ਮੁੰਬਈ, 27 ਫਰਵਰੀ (ਏਜੰਸੀ)- ਈਮੇਲ ਵਿਵਾਦ ਨੂੰ ਲੈ ਕੇ ਕੰਗਨਾ ਰਣੌਤ ਖਿਲਾਫ ਦਰਜ ਕਰਵਾਈ ਸ਼ਿਕਾਇਤ ‘ਚ ਅਦਾਕਾਰ ਰਿਤਿਕ ਰੋਸ਼ਨ ਨੇ ਪੁਲਿਸ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਦੱਖਣੀ ਮੁੰਬਈ ਦੇ ਪੁਲਿਸ ਕਮਿਸ਼ਨਰ ਦਫਤਰ ‘ਚ ਸਵੇਰੇ 11.45 ਵਜੇ ਦੇ ਕਰੀਬ ਪਹੁੰਚੇ ਅਤੇ ਇਥੇ ਉਹ ਕਰੀਬ ਢਾਈ ਘੰਟੇ ਰਹੇ | ਕਮਿਸ਼ਨਰ ਦਫਤਰ ਦੇ ਬਾਹਰ ਮੀਡੀਆ ਕਰਮੀ ਵੀ ਮੌਜੂਦ ਸਨ |
ਬਾਹਰ ਨਿਕਲਣ ਦੇ ਬਾਅਦ ਰਿਤਿਕ ਰੋਸ਼ਨ ਨੇ ਕੁਝ ਨਹੀਂ ਕਿਹਾ ਤੇ ਮੀਡੀਆ ਦੇ ਸਵਾਲਾਂ ‘ਤੇ ਚੁੱਪ ਸਾਧਦੇ ਨਜ਼ਰ ਆਏ | ਸਹਾਇਕ ਪੁਲਿਸ ਇੰਸਪੈਕਟਰ ਦੀ ਅਗਵਾਈ ਵਾਲੀ ਕ੍ਰਾਈਮ ਇੰਟੈਲੀਜੈਂਸ ਯੁਨਿਟ ਅਧਿਕਾਰੀਆਂ ਦੀ ਟੀਮ ਵਲੋਂ ਅਦਾਕਾਰ ਦੇ ਬਿਆਨ ਦਰਜ ਕੀਤੇ ਗਏ | ਫਰਜ਼ੀ ਈਮੇਲ ਮਾਮਲੇ ‘ਚ 2016 ‘ਚ ਦਰਜ ਕਰਵਾਈ ਸ਼ਿਕਾਇਤ ਸਬੰਧੀ ਕ੍ਰਾਈਮ ਇੰਟੈਲੀਜੈਂਸ ਯੁਨਿਟ ਸਾਹਮਣੇ ਬਿਆਨ ਦਰਜ ਕਰਵਾਉਣ ਲਈ ਰਿਤਿਕ ਰੋਸ਼ਨ ਨੂੰ ਸੰਮਨ ਭੇਜੇ ਗਏ ਸਨ |
