ਕਿਸਾਨ ਮੋਰਚੇ ਦੇ ਆਗੂ ਭਗਤ ਸਿੰਘ ਵੱਲ ਪਿੱਠ ਕਰਕੇ ਗਾਂਧੀ ਵੱਲ ਖੜ ਗਏ ਤੇ ਆਪਣੇ ਲੋਕਾਂ ਨੂੰ ਗੱਦਾਰ ਕਹਿਣਾ ਸ਼ੁਰੂ ਕਰ ਦਿੱਤਾ। ਮੋਰਚੇ ਦੇ ਮਸਲੇ ਮੋਰਚੇ ‘ਚ ਹੀ ਨਿਬੇੜੇ ਜਾਣਗੇ। ਸ਼ਹੀਦ ਭਾਈ ਨਵਰੀਤ ਸਿੰਘ ਦੇ ਸ਼ਹੀਦੀ ਸ਼ਮਾਗਮ ਮੌਕੇ ਇਸ ਨੌਜਵਾਨ ਨੇ ਸੁਣਾਈਆਂ ਖਰੀਆਂ ਖਰੀਆਂ।
ਮੁੰਡੇ ਦਾ ਨਾਮ ਰਮਨ ਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਆ, ਸ਼ਰੇਆਮ ਮਾਰਕਸਵਾਦੀ ਆ, ਖੱਬੇ ਪੱਖੀ ਆ, ਅਸਲੀ ਕਾਮਰੇਡ ਆ। ਅਸਲੀ ਤਾਂ ਕਿਹਾ ਕਿਉੁਂਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਮਾਦਾ ਵੀ ਰੱਖਦਾ ਤੇ ਸੋਝੀ ਵੀ।
ਇਹ ਕਹਿਣਾ ਕਿ “ਜਮਹੂਰੀਅਤ ਮੰਗਣੀ ਬਹੁਤ ਸੌਖੀ ਹੈ ਤੇ ਦੇਣੀ ਬਹੁਤ ਔਖੀ” ਉਸਦੀ ਇਸ ਤਕਰੀਰ ਦਾ ਸਿਖਰ ਹੈ।
ਨੌਂ ਮਿੰਟ ਦੀ ਵੀਡੀਓ ਦਿਮਾਗ ਖੋਲ੍ਹ ਦਿੰਦੀ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ। ਇਹ ਗੱਲਾਂ ਵਿਚਾਰਨੀਆਂ ਹੁਣ ਹੀ ਕਿਓਂ ਜ਼ਰੂਰੀ ਹਨ, ਇਸਦਾ ਜਵਾਬ ਵੀ ਦਿੱਤਾ ਹੈ ਰਮਨ ਨੇ।
ਬਾਕੀ ਮੋਰਚੇ ਬਾਰੇ ਵਹਿਮ ਨਾ ਰੱਖਿਓ, ਮੋਰਚੇ ਨੇ ਜਿੱਤ ਹਾਸਲ ਕਰਨੀ ਹੀ ਕਰਨੀ। ਜਿਹੜੇ ਛੱਬੀ ਜਨਵਰੀ ਨੂੰ ਕਹਿ ਰਹੇ ਸੀ ਕਿ ਮੰਡ੍ਹੀਰ ਨੇ ਮੋਰਚਾ ਖਤਮ ਕਰਤਾ, ਉਹ ਅੱਜ ਮਹੀਨੇ ਬਾਅਦ ਜਵਾਬ ਦੇਣ ਕਿ ਮੋਰਚਾ ਖਤਮ ਹੋ ਗਿਆ ਜਾਂ ਹੋਰ ਤਕੜਾ ਹੋ ਗਿਆ? ਮੇਲਾ ਦੇਖਣ ਵਾਲੇ ਜ਼ਰੂਰ ਭੱਜੇ ਹਨ ਪਰ ਜੂਝਣ ਵਾਲੇ ਵਧੇ ਹਨ।
ਇਸ ਮੋਰਚੇ ਨੇ ਦੁਨੀਆ ਬਦਲਣੀ, ਦੁਨੀਆ ਦੇ ਸੋਚਣ ਦਾ ਢੰਗ ਬਦਲ ਦੇਣਾ, ਦੇਖੀ ਚੱਲੋ। ਮੋਰਚੇ ਨੇ ਬਹੁਤ ਜਿੱਤਾਂ ਸਾਡੀ ਝੋਲੀ ਪਾ ਦਿੱਤੀਆਂ ਹਨ ਤੇ ਬਹੁਤ ਕੁਝ ਹਾਸਲ ਕਰ ਦੇਣਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ