ਹੋਈ ਮਹਿਸੂਸ ਕਰਦੀ ਸੀ। ਨਿਹੰਗਾਂ ਦੇ ਘੋੜੇ ਹਵਾ ਨਾਲ ਗੱਲਾਂ ਕਰਦੇ ਉਡਦੇ ਜਾ ਰਹੇ ਸਨ। ਟਰੈਕਟਰ ਫੁੱਲ ਸਪੀਡਾਂ ’ਤੇ ਗੂੰਜਾਂ ਪਾਉਂਦੇ ਅੱਗੇ ਵਧਦੇ ਜਾ ਰਹੇ ਸਨ। ਸਾਰੇ ਹੀ ਟਰੈਕਟਰਾਂ ’ਤੇ ਔਸਤਨ 7-8 ਕਿਸਾਨ ਬੈਠੇ ਸਨ ਜਾਂ ਕਹਿ ਲਓ ਕਿ ਲਟਕਦੇ ਹੀ ਅੱਗੇ ਜਾ ਰਹੇ ਸਨ। ਕਿੰਨੀ ਹੀ ਕਿਸਾਨ ਜਨਤਾ ਜਿਹੜੀ ਟਰਾਲੀਆਂ ਵਿੱਚ ਆਈ ਸੀ, ਉਹ ਟਰੈਕਟਰਾਂ ’ਤੇ ਥਾਂ ਨਾ ਮਿਲਣ ਕਰਕੇ ਪੈਦਲ ਹੀ 40-40, 50-50 ਕਿਲੋਮੀਟਰ ਦਾ ਪੈਂਡਾ ਤਹਿ ਕਰ ਗਈ। ਬਾਹਰੀ ਰਿੰਗ ਰੋਡ ’ਤੇ ਲੋਕਤਾ ਦਾ ਇੱਕ ਹੜ੍ਹ ਆਇਆ ਹੋਇਆ ਸੀ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਸੁਨਾਮੀ ਛੱਲਾਂ ਮਾਰਦੀ ਅੱਗੇ ਵਧਦੀ ਜਾ ਰਹੀ ਸੀ।
ਜਦੋਂ ਨੂੰ ਸਿੰਘੂ ਬਾਰਡਰ ਤੋਂ ਨਾਕੇ ਭੰਨਦੀ ਕਿਸਾਨੀ ਅਤੇ ਜਵਾਨੀ ਕਰਨਾਲ ਬਾਈਪਾਸ ’ਤੇ ਪਹੁੰਚਦੀ ਤਾਂ ਗਾਜ਼ੀਪੁਰ ਬਾਰਡਰ ’ਤੇ ਲਾਲ ਕਿਲੇ ਨਜ਼ਦੀਕ ਬੈਠੀ ਕਿਸਾਨੀ ਨੇ ਪੁਲਸੀ ਨਾਕੇ ਭੰਨ ਕੇ ਲਾਲ ਕਿਲੇ ’ਤੇ ਆਪਣੇ ਅਤੇ ਪੰਥਕ ਝੰਡੇ ਝੁਲਾ ਦਿੱਤੇ। ਦਾਤੀ ਹਥੌੜੇ ਵਾਲੇ ਲਾਲ ਝੰਡੇ ਸਮੇਤ ਲਾਲ ਕਿਲੇ ਦੀ ਫਸੀਲ ’ਤੇ ਰੰਗ-ਬਰੰਗੇ ਝੰਡਿਆਂ ਦੀ ਸਤਰੰਗੀ ਪੀਂਘ ਦੇਖਣ ਵਾਲਿਆਂ ਨੂੰ ਧੂਹ ਪਾਈ ਜਾ ਰਹੀ ਸੀ। ਸਿੰਘੂ ਬਾਰਡਰ ਤੋਂ ਚੱਲੀ ਕਿਸਾਨੀ ਦੀ ਸੁਨਾਮੀ ਛੱਲ ਨੂੰ ਕਿਸਾਨ ਆਗੂਆਂ ਨੇ ਰੋਕਣ ਦੇ ਬਥੇਰੇ ਯਤਨ ਕੀਤੇ ਪਰ ਇਹ ਸੁਨਾਮੀ ਗੁਰਦੁਆਰਾ ਮਜਨੂੰ ਟਿੱਲਾ ਤੋਂ ਅੱਗੇ ਲਾਲ ਕਿਲੇ ਤੱਕ ਹੂੰਝਾ ਫੇਰ ਗਈ। ਕਿਸਾਨ ਜਥੇਬੰਦੀਆਂ ਦੇ ਜਾਬਤੇ ਵਾਲੇ ਟਰੈਕਟਰ ਤਾਂ ਭਾਵੇਂ ਬਾਹਰੀ ਰਿੰਗ ਰੋਡ ਤੋਂ ਹੀ ਮੁੜ ਰਹੇ ਸਨ, ਪਰ ਆਪਮੁਹਾਰੇ ਆਈ ਕਿਸਾਨੀ ਦੇ ਵੱਡੇ ਕਾਫਲੇ ਲਾਲ ਕਿਲੇ ਨੂੰ ਦਿੱਲੀ ਮੰਨ ਕੇ ਇੱਥੇ ਪਰੇਡ ਕਰਨ ਦੀ ਧਾਰੀਂ ਬੈਠੇ ਸਨ ਤੇ ਉਹਨਾਂ ਲਾਲ ਕਿਲੇ ਦੇ ਅੱਗੇ ਆਪਣੇ ਮਨ ਦੀ ਖੁਸ਼ੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਨਾਲ ਬਾਘੀਆਂ ਪਾ ਕੇ ਕਿਲਕਾਰੀਆਂ ਮਾਰ ਕੇ ਪੂਰੀ ਕੀਤੀ।

ਚਾਰ ਕੁ ਵਜਦੇ ਨੂੰ ਭਾਵੇਂ ਗਾਜ਼ੀਪੁਰ ਤੋਂ ਆਈ ਕਿਸਾਨੀ ਅਤੇ ਜਵਾਨੀ ਦਾ ਵੱਡਾ ਹਿੱਸਾ ਵਾਪਸ ਜਾ ਚੁੱਕਿਆ ਹੋਵੇ, ਪਰ ਐਨੇ ਅਰਸੇ ਵਿੱਚ ਦਿੱਲੀ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਲਾਲ ਕਿਲੇ ਪਹੁੰਚ ਕੇ ਆਪਣੇ ਮਨ ਦੀਆਂ ਰੀਝਾਂ ’ਚ ਝੂਮ ਰਹੀ ਸੀ। ਇਹ ਕਿਸੇ ਮੇਲੇ ਵਰਗਾ ਦ੍ਰਿਸ਼ ਨਜ਼ਰ ਆ ਰਿਹਾ ਸੀ। ਲੋਕਾਂ ਵਿੱਚ ਕੋਈ ਚਾਅ ਸੀ, ਕੋਈ ਹੁਲਾਰ ਸੀ। ਲਾਲ ਕਿਲੇ ਦੀ ਫਸੀਲ ’ਤੇ ਝੁੱਲੇ ਤਾਂ ਕਿਸਾਨੀ ਅਤੇ ਪੰਥ ਦੇ ਝੰਡੇ ਸਨ, ਪਰ ਦਿੱਲੀ ਦੀ ਜਾਮਾ ਮਸਜਿਦ ਦੇ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪੰਥਕ ਝੰਡੇ ਵੀ ਆਪਣੇ ਹੀ ਝੂਲਦੇ ਪ੍ਰਤੀਤ ਹੋ ਰਹੇ ਸਨ, ਉਹ ਖੁਸ਼ੀ ਵਿੱਚ ਖੀਵੇ ਹੋਏ ਹੁੱਬ ਹੁੱਬ ਕੇ ਆਪਣੇ ਵਲਵਲਿਆਂ ਨੂੰ ਦੱਸ ਰਹੇ ਸਨ ਕਿ ਅੱਜ ਤਾਂ ਨਜ਼ਾਰਾ ਹੀ ਆ ਗਿਆ, ਅੱਜ ਦਾ ਦਿਨ ਜ਼ਿੰਦਗੀ ’ਚ ਕਦੇ ਭੁੱਲੇਗਾ ਨਹੀਂ।

ਦਿੱਲੀ ਪੁਲਸ ਨੂੰ ਭਾਵੇਂ ਬਾਰੂਦੀ ਅੰਬਾਰ ਬਣੇ ਕਿਸਾਨੀ ਰੋਹ ’ਤੇ ਗੋਲੀ ਨਾ ਦਾਗ਼ਣ ਦੇ ਹੁਕਮ ਕੀਤੇ ਹੋਏ ਸਨ, ਪਰ ਜਦੋਂ ਕਿਸਾਨਾਂ ਦੇ ਕਾਫਲੇ ਅੱਗੇ ਤੋਂ ਅੱਗੇ ਵਧਦੇ ਜਾ ਰਹੇ ਸਨ ਤਾਂ ਇਹ ਕੁੱਝ ਭਾਜਪਾ ਦੇ ਆਗੂਆਂ ਅਤੇ ਵਿਰਲੇ-ਟਾਵੇਂ ਪੁਲਸੀ ਜਵਾਨਾਂ ਵਿੱਚ ਬੁਖਲਾਹਟ ਅਤੇ ਘਬਰਾਹਟ ਪੈਦਾ ਕਰਦਾ ਜਾ ਰਿਹਾ ਸੀ। ਭਾਜਪਾ ਦੇ ਆਗੂਆਂ ਨੇ ਭਾਵੇਂ ਗਾਜ਼ੀਪੁਰ ਬਾਰਡਰ ’ਤੇ ਸਿੱਧੀ ਮੱਥੇ ਵਿੱਚ ਗੋਲੀ ਮਾਰ ਕੇ ਇੱਕ ਨੌਜਵਾਨ ਕਿਸਾਨ ਨਵਰੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ, ਪਰ ਕਿਸਾਨ ਕਾਫਲੇ ਹੋਰ ਤੋਂ ਹੋਰ ਰੋਹਲੇ ਹੁੰਦੇ ਅੱਗੇ ਹੀ ਅੱਗੇ ਵਧਦੇ ਗਏ। ਦਿੱਲੀ ਦੇ ਲਾਲ ਕਿਲੇ ਵਿੱਚ ਦਾਖਲੇ ਮੌਕੇ ਵੀ ਕਿਸਾਨੀ ਰੋਹ ਤੋਂ ਤ੍ਰਿਬਕੇ ਕਿਸੇ ਫੌਜੀ ਜਵਾਨ ਵੱਲੋਂ ਬੁਖਲਾਹਟ ਵਿੱਚ ਗੋਲੀ ਚਲਾਏ ਜਾਣ ਨਾਲ ਇੱਕ ਪ੍ਰਦਰਸ਼ਨਕਾਰੀ ਜਖਮੀ ਹੋ ਗਿਆ ਸੀ। ਉਸ ਫੌਜੀ ਨੇ ਭਾਵੇਂ ਅਨੇਕਾਂ ਗੋਲੀਆਂ ਚਲਾਈਆਂ, ਪਰ ਲੋਕਾਂ ਦਾ ਗੁੱਸਾ ਠੰਢਾ ਹੋਣ ਦੀ ਥਾਂ ਹੋਰ ਭੜਕ ਉੱਠਿਆ। ਲੋਕਾਂ ਨੇ ਆਪਣੇ ਝੰਡਿਆਂ ਦੇ ਡੰਡਿਆਂ ਨਾਲ ਫੌਜੀ ਬਲਾਂ ਦੀ ਉਹ ਕੰਮਬਖਤੀ ਲਿਆਂਦੀ ਕਿ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭੇ। ਲੋਕਾਂ ਦੀ ਭੀੜ ਨੇ ਜਦੋਂ ਮੋੜਵਾਂ ਹ ਮ ਲਾ ਕੀਤਾ ਤਾਂ ਫੌਜੀ ਬਲਾਂ ਦੀ ਵਾਹਰ ਲਾਲ ਕਿਲੇ ਦੀ ਖਾਈ ਦੇ ਨਾਲ ਲੱਗਦੀ ਲੋਹੇ ਦੀ ਵਾੜ ਨਾਲ ਜਾ ਟਕਰਾਈ। ਲੋਹੇ ਦੀ ਵਾੜ ਫੌਜੀਆਂ ਦੀ ਵਾਹਰ ਦਾ ਦਬਾਅ ਨਾ ਝੱਲਦੀ ਹੋਈ ਟੁੱਟ ਗਈ ਅਤੇ ਸੈਂਕੜੇ ਹੀ ਫੌਜੀ ਬਲ ਉੱਥੇ ਲੋਟਣੀਆਂ ਖਾਂਦੇ ਖਾਈ ਵਿੱਚ ਜਾ ਡਿਗੇ।

ਲੋਕਾਂ ਦੀ ਭੀੜ ਨੇ ਜਦੋਂ ਮੋੜਵਾਂ ਹ ਮ ਲਾ ਹੋਰ ਤੇਜ ਕੀਤਾ ਤਾਂ ਕਿੰਨੇ ਹੀ ਪੁਲਸੀਏ ਲਾਲ ਕਿਲੇ ਦੇ ਸਾਹਮਣੇ ਟਿੱਕਟ ਘਰ ਵਿੱਚ ਆਪਣੀ ਜਾਨ ਬਚਾਉਣ ਲਈ ਜਾ ਲੁਕੇ, ਜਿਹਨਾਂ ਨੂੰ ਬਾਅਦ ਵਿੱਚ ਕੁੱਝ ਆਗੂਆਂ ਨੇ ਆਪਣੀ ਪਹਿਲਕਦਮੀ ਨਾਲ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਬਾਅਦ ਵਿੱਚ ਫੌਜੀ ਬਲਾਂ ਦੇ ਹਮਲੇ ਅਤੇ ਉਹਨਾਂ ਉੱਤੇ ਮੋੜਵੇਂ ਹਮਲੇ ਹੁੰਦੇ ਰਹੇ। ਭਗਦੜ ਮੱਚਦੀ ਰਹੀ। ਪਰ ਲੋਕਾਂ ਦਾ ਰੋਹ ਵਧਦਾ ਹੀ ਵਧਦਾ ਜਾ ਰਿਹਾ ਸੀ। ਪਤਾ ਲੱਗਾ ਕਿ ਟਰੈਕਟਰਾਂ ’ਤੇ ਜਦੋਂ ਲੋਕ ਆਏ ਤਾਂ ਉਹਨਾਂ ਲਾਲ ਕਿਲੇ ਦੇ ਬਾਹਰਵਾਰ ਜਿਹੜੀਆਂ ਲੋਹੇ ਦੇ ਜੰਗਲਿਆਂ ਦੀਆਂ ਰੋਕਾਂ ਲੱਗੀਆਂ ਹੋਈਆਂ ਸਨ, ਉਹਨਾਂ ਨੂੰ ਟਰੈਕਟਰਾਂ ਦੀਆਂ ਟੱਕਰਾਂ ਮਾਰ ਮਾਰ ਕੇ ਤੋੜ ਦਿੱਤਾ ਗਿਆ ਸੀ। ਚੰਡੀਗੜ੍ਹ ਤੋਂ ਆਏ ਵਿਦਿਆਰਥੀਆਂ ਦੀ ਇੱਕ ਟੋਲੀ ਵੀ ਉੱਥੇ ਹਾਜ਼ਰ ਸੀ। ਕੋਈ ਕਹਿੰਦਾ ਲਾਲ ਕਿਲੇ ਦੇ ਬਾਹਰਲੇ ਲੋਹੇ ਦੇ ਗੇਟ ਨੂੰ ਵੀ ਟਰੈਕਟਰਾਂ ਨਾਲ ਤੋੜਿਆ ਗਿਆ, ਕੋਈ ਕਹਿੰਦਾ ਕਿ ਮੁੰਡਿਆਂ ਨੇ ਗੇਟ ਦੇ ਉਪਰੋਂ ਦੀ ਖਾਲੀ ਥਾਂ ਰਾਹੀਂ ਦਾਖਲ ਹੋ ਕੇ ਆਪ ਗੇਟ ਖੋਲ੍ਹਿਆ। ਚਾਰ ਵਜੇ ਦੇ ਕਰੀਬ ਲਾਲ ਕਿਲੇ ਦੇ ਬਾਹਰਲੇ ਲੋਹੇ ਦੇ ਗੇਟ ਤੋਂ ਅੰਦਰ ਅਤੇ ਵੱਡੇ ਗੇਟ ਦੇ ਬਾਹਰ ਲੋਕਾਂ ਦਾ ਬਹੁਤ ਵੱਡਾ ਹਜੂਮ ਖੜ੍ਹਾ ਸੀ।

ਲੋਕਾਂ ਦਾ ਵਧਦਾ ਇਕੱਠ ਲਾਲ ਕਿਲੇ ਦੇ ਅੰਦਰ ਅਤੇ ਉਸਦੀ ਫਸੀਲ ’ਤੇ ਚੜ੍ਹਨ ਲਈ ਪੌੜੀਆਂ ਦੇ ਅੱਗੇ ਦੀਵਾਰ ਬਣ ਕੇ ਖੜ੍ਹੇ ਪੰਥਕ ਜੱਥਿਆਂ ਨਾਲ ਕਸ਼ਮਕਸ਼ ਕਰ ਰਿਹਾ ਸੀ ਕਿ ਉਸ ਨੂੰ ਲਾਲ ਕਿਲੇ ਦੇ ਅੰਦਰ ਅਤੇ ਫਸੀਲ ਉੱਤੇ ਚੜ੍ਹਨ ਦਿੱਤਾ ਜਾਵੇ। ਪਰ ਪੰਥਕ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਦੀਵਾਰ ਉਹਨਾਂ ਨੂੰ ਅੱਗੇ ਨਹੀਂ ਸੀ ਜਾਣ ਦੇ ਰਹੇ, ਉਹਨਾਂ ਨੂੰ ਖਤਰਾ ਸੀ ਕਿ ਇਸ ਹਜ਼ੂਮ ਵਿੱਚ ਆਰ.ਐਸ.ਐਸ., ਭਾਜਪਾ ਅਤੇ ਕੇਂਦਰੀ ਹਕੂਮਤ ਦੀਆਂ ਏਜੰਸੀਆਂ ਦੇ ਆਪਣੇ ਬੰਦਿਆਂ ਦੀ ਸ਼ਮੂਲੀਅਤ ਹੋ ਸਕਦੀ ਹੈ, ਜੋ ਇਸ ਘੋਲ ਦੌਰਾਨ ਪੁਲਿਸ ਤੇ ਲੋਕਾਂ ਦਾ ਟਕਰਾਅ ਦਿਖਾ ਕੇ ਘੋਲ ਨੂੰ ਬਦਨਾਮ ਕਰਨ ਤੇ ਜ ਬ ਰ ਲਈ ਰਾਹ ਖੋਲ੍ਹਿਆ ਜਾ ਸਕਦਾ ਹੈ। ਇਸ ਕਰਕੇ ਉਹ ਬਹੁਤ ਜੱਦੋਜਹਿਦ ਨਾਲ ਉਹਨਾਂ ਨੂੰ ਲਾਲ ਕਿਲੇ ਦੇ ਅੰਦਰ ਫਸੀਲ ਦੇ ਉੱਪਰ ਜਾਣ ਤੋਂ ਰੋਕ ਰਹੇ ਸਨ। ਇਸੇ ਹੀ ਸਮੇਂ ’ਤੇ ਲਾਲ ਕਿਲੇ ਦੀ ਫਸੀਲ ’ਤੇ ਚੜ੍ਹਦੀਆਂ ਪੌੜੀਆਂ ਨੂੰ ਸਟੇਜ ਬਣਾਈ ਬੈਠੇ ਆਗੂਆਂ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਕਿ ਇਹ ਸਮਾਂ ਬਹੁਤ ਖਤਰਨਾਕ ਹੈ। ਪਹਿਲਾਂ ਇੱਥੇ ਗੋਲੀ ਚੱਲ ਕੇ ਹਟੀ ਹੈ, ਲਾਠੀਚਾਰਜ ਹੋਏ ਹਨ, ਅਗਾਂਹ ਵੀ ਅਜਿਹਾ ਕੁੱਝ ਹੋ ਸਕਦਾ ਹੈ। ਜਿਸ ਕਿਸੇ ਨੂੰ ਵੀ ਆਪਣੀ ਜਾਨ ਪਿਆਰੀ ਹੈ, ਉਹ ਇੱਥੋਂ ਬਾਹਰ ਚਲੇ ਜਾਵੇ, ਜਿਸ ਨੇ ਆਪਣੀ ਜਾਨ ਦੀ ਬਾਜੀ ਲਾਉਣੀ ਹੈ, ਉਹ ਖੜ੍ਹਾ ਰਹੇ। ਇਹ ਫੁਰਮਾਨ ਜਾਰੀ ਹੋਣ ’ਤੇ ਕੁੱਝ ਕੁ ਲੋਕ ਬਾਹਰ ਵੱਲ ਚਲੇ ਗਏ, ਪਰ ਬਹੁਤੇ ਉੱਥੇ ਹੀ ਖੜ੍ਹੇ ਕਿਸੇ ਵੀ ਅਣਹੋਣੀ ਨੂੰ ਸਿਰ-ਮੱਥੇ ਝੱਲਣ ਲਈ ਤਿਆਰ ਸਨ। ਥੋੜ੍ਹੀ ਦੇਰ ਬਾਅਦ ਅਸਲ ਹਕੀਕਤ ਸਾਹਮਣੇ ਆ ਗਈ। ਉਹ ਹਕੀਕਤ ਸੀ ਲਾਲ ਕਿਲੇ ਦੇ ਵੱਡੇ ਗੇਟ ਦੇ ਉੱਪਰ ਝੂਲਦੇ ਤਿਰੰਗੇ ਦੇ ਨਾਲ ਪੰਥਕ ਝੰਡੇ ਲਹਿਰਾਏ ਜਾਣ ਦੀ। ਲਾਲ ਕਿਲੇ ਦੇ ਵੱਡੇ ਗੇਟ ਤੋਂ ਜਦੋਂ ਉੱਪਰ ਨੂੰ ਨਿਗਾਹ ਮਾਰੀ ਗਈ ਤਾਂ ਦੇਖਿਆ ਜਾ ਸਕਦਾ ਸੀ ਇੱਕ ਇੱਕ ਕਰਕੇ ਪੰਜ ਨੌਜਵਾਨ ਜਿਹਨਾਂ ਵਿੱਚੋਂ ਤਿੰਨ ਸਿੱਖੀ ਸਰੂਪ ਵਿੱਚ ਸਨ ਅਤੇ ਦੋ ਮੋਨੇ ਸਨ, ਉਹ ਤਿਰੰਗੇ ਝੰਡੇ ਦੇ ਨਾਲ ਹੀ ਪੰਥਕ ਝੰਡੇ ਵੀ ਲਹਿਰਾ ਰਹੇ ਸਨ। ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਅਰਿਆਂ ਨਾਲ ਪੰਡਾਲ ਗੂੰਜ ਉੱਠਿਆ ਸੀ। ਦੇਖਦੇ ਹੀ ਦੇਖਦੇ ਲਾਲ ਕਿਲੇ ਦੇ ਮਿਨਾਰਾਂ ਦੇ ਨਾਲ ਕੁੱਝ ਹੋਰ ਸਿੱਖ ਨੌਜਵਾਨ ਵੀ ਭੰਗੜੇ ਪਾਉਂਦੇ ਵਿਖਾਈ ਦਿੱਤੇ। ਇਹ ਉਹ ਲੋਕ ਸਨ, ਜਿਹਨਾਂ ਨੂੰ ਨੀਮ-ਫੌਜੀ ਬਲਾਂ ਨੇ ਲੋਕਾਂ ਦੇ ਵਧਦੇ ਰੋਹ ਅੱਗੇ ਬੇਵਸ ਹੋ ਕੇ ਆਪਣੇ ਝੰਡੇ ਝੁਲਾਉਣ ਦੀ ਛੋਟ ਦਿੱਤੀ ਸੀ। ਜਦੋਂ ਨੂੰ ਲਾਲ ਕਿਸੇ ਦੇ ਮੁੱਖ ਗੇਟ ’ਤੇ ਪੰਥਕ ਝੰਡੇ ਝੁਲਾਉਣ ਤੋਂ ਬਾਅਦ ਨੌਜੁਆਨ ਹੇਠਾਂ ਉੱਤਰਦੇ, ਓਨੀ ਦੇਰ ਤੱਕ ਲਾਲ ਕਿਲੇ ਦੀ ਫਸੀਲ ਦੀਆਂ ਪੌੜੀਆਂ ’ਤੇ ਬੈਠੇ ਸਿੱਖ ਆਗੂ ਆਪਣੇ ਵਿਚਾਰ ਦੱਸ ਰਹੇ ਸਨ ਕਿ ਹੁਣ ਸ਼ਾਂਤੀ ਬਣਾ ਕੇ ਰੱਖੀ ਜਾਵੇ। ਇਹ ਜਿਹੜੀ ਜਿੱਤ ਹੋਈ ਹੈ, ਇਹ ਕਿਸੇ ਇੱਕ ਦੀ ਨਹੀਂ ਬਲਕਿ ਸਾਰੇ ਹੀ ਲੋਕਾਂ ਦੀ ਜਿੱਤ ਹੈ। ਬਾਅਦ ਵਿੱਚ ਪੰਥਕ ਜਥੇਬੰਦੀਆਂ ਦੇ ਆਗੂ ਲੋਕਾਂ ਦੇ ਘੇਰੇ ਨੂੰ ਸਮੇਟਦੇ ਹੋਏ ਲੋਕਾਂ ਨੂੰ ਬਾਹਰ ਲੈ ਕੇ ਆਏ। ਪਰ ਆਮ ਲੋਕਾਂ ਦੇ ਜਿੰਨੇ ਹਿੱਸੇ ਬੇਪ੍ਰਵਾਹੀ ਨਾਲ ਲਾਲ ਕਿਲੇ ਦੇ ਅੰਦਰ ਦਾਖਲ ਹੋ ਚੁੱਕੇ ਸਨ, ਉਹਨਾਂ ਵਿੱਚੋਂ ਕੁੱਝ ਨਾ ਕੁੱਝ ਦੇ ਲਾਲ ਕਿਲੇ ਵਿੱਚ ਘਿਰ ਜਾਣ ਦੀ ਗੁੰਜਾਇਸ਼ ਪਰਤੱਖ ਪਈ ਸੀ।

ਦਿਨ ਦੇ ਛਿਪਾਅ ਦੇ ਨਾਲ ਟਰੈਕਟਰ ’ਤੇ ਟਰੈਕਟਰ ਚੜ੍ਹੇ ਆ ਰਹੇ ਸਨ, ਦਿੱਲੀ ਦੇ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ। ਲਾਲ ਕਿਲੇ ਦੇ ਸਾਹਮਣੇ ਵਾਲਾ ਮੈਦਾਨ ਕਿਸੇ ਵੱਡੇ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ। ਟਰੈਕਟਰਾਂ ਦੀ ਆਮਦ ਦੇਖ ਕੇ ਇਉਂ ਜਾਪਦਾ ਸੀ ਕਿ ਜਿਵੇਂ ਲੋਕਾਂ ਨੇ ਲਾਲ ਕਿਲੇ ਦੇ ਅੱਗੇ ਵੀ ਉਵੇਂ ਹੀ ਡੇਰੇ ਲਾਉਣ ਦਾ ਮਨ ਬਣਾਇਆ ਹੋਵੇ, ਜਿਵੇਂ ਉਹ ਸਿੰਘੂ ਬਾਰਡਰ ਸਮੇਤ ਹੋਰਨਾਂ ਬਾਰਡਰਾਂ ’ਤੇ ਆਪਣੇ ਡੇਰੇ ਜਮਾਈ ਬੈਠੇ ਸਨ। ਦਿੱਲੀ ਦੇ ਲੋਕਾਂ ਦਾ ਤਾਂਤਾ ਲਗਾਤਾਰ ਜਾਰੀ ਸੀ। ਪਰ ਇਸੇ ਹੀ ਸਮੇਂ ਭਾਰਤੀ ਹਾਕਮਾਂ ਨੇ ਬਹੁਤ ਵੱਡੀ ਪੱਧਰ ’ਤੇ ਫੌਜੀ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਸੀ। ਕੋਈ ਕਹਿ ਰਿਹਾ ਸੀ ਕਿ 17 ਬਟਾਲੀਅਨਾਂ ਬੀ.ਐਸ.ਐਫ. ਦੀਆਂ ਦਿੱਲੀ ਵਿੱਚ ਭੇਜੀਆਂ ਜਾ ਰਹੀਆਂ ਹਨ। ਫੌਜੀ ਬਲ ਲਾਲ ਕਿਲੇ ਦੇ ਹੋਰਨਾਂ ਰਸਤਿਆਂ ਰਾਹੀਂ ਦਾਖਲ ਹੋ ਕੇ ਲਾਲ ਕਿਲੇ ਦੇ ਚਾਂਦਨੀ ਚੌਕ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਸਨ ਅਤੇ ਦਿੱਲੀ ਦੀਆਂ ਸਾਰੀਆਂ ਹੀ ਸੜਕਾਂ ਉੱਤੇ ਫੌਜੀ ਬਲਾਂ ਦੀ ਵਧਦੀ ਨਫਰੀ ਪ੍ਰਤੱਖ ਜ਼ਾਹਰ ਹੋ ਰਹੀ ਸੀ। ਫੌਜੀ ਬਲਾਂ ਨੇ ਆਪਣੀ ਹੋਂਦ ਵਧਾਉਂਦੇ ਹੋਏ ਲਾਲ ਕਿਲੇ ਪਹੁੰਚੇ ਲੋਕਾਂ ਦਾ ਘੇਰਾ ਘਟਾਉਣਾ ਸ਼ੁਰੂ ਕੀਤਾ।

About admin

Check Also

ਭਗਤ ਸਿੰਘ ਦਾ ਆਪਣਾ ਲੇਖ ਜਾਂ ਕਮੀਨੀ ਸਾਜਿਸ਼ ਉਸਦੇ ਨਾਮ ਹੇਠ?

“ਹੁਣ ਤਕ, ਪੰਜਾਬੀ ਕੇਂਦਰੀ ਪੰਜਾਬ ਦੀ ਸਹਿਤਕ ਭਾਸ਼ਾ ਦਾ ਦਰਜਾ ਨਹੀਂ ਲੈ ਸਕੀ। ਇਹ ਗੁਰਮੁਖੀ …

%d bloggers like this: