ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਬਾਦਲ ’ਚ ਲਾਏ ਪੱਕੇ ਕਿਸਾਨ ਮੋਰਚੇ ’ਚ ਕਿਸਾਨ ਬੁਲਾਰਿਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਨੂੰ ਡਰਾਮਾ ਕਰਾਰ ਦਿੰਦਿਆਂ ਅੱਜ ਬਾਦਲ ਪਰਿਵਾਰ ‘ਤੇ ਜੰਮ ਕੇ ਹੱਲੇ ਬੋਲੇ। ਆਗੂਆਂ ਨੇ ਕਿਹਾ ਕਿ 5 ਜੂਨ ਨੂੰ ਜਾਰੀ ਕੀਤੇ ਇਨ੍ਹਾਂ ਖੇਤੀ ਆਰਡੀਨੈਂਸਾਂ ਸੰਬਧੀ ਅੱਜ ਤੱਕ ਹਰਸਿਮਰਤ ਕੌਰ ਮੋਦੀ ਸਰਕਾਰ ਦੇ ਗੁਣ ਗਾਉਂਦੀ ਰਹੀਂ ਹੈ ਜਦੋਂਕਿ ਹੁਣ ਅਚਾਨਕ ਇਹ ਆਰਡੀਨੈਂਸਾਂ ’ਚ ਭੈੜ ਦਿੱਸਣ ਲੱਗੇ ਹਨ ਜੋ ਕਿ ਸਵਾਲ ਖੜੇ ਕਰਨ ਲਈ ਕਾਫੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਬੀਬੀ ਬਾਦਲ ਵੱਲੋਂ ਕਿਸਾਨ ਜਥੇਬੰਦੀਆਂ ਤੇ ਦੋਸ਼ ਲਾਏ ਜਾਂਦੇ ਸਨ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਹੁਣ ਜਦੋਂ ਜਥੇਬੰਦ ਹੋਏ ਕਿਸਾਨਾਂ ਦਾ ਸੇਕ ਉਨ੍ਹਾਂ ਦੇ ਘਰ ਤੱਕ ਪੁੱਜ ਗਿਆ ਤਾਂ ਆਪਣੀ ਚਮੜੀ ਬਚਾਉਣ ਲਈ ਅਸਤੀਫਾ ਦੇਣ ਦੇ ਸਿਰਫ ਡਰਾਮਾ ਕੀਤਾ ਹੈ ਜਦੋਂ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਕਾਲੀ ਦਲ ਦੀ ਹਮਾਇਤ ਜਾਰੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਦੇ ਤਬਾਹ ਹੋਣ ਜਾਂ ਸੰਘਰਸ਼ ਦੀ ਬਜਾਏ ਹਮੇਸ਼ ਕੁਰਸੀ ਨਾਲ ਪਿਆਰ ਰੱਖਿਆ ਹੈ ਜਦੋਂਕਿ ਅਜਿਹੇ ਮੌਕੇ ਪਾਰਟੀ ਦੀ ਥਾਂ ਲੋਕਾਂ ਨਾਲ ਖੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਹੋਂਦ ਨੂੰ ਖਤਰਾ ਬਣਨ ਵਾਲੇ ਆਰਡੀਨੈਂਸਾਂ ਨਾਲ ਕਿਸਾਨਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਕਿਸਾਨ ਜੱਥੇਬੰਦੀ ਨੇ ਸੰਘਰਸ਼ ਨੂੰ 25 ਸਤੰਬਰ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਅਕਾਲੀ ਦਲ ਬਾਦਲ ਕੇਂਦਰ ਵਿਚਲੀ ਐਨਡੀਏ ਸਰਕਾਰ ਵਿੱਚੋਂ ਵੱਖ ਹੋ ਕੇ ਭਾਰਤੀ ਜੰਤਾ ਪਾਰਟੀ ਨਾਲ ਗੱਠਜੋੜ ਤੋਂ ਮੁਕੰਮਲ ਤੌਰ ਤੇ ਨਾਤਾ ਨਹੀਂ ਤੋੜਦੀ ਉਦੋਂ ਤੱਕ ਅਕਾਲੀ ਦਲ ਬਾਦਲ ਖਿਲਾਫ ਸੰਘਰਸ਼ ਜਾਰੀ ਰਹੇਗਾ। ਉੱਧਰ ਕਿਸਾਨ ਮੋਰਚੇ ’ਚ ਦਿਨੋਂ ਦਿਨ ਵਧ ਰਹੀ ਵਡੇਰੀ ਉਮਰ ਦੇ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨੇ ਮੋਰਚੇ ਨੂੰ ਤਾਕਤ ਬਖਸ਼ ਦਿੱਤੀ ਹੈ। ਅੱਜ ਕਿਸਾਨਾਂ ਦੇ ਵੱਡੇ ਇਕੱਠ ਨੇ ਮੋਦੀ ਸਰਕਾਰ ਅਤੇ ਬਾਦਲਾਂ ਖਿਲਾਫ ਨਾਅਰੇਬਾਜੀ ਕੀਤੀ ਅਤੇ ਹਰ ਕਿਸਾਨ ਨੂੰ ਸੰਘਰਸ਼ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।