ਤਿਰੂਵਨੰਤਪੁਰਮ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਯਾਨੀ ਕਿ ਅੱਜ ਕੇਂਦਰ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਮਨਮੋਹਨ ਸਿੰਘ ਨੇ ਕਿਹਾ ਕਿ ਸਾਲ 2016 ਵਿਚ ਭਾਜਪਾ ਅਗਵਾਈ ਵਾਲੀ ਸਰਕਾਰ ਵਲੋਂ ਬਿਨਾਂ ਸੋਚ-ਵਿਚਾਰ ਦੇ ਲਏ ਗਏ ਨੋਟਬੰਦੀ ਦੇ ਫ਼ੈਸਲੇ ਕਾਰਨ ਦੇਸ਼ ’ਚ ਬੇਰੁਜ਼ਗਾਰੀ ਵਧੀ ਹੈ ਅਤੇ ਗੈਰ-ਰਸਮੀ ਖੇਤਰ ਖ਼ਸਤਾਹਾਲ ਹਨ। ਉਨ੍ਹਾਂ ਨੇ ਸੂਬਿਆਂ ਤੋਂ ਨਿਯਮਿਤ ਰੂਪ ਨਾਲ ਸਲਾਹ-ਮਸ਼ਵਰਾ ਨਾ ਕਰਨ ਨੂੰ ਲੈ ਕੇ ਵੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ।
ਦਰਅਸਲ ਮਨਮੋਹਨ ਸਿੰਘ ਆਰਥਿਕ ਵਿਸ਼ਿਆਂ ਦੇ ‘ਥਿੰਕ ਟੈਂਕ’ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਵਲੋਂ ਡਿਜ਼ੀਟਲ ਮਾਧਿਅਮ ਤੋਂ ਆਯੋਜਿਤ ਇਕ ਵਿਕਾਸ ਸੰਮੇਲਨ ਦਾ ਉਦਘਾਟਨ ਕਰਨ ਪੁੱਜੇ ਸਨ।
ਇਸ ਸੰੰਮੇਲਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੱਧਦੇ ਵਿੱਤੀ ਸੰਕਟ ਨੂੰ ਲੁਕਾਉਣ ਲਈ ਭਾਰਤ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਕੀਤੇ ਗਏ ਅਸਥਾਈ ਉਪਾਅ ਦੇ ਚੱਲਦੇ ਕਰਜ਼ ਸੰਕਟ ਨਾਲ ਛੋਟੇ ਅਤੇ ਮੱਧ ਉਦਯੋਗ ਖੇਤਰ ਪ੍ਰਭਾਵਿਤ ਹੋ ਸਕਦੇ ਹਨ।
ਇਸ ਸਥਿਤੀ ਦੀ ਅਸੀਂ ਅਣਦੇਖੀ ਨਹੀਂ ਕਰ ਸਕਦੇ। ਉਨ੍ਹਾਂ ਨੇ ‘ਉਡੀਕ ਕਰੋ 2030’ ’ਚ ਕਿਹਾ ਕਿ ਬੇਰੁਜ਼ਗਾਰੀ ਸਿਖਰਾਂ ’ਤੇ ਹੈ ਅਤੇ ਗੈਰ-ਰਸਮੀ ਖੇਤਰ ਖ਼ਸਤਾਹਾਲ ਹਨ। ਇਹ ਸੰਕਟ 2016 ਵਿਚ ਬਿਨਾਂ ਸੋਚੇ-ਸਮਝੇ ਲਈ ਗਏ ਨੋਟਬੰਦੀ ਦੇ ਫ਼ੈਸਲੇ ਦੇ ਚੱਲਦੇ ਪੈਦਾ ਹੋਇਆ ਹੈ।