Breaking News
Home / ਦੇਸ਼ / ਦਿੱਲੀ ਪੁਲਿਸ ਵੱਲੋਂ ਕਿਸਾਨੀ ਸੰਘਰਸ਼ ‘ਟੂਲਕਿੱਟ’ ਦੇ ਮਾਮਲੇ ਚ ਬੰਗਲੂਰੂ ਤੋਂ ਦਿਸ਼ਾ ਰਵੀ ਗ੍ਰਿਫਤਾਰ

ਦਿੱਲੀ ਪੁਲਿਸ ਵੱਲੋਂ ਕਿਸਾਨੀ ਸੰਘਰਸ਼ ‘ਟੂਲਕਿੱਟ’ ਦੇ ਮਾਮਲੇ ਚ ਬੰਗਲੂਰੂ ਤੋਂ ਦਿਸ਼ਾ ਰਵੀ ਗ੍ਰਿਫਤਾਰ

ਨਵੀਂ ਦਿੱਲੀ/ਬੰਗਲੂਰੂ: ਕਿਸਾਨੀ ਸੰਘਰਸ਼ ਬਾਰੇ ਬਿਜਲ ਸੱਥ (ਸੋਸ਼ਲ ਮੀਡੀਆ) ਤੋਂ ਜਾਣਕਾਰੀ ਹਾਸਿਲ ਕਰਨ ਬਾਰੇ ਇੱਕ ਦਸਤਾਵੇਜ਼ (ਟੂਲਕਿੱਟ) ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਾਈਬਰ ਕਰਾਈਮ ਦਸਤੇ ਨੇ ਬੰਗਲੂਰੂ ਤੋਂ ਵਾਤਾਵਰਣ ਪ੍ਰੇਮੀ ਤੇ ਕਾਰਕੁੰਨ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਸ਼ਨਿੱਚਰਵਾਰ (13 ਫਰਵਰੀ) ਨੂੰ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦਿਸ਼ਾ ਰਵੀ ਵੀ ਟੂਲਕਿੱਟ ਲਿਖਣ ਵਾਲਿਆਂ ਵਿੱਚ ਸ਼ਾਮਿਲ ਹੈ।

ਕੀ ਹੈ ਟੂਲਕਿੱਟ:

ਕਥਿਤ ਟੂਲਕਿੱਟ ਇੱਕ ਸਧਾਰਨ ਦਸਤਾਵੇਜ਼ ਹੈ ਜਿਸ ਵਿੱਚ ਕਿਸਾਨੀ ਸੰਘਰਸ਼ ਨਾਲ ਜੁੜੇ ਮਸਲਿਆਂ ਬਾਰੇ ਜਾਣਕਾਰੀ ਲਿਖੀ ਗਈ ਹੈ।

ਖਬਰਾਂ ਅਨੁਸਾਰ ਇਹ ਦਸਤਾਵੇਜ਼ ਬਿਜਾਲ (ਇੰਟਰਨੈਟ) ਉੱਤੇ ਇੱਕ ਖੁੱਲੇ ਦਸਤਾਵੇਜ਼ ਵੱਜੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਲੋਕਾਂ ਵੱਲੋਂ ਜਾਣਕਾਰੀ ਪਾਈ ਗਈ ਹੈ।

ਇਸ ਦਸਤਾਵੇਜ਼ ਵਿੱਚ ਤਿੰਨ ਵਿਵਾਦਤ ਖੇਤੀ ਕਾਨੂੰਨਾਂ, ਕਿਸਾਨ ਧਿਰਾਂ ਦਾ ਪੱਖ, ਬਿਜਲ ਸੱਥ ਉੱਤੇ ਜਾਣਕਾਰੀ ਦੇ ਭਰੋਸੇਯੋਗ ਸਰੋਤਾਂ, ਕਿਸਾਨੀ ਸੰਘਰਸ਼ ਬਾਰੇ ਨਿਰਪੱਖ ਖਬਰਸਾਜ਼ੀ ਕਰਨ ਵਾਲੇ ਅਦਾਰਿਆਂ ਅਤੇ ਕਿਸਾਨੀ ਸੰਘਰਸ਼ ਵਿਰੁੱਧ ਪੱਖਪਾਤੀ ਖਬਰਸਾਜ਼ੀ ਕਰਨ ਵਾਲੇ ਅਦਾਰਿਆਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਦਸਤਾਵੇਜ਼ ਵਿੱਚ ਦੱਸਿਆ ਗਿਆ ਸੀ ਕਿ ਆਮ ਲੋਕ ਕਿਸਾਨੀ ਸੰਘਰਸ਼ ਨਾਲ ਜੁੜੇ ਮਸਲਿਆਂ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਨ।

‘ਟੂਲਕਿੱਟ’ ਚਰਚਾ ਚ ਕਦੋਂ ਆਈ?

ਭਾਵੇਂ ਕਿ ਇਹ ਦਸਤਾਵੇਜ਼ ਸ਼ੁਰੂ ਤੋਂ ਹੀ ਜਨਤਕ ਸੀ ਪਰ ਇਸ ਦੀ ਚਰਚਾ ਉਸ ਵੇਲੇ ਹੋਈ ਜਦੋਂ ਸੰਸਾਰ ਪ੍ਰਸਿੱਧ ਵਾਤਾਵਰਨ ਪੱਖੀ ਕਾਰਕੁੰਨ ਗ੍ਰੈਟਾ ਥੁਨਬਰਗ ਨੇ ਇਸ ਦਸਤਾਵੇਜ਼ ਦੀ ਤੰਦ ਟਵੀਟ ਕੀਤੀ।

ਪੁਲਿਸ ਦਾ ਕੀ ਕਹਿਣਾ ਹੈ?

ਪੁਲਿਸ ਦਾ ਦੋਸ਼ ਹੈ ਕਿ ਇਹ ਟੂਲਕਿੱਟ ਕਿਸਾਨੀ ਸੰਘਰਸ਼ ਨਾਲ ਜੁੜੀ ‘ਕੌਮਾਂਤਰੀ ਸਾਜਿਸ਼’ ਦਾ ਸਬੂਤ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਟੂਲਕਿੱਟ ਲਿਖਣ ਵਾਲਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਟੂਲਕਿੱਟ ਲਿਖਣ ਵਾਲਿਆਂ ਬਾਰੇ ਜਾਣਕਾਰੀ ਗੂਗਲ ਕੋਲੋਂ ਹਾਸਿਲ ਕੀਤੀ ਹੈ ਕਿਉਂਕਿ ਟੂਲਕਿੱਟ ਲਿਖਣ ਲਈ ਗੂਗਲ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਗਈ ਸੀ।

ਕਿਹਨਾਂ ਧਾਰਾਵਾਂ ਤਹਿਤ ਮਾਮਲਾ ਦਰਜ਼ ਹੋਇਆ ਹੈ?

ਦਿੱਲੀ ਪੁਲਿਸ ਦੇ ਸਾਈਬਰ ਕਰਾਈਮ ਦਸਤੇ ਨੇ ‘ਇੰਡੀਅਨ ਪੀਨਲ ਕੋਡ’ (ਇੰਡੀਅਨ ਸਜ਼ਾਵਲੀ) ਦੀ ਧਾਰਾ 124-ਏ (ਸਡੀਸ਼ਨ/ਦੇਸ਼-ਧਰੋਹ), 153-ਬੀ (ਵੱਖ-ਵੱਖ ਗੁੱਟਾਂ ਵਿੱਚ ਨਫਰਤ ਫੈਲਾਉਣ) ਅਤੇ 120-ਬੀ (ਸਾਜਿਸ਼) ਤਹਿਤ ਮਾਮਲਾ ਦਰਜ਼ ਕੀਤਾ ਹੈ।

ਪਹਿਲੀ ਗ੍ਰਿਫਤਾਰੀ:

ਦਿਸ਼ਾ ਰਵੀ ਦੀ ਗ੍ਰਿਫਤਾਰੀ ‘ਟੂਲਕਿੱਟ’ ਮਾਮਲੇ ਵਿੱਚ ਹੋਣ ਵਾਲੀ ਪਹਿਲੀ ਗ੍ਰਿਫਤਾਰੀ ਹੈ।

ਸਰਕਾਰ ਖੌਫ ਫੈਲਾਉਣਾ ਚਾਹੁੰਦੀ ਹੈ:

ਕਿਸਾਨੀ ਸੰਘਰਸ਼ ਨਾਲ ਜੁੜੀਆਂ ਹਸਤੀਆਂ ਦਾ ਕਹਿਣਾ ਹੈ ਕਿ ਸਰਕਾਰ ਅਜਿਹੀਆਂ ਗ੍ਰਿਫਤਾਰੀਆਂ ਕਰਕੇ ਸੰਘਰਸ਼ ਕਰ ਰਹੀਆਂ ਧਿਰਾਂ ਅਤੇ ਇਸ ਸੰਘਰਸ਼ ਦੇ ਹਿਮਾਇਤੀਆਂ ਨੂੰ ਖੌਫਜ਼ਦਾ ਕਰਨਾ ਚਾਹੁੰਦੀ ਹੈ।

ਦੱਸ ਦੇਈਏ ਕਿ ਮੋਦੀ ਸਰਕਾਰ ਅਤੇ ਬਿੱਪਰਵਾਦੀ ਤਾਕਤਾਂ ਨੂੰ ਕਿਸਾਨੀ ਸੰਘਰਸ਼ ਦੌਰਾਨ ਜਮੀਨੀ ਪੱਧਰ ਦੇ ਨਾਲ-ਨਾਲ ਬਿਜਾਲੀ-ਜਗਤ ਤੇ ਬਿਜਲ-ਸੱਥ (ਇੰਟਰਨੈਟ ਅਤੇ ਸੋਸ਼ਲ ਮੀਡੀਆ) ਉੱਤੇ ਵੀ ਵੱਡੀ ਚਣੌਤੀ ਮਿਲੀ ਹੈ। ਪਹਿਲੀ ਵਾਰ ਸਰਕਾਰ ਇਸ ਪੱਖ ਤੋਂ ਹੜਬੜਾਹਟ ਵਿੱਚ ਆਈ ਹੈ। ਹੁਣ ਸਰਕਾਰ ਵੱਲੋਂ ਇਹਨਾਂ ਗ੍ਰਿਫਤਾਰੀਆਂ ਰਾਹੀਂ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

About admin

Check Also

ਇਹ ਦੇਖੋ ਗੋਦੀ ਮੀਡੀਆ ਦਾ ਹਾਲ

ਦਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸੈਫ ਅਲੀ ਖ਼ਾਨ ਦੀ ਅਦਾਕਾਰੀ ਵਾਲੀ ‘ਤਾਂਡਵ’ ਵੈੱਬ …

%d bloggers like this: